ਚੰਡੀਗੜ੍ਹ – ਪੰਜਾਬ ਦੇ ਸਾਬਕਾ ਮੁੱਖਮੰਤਰੀ ਅਤੇ ਲੋਕਸਭਾ ਵਿੱਚ ਕਾਂਗਰਸ ਦੇ ਉਪਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਵੱਲੋਂ ਟੀਚਰਜ਼ ਡੇ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦੇ ਫੈਂਸਲੇ ਦਾ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਨੇ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਨਕਲ ਕਰਨ ਦਾ ਆਰੋਪ ਲਗਾਇਆ ਹੈ।
ਮਹਾਰਾਜਾ ਅਮਰਿੰਦਰ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ, ‘ਅਧਿਆਪਿਕ ਦਿਵਸ ਤੇ ਮੋਦੀ ਅਧਿਆਪਿਕਾਂ ਨੂੰ ਨਹੀਂ ਬਲਿਕ ਸਕੂਲੀ ਬੱਚਿਆਂ ਨੂੰ ਸੰਬੋਧਨ ਕਰਨਗੇ, ਇਹ ਖਬਰ ਸੱਚਮੁੱਚ ਹੈਰਾਨ ਕਰਨ ਵਾਲੀ ਹੈ।
ਕੈਪਟਨ ਨੇ ਕਿਹਾ, ‘ਅਮਰੀਕੀ ਰਾਸ਼ਟਰਪਤੀ ਨੇ 8 ਸਿਤੰਬਰ 2009 ਨੂੰ ਆਪਣੇ ਦੇਸ਼ ਦੇ ਸਕੂਲਾਂ ਦੇ ਬੱਚਿਆਂ ਨੂੰ ਸੰਬੋਧਨ ਕੀਤਾ ਸੀ ਅਤੇ ਹੁਣ ਮੋਦੀ ਵੀ ਇਸੇ ਰਸਤੇ ਤੇ ਚੱਲ ਪਏ ਹਨ। ਉਹ ਉਤਾਵਲੇਪਣ ਵਿੱਚ ਓਬਾਮਾ ਦੀ ਹੀ ਨਕਲ ਕਰ ਰਹੇ ਹਨ।’ ਉਨ੍ਹਾਂ ਨੇ ਕਿਹਾ ਕਿ ਅਗਰ ਜੇ ਅਜਿਹਾ ਨਾਂ ਹੁੰਦਾ ਤਾਂ ਟੀਚਰਜ਼ ਡੇ ਤੇ ਉਹਨਾਂ ਨੂੰ ਟੀਚਰਜ਼ ਨੂੰ ਹੀ ਸੰਬੋਧਨ ਕਰਨਾ ਚਾਹੀਦਾ ਸੀ। ਵਿਦਿਆਰਥੀਆਂ ਲਈ ਉਹ ਕੋਈ ਹੋਰ ਮੌਕਾ ਚੁਣ ਸਕਦੇ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਲੋਕਤਾਂਤਰਿਕ ਪ੍ਰਣਾਲੀ ਹੋਣ ਦੇ ਬਾਵਜੂਦ ਉਹ ਅਮਰੀਕੀ ਸਿਸਟਮ ਨੂੰ ਜਨਮ ਦੇਣ ਦਾ ਯਤਨ ਕਰ ਰਹੇ ਹਨ। ਪੀਐਮ ਮੋਦੀ ਦਾ ਗ੍ਰਹਿ ਵਿਭਾਗ, ਵਿਦੇਸ਼ ਵਿਭਾਗ ਅਤੇ ਹੋਰ ਸਾਰੇ ਵਿਭਾਗਾਂ ਦੇ ਫੈਂਸਲਿਆਂ ਵਿੱਚ ਦਖਲ ਹੈ। ਅਜਿਹਾ ਕਰਕੇ ਉਹ ਦੇਸ਼ ਵਿੱਚ ਪ੍ਰਧਾਨਮੰਤਰੀ ਸ਼ਾਸਨ ਦੀ ਬਜਾਏ ਰਾਸ਼ਟਰਪਤੀ ਸ਼ਾਸਨ ਦੀ ਪ੍ਰਣਾਲੀ ਨੂੰ ਅੱਗੇ ਵਧਾ ਰਹੇ ਹਨ।