ਧੰਦਾ ਬਣਾ ਗਿਆ ਬੰਦਾ

ਮੇਰਾ ਦੋਸਤ ਮੇਰੇ ਨਾਲ ਮੁਲਾਕਾਤ ਕਾਹਦੀ ਕਰਕੇ ਗਿਆ, ਮੇਰਾ ਰਹਿੰਦਾ-ਖੂੰਹਦਾ ਚੈਨ ਵੀ ਨਾਲ ਹੀ ਲੈ ਗਿਆ। ਇਸ ਕੈਦ ਵਿਚ ਇੰਨਾ ਦੁੱਖ ਕਦੀ ਵੀ ਨਹੀ ਸੀ ਮਹਿਸੂਸ ਕੀਤਾ ਜਿੰਨਾ ਅੱਜ ਕਰ ਰਿਹਾ ਹਾਂ।ਅੱਜ ਮੈਂ ਖਾਣ ਲਈ ਵੀ ਨਹੀ ਗਿਆ। ਮੇਰੇ ਨਾਲਦੇ ਗੋਰੇ ਨੇ ਮੇਰਾ ਮੂੰਹ ਦੇਖ ਕੇ ਪੁੱਛਿਆ , “ ਜੂ ਲੁਕ ਸੋ ਸੈਡ।”
“ ਨੋ ਨੋ, ਆਈ ਐਮ ਫਾਈਨ।” ਮੈਂ ਝੂਠ ਹੀ ਕਹਿ ਦਿੱਤਾ, “ ਆਈ ਫੀਲ ਸਿਕ।”
“ ਜੂ ਸ਼ੁਡ ਟੇਕ  ਰੈਸਟ।” ਇਹ ਕਹਿ ਕੇ ਉਹ ਚਲਿਆ ਗਿਆ।
ਜਿਹੜੀ ਸਮਝ ਮੈਨੂੰ ਬਹੁਤ ਚਿਰ ਪਹਿਲਾਂ ਆਉਣੀ ਚਾਹੀਦੀ ਸੀ। ਉਹ ਹੁਣ ਜੇਹਲ ਵਿਚ ਕਿਉਂ  ਆ ਰਹੀ ਏ ਇਹ ਸੋਚਦਾ ਮੈਂ ਉੱਥੇ ਜਾ ਪਹੁੰਚਾ ਜਿੱਥੇ ਇਹ ਧੰਦਾ ਸ਼ੁਰੂ ਹੋਇਆ ਸੀ। ਚੜ੍ਹਦੀ ਜਵਾਨੀ ਦੀ ਬਹੁਤੀ ਵਾਰੀ ਇਹੀ ਹੀ ਕੋਸ਼ਿਸ਼ ਹੁੰਦੀ ਆ ਕਿ ਹਰ ਕੋਈ ਉਸ ਵੱਲ ਖਿਚਿਆ ਜਾਵੇ।ਪੜ੍ਹਦਿਆਂ ਦੌਰਾਨ ਹੀ ਇਕ ਦੋਸਤ ਮਿਲ ਪਿਆ ।ਉਸ ਦੇ ਕੋਲ ਬਹੁਤ ਹੀ ਮਹਿੰਗੀ ਕਾਰ ਦੇਖ ਮੈਂ ਪੁੱਛਿਆ, “ ਇੰਨੀ ਮਹਿੰਗੀ ਗੱਡੀ ਲਈ ਫਿਰਦਾ ਏ, ਲਾਟਰੀ ਨਿਕਲੀ ਏ।”
“ ਸਾਡੇ ਨਾਲ ਪੱਕੀ ਯਾਰੀ ਪਾ ਲਾ, ਲਾਟਰੀ ਤੇਰੀ ਵੀ ਨਿਕਲ ਆਵੇਗੀ।”
“ ਮੇਰੀ ਯਾਰੀ ਵਿਚ ਕੋਈ ਕਸਰ ਆ।” ਮੈ ਉਸ ਦੀ ਨਵੀ ਮਹਿੰਗੀ ਕਾਰ ਵਿਚ ਉਸ ਦੇ ਨਾਲ ਬੈਠਦੇ ਕਿਹਾ, “ ਗੱਲ ਚੰਗੀ ਤਰਾਂ ਸਮਝਾ।”
ਉਸ ਨੇ ਗੱਲ ਸਮਝਾ ਦਿੱਤੀ ਅਤੇ ਮੈਂ ਉਸ ਦੀ ਹਾਂ ਵਿਚ ਹਾਂ ਮਿਲਾ ਦਿੱਤੀ।ਪੜ੍ਹਾਈ ਨੂੰ ਗੋਲੀ ਮਾਰ ਉਸ ਦੋਸਤ ਨਾਲ ਕੰਮ ਕਰਨ ਲੱਗ ਪਿਆ।
ਪਹਿਲੇ ਦਿਨ ਘਰ ਪੈਸੇ ਲੈ ਕੇ ਆਇਆ ਤਾਂ ਮਾਂ ਖੁਸ਼ ਹੁੰਦੀ ਬੋਲੀ, “ ਪੁੱਤ, ਇਹ ਮਹੀਨੇ ਦੀ ਤਨਖਾਹ ਹੈ।”
“ ਮਾਤਾ, ਸਿਰਫ ਪੰਦਰਾਂ ਦਿਨਾਂ ਦੀ।”
“ ਸੱਚੀ।” ਮਾਂ ਪੈਸੇ ਗਿਣਦੀ ਬੋਲੀ, “ ਤੂੰ ਕੰਮ ਕੀ ਕਰਦਾ ਏ।”
ਮੇਰੇ ਤੋਂ ਪਹਿਲਾਂ ਹੀ ਮੇਰੀ ਗਰਾਂਡ ਮਾਂ ਬੋਲ ਪਈ, “ ਕੋਈ ਗੱਲਤ ਕੰਮ ਹੀ ਕਰਦਾ ਲੱਗਦਾ ਏ।”
“ ਮੁਰਦਾ ਬੋਲੇ ਕਫਨ ਪਾੜੇ।” ਮਾਂ ਨੇ ਹੌਲੀ ਅਜਿਹੀ ਕਿਹਾ, “ ਕਦੀ ਚੱਜਦਾ ਵੀ ਸੋਚ ਲਿਆ ਕਰ।”
“ ਬਹੂ ਉਹਦਾ ਮੂੰਹ ਦੱਸਦਾ ਹੈ ਕਿ ਇਹ ਪੈਸੇ ਨੇਕ ਕਮਾਈ ਦੇ ਨਹੀ।”
“ ਸਾਰੀ ਉਮਰ ਤੂੰ ਆਪਣੇ ਪੁੱਤਰ ਨੂੰ ਹੱਕ ਦੀ ਖਾਣ ਲਈ ਉਪਦੇਸ਼ ਦਿੰਦੀ ਰਹੀ।” ਮਾਂ ਦੀ ਅਵਾਜ਼ ਉੱਚੀ ਹੋ ਗਈ, “ ਹੱਕ ਦੀ ਕਮਾਈ ਵਿਚ ਤੁਸੀ ਕੀ ਕਰ ਲਿਆ, ਜਦ ਦੀ ਤੁਹਾਡੇ ਆਈ ਕਦੀ ਰੱਜ ਕੇ ਪਾਇਆ ਨਹੀ ਕਦੀ ਰੱਜ ਕੇ ਹੰਢਾਇਆ ਨਹੀ।”
“ ਭੁੱਖੀ ਵੀ ਨਹੀ ਮਰੀ।” ਦਾਦੀ ਵੀ ਗੁੱਸੇ ਵਿਚ ਬੋਲਣ ਲੱਗੀ, “ ਤੇਰੇ ਵਰਗੀ ਨੂੰ ਕਦੇ ਵੀ ਸਬਰ ਨਹੀ ਆ ਸਕਦਾ,ਚਾਹੇ ਨੋਟਾ ਦੇ ਥੱਦੇ ਹੋਣ।” ਹੋਇਆ ਵੀ ਇਸ ਤਰਾਂ ਜਦੋਂ ਦੋ ਨੰਬਰ ਦੀ ਕਮਾਈ ਤੋਂ ਮੀਂਹ ਵਾਂਗ ਪੈਸੇ ਆਉਣੇ ਸ਼ੁਰੂ ਹੋ ਗਏ, ਮਾਂ ਨੂੰ ਫਿਰ ਵੀ ਸਬਰ ਨਾ ਹੋਇਆ,ਉਹ ਗਹਿਣੇ ਸੂਟ ਬਣਾਉਂਦੀ ਕਦੇ ਨਾ ਥੱਕੀ।ਉਹ ਮੈਨੂੰ ਹੋਰ ਪੈਸੇ ਬਣਾਉਣ ਨੂੰ ਕਹਿੰਦੀ ਰਹੀ।ਉਸ ਨੂੰ ਇਸ ਗੱਲ ਨਾਲ ਕੋਈ ਮਤਲਵ ਨਹੀ ਸੀ ਕਿ ਪੈਸੇ ਕਿਥੋਂ ਆ ਰਹੇ ਨੇ? ਘਰ ਦੇ ਨਾਲ ਨਵੀਆਂ ਕਾਰਾਂ ਵੀ ਖ੍ਰੀਦ ਲਈਆਂ। ਪਰ ਮੇਰੀ ਦਾਦੀ ਕਦੀ ਖੁਸ਼ ਨਾ ਹੋਈ, ਜਦੋਂ ਮੈ ਮਾਂ ਦੇ ਅੱਗੇ ਪੈਸੇ ਲਿਆ ਕੇ ਸੁੱਟਦਾ ਤਾਂ ਦਾਦੀ ਹਾਉਕਾ ਭਰ ਕੇ ਕਹਿੰਦੀ, “ ਪਤਾ ਨਹੀ ਇਸ ਪ੍ਰੀਵਾਰ ਦਾ ਕੀ ਬਣੇਗਾ?” ਮੇਰੇ ਤੋਂ ਛੋਟਾ ਭਰਾ ਖੁਲ੍ਹਾ ਪੈਸਾ ਦੇਖ ਕੇ ਮੇਰੇ ਤੋਂ ਵੀ ਜ਼ਿਆਦਾ ਵਿਗੜ ਗਿਆ।ਪੜ੍ਹਾਈ ਉਹਦੀ ਵੀ ਗਈ। ਪਿਉ ਵੀ ਸ਼ਰਾਬੀ ਬਣ ਗਿਆ ਅਤੇ ਮਾਂ ਨਾਲ ਉਸ ਦੀ ਲੜਾਈ ਹਮੇਸ਼ਾ ਹੀ ਚਲਦੀ।ਮਾਂ ਮੇਰੇ ਪੈਸੇ ਨਾਲ ਉਸ ‘ਤੇ ਰੋਹਬ ਪਾਉਂਦੀ ਅਤੇ ਉਸ ਨੂੰ ਆਪਣੀ ਜੁੱਤੀ ਥੱਲੇ ਰੱਖਣ ਦੀ ਕੋਸ਼ਿਸ਼ ਕਰਦੀ।ਭੈਣ ਨੇ ਵੀ ਉਹ ਸਹੇਲੀਆ ਬਣਾ ਲਈਆਂ ਜੋ ਆਪਣੇ- ਆਪ ਨੂੰ ਉੱਚੀ ਸੁਸਾਇਟੀ ਦੀਆਂ ਕਹਾਉਂਦੀਆਂ।ਪਹਿਲੀ ਵਾਰੀ ਜਦੋਂ

ਉਹ ਬਾਹਰੋਂ ਪੀ ਕੇ ਆਈ, ਮੇਰੀ ਦਾਦੀ ਨੂੰ ਗਸ਼ੀ ਪੈ ਗਈ। ਪਰ ਦਾਦੀ ਦੀ ਕੌਣ ਪਰਵਾਹ ਕਰਦਾ ਸੀ।ਮੇਰੇ ਪਿਉ ਨੇ ਹੀ ਉਸ ਦੇ ਮੂੰਹ ਉੱਪਰ ਪਾਣੀ ਦੇ ਛਿੱਟੇ-ਛੁੱਟੇ ਮਾਰ ਕੇ ਠੀਕ ਕੀਤਾ।ਜਦੋਂ ਕਦੀ ਮੈਂ ਆਪਣੇ ਪੈਸੇ ਦਾ ਹਿਸਾਬ ਮੰਗਣਾ ਤਾਂ ਘਰ ਵਿਚ ਫਿਰ ਲੜਾਈ ਸ਼ੁਰੂ ਹੋ ਜਾਣੀ।ਹਿਸਾਬ ਦਾ ਤਾਂ ਮੈਨੂੰ ਵੀ ਕੋਈ ਫਿਕਰ ਨਹੀ ਸੀ, ਬਸ ਐਵੇ ਆਪਣੀ ਆਕੜ ਝਾੜਨੀ। ਅਸੀ ਲੜੀ ਜਾਣਾ ਤਾਂ ਦਾਦੀ ਜਿਸ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ, ਮੰਜ਼ੇ ‘ਤੇ ਬੈਠੀ ਨੇ ਬੋਲੀ ਜਾਣਾ, “ ਘਰ ਕਲਾ-ਕਲੰਧਰ ਵਸੇ, ਘੜੋਂ ਪਾਣੀ ਨੱਸੇ।” ਪੈਸਾ ਦੇਖ ਕਈ ਕੁੜੀਆਂ ਮੇਰੇ ਆਸੇ- ਪਾਸੇ ਮੰਡਰਾਉਣ ਲੱਗੀਆਂ। ਉਹਨਾਂ ਵਿਚੋਂ ਇਕ ਨੂੰ ਮੈਂ ਚੁਣ ਲਿਆ। ਪਹਿਲੀ ਹੀ ਮੁਲਾਕਾਤ ਵਿਚ ਮੈਂ ਉਸ ਨੂੰ ਦੱਸਿਆ, “ ਤੈਨੂੰ ਪਤਾ ਹੈ ਮੈਂ ਕੀ ਕੰਮ ਕਰਦਾ ਹਾਂ?” “ ਪਤਾ ਹੈ।” ਗੱਲ ਸਪੱਸ਼ਟ ਕਰਨ ਲਈ ਮੈਂ ਫਿਰ ਕਿਹਾ, “ ਮੈਂ ਡਰੱਗ ਦਾ ਧੰਦਾਂ ਕਰਦਾ ਹਾਂ।” “ ਮੈਨੂੰ ਸਭ ਪਤਾ ਹੈ।” ਉਸ ਨੇ ਬੇਬਾਕ ਹੋ ਕੇ ਕਿਹਾ, “ ਇਸ ਕਰਕੇ ਹੀ ਤਾਂ ਮੈਂ ਤੇਰੇ ਨਾਲ ਪਿਆਰ ਕੀਤਾ।”
“ ਇਹਦਾ ਮਤਲਵ ਇਹ ਹੋਇਆ ਕਿ ਤੂੰ ਮੇਰੇ ਧੰਦੇ ਨੂੰ ਪਿਆਰ ਕੀਤਾ, ਮੈਨੂੰ ਨਹੀ।”
“ ਧੰਦੇ ਨਾਲੋ ਤੂੰ ਕਿਤੇ ਵੱਖਰਾ ਏ, ਨਾਲੇ ਹੁਣ ਤਾਂ ਇਹ ਧੰਦਾ ਆਮ ਚਲਦਾ ਹੈ।”
“ ਇਸ ਧੰਦੇ ਵਿਚ ਜਾਨ ਨੂੰ ਵੀ ਖਤਰਾ ਹੁੰਦਾ ਏ।”
“ ਜਾਨ ਨੂੰ ਖਤਰਾ ਕਿਸ ਧੰਦੇ ਵਿਚ ਨਹੀ ਹੁੰਦਾ।”
ਉਸ ਦੇ ਇਸ ਸਵਾਲ ਦਾ ਮੇਰੇ ਕੋਲ ਕੋਈ ਜ਼ਵਾਬ ਨਾ ਹੋਣ ਕਾਰਨ ਮੈਂ ਉਸ ਨੂੰ ਸਮਝਦਾਰ ਕੁੜੀ ਸਮਝ ਲਿਆ।
ਜਿਉਂ ਜਿਉਂ ਮੇਰਾ ਕਾਰੋਬਾਰ ਵਧੀ ਗਿਆ।ਦਾਦੀ ਦੀ ਸਿਹਤ ਵਿਚ ਸੁਧਾਰ ਆਉਣਾ ਘਟੀ ਗਿਆ।ਜਿਸ ਦਿਨ ਮੈਂ ਆਪਣੀ ਹਮਰ ਗੱਡੀ ਲੈ ਕੇ ਘਰ ਆਇਆ, ਉਹ ਚੱਲ ਵਸੀ।ਦਾਦੀ ਦੇ ਤੁਰ ਜਾਣ ਉੱਪਰ ਹੋਰ ਵੀ ਖੁਲ੍ਹ ਹੋ ਗਈ। ਘਰ ਵਿਚੋਂ ਕਥਾ-ਕੀਰਤਨ ਦਾ ਨਾਮੋ –ਨਿਸ਼ਾਨ ਮਿਟ ਗਿਆ। ਜੋ ਦਾਦੀ ਹੀ ਜ਼ਿਆਦਾ ਸੁਣਦੀ ਸੀ।ਪਾਰਟੀਆਂ ਜ਼ਿਆਦਾ ਹੋਣ ਲੱਗੀਆਂ।ਮੇਰੇ ਵਿਆਹ ਦੀ ਪਾਰਟੀ ਨਵੇ ਬਣੇ ਹਾਲ ਵਿਚ ਹੋਈ।ਰਾਜਨੀਤਕ ਨਾਮਵਰ ਹਸਤੀਆਂ ਵੀ ਪਹੁੰਚੀਆਂ। ਉਹਨਾਂ ਨੂੰ ਦੇਖ ਕੇ ਮੈਂ ਆਪਣੇ ਸਹਿਕਰਮੀ ਜੋਹਲ ਨੂੰ ਕਿਹਾ, “ ਮੇਰੇ ਧੰਦੇ ਬਾਰੇ ਜਾਣਦੇ ਹੋਏ ਵੀ ਇਹ ਸਭ ਆ ਗਏ।” “ਇਹਨਾਂ ਲੋਕਾਂ ਨੂੰ ਵੋਟ ਅਤੇ ਨੋਟ ਚਾਹੀਦੇ ਹੁੰਦੇ ਆ।” ਜੋਹਲ ਨੇ ਬੀਅਰ ਦਾ ਕੈਨ ਮੂੰਹ ਨੂੰ ਲਾਉਂਦੇ ਕਿਹਾ, “ ਧੰਦਿਆਂ ਨਾਲ ਕੋਈ ਮਤਲਵ ਨਹੀ ਹੁੰਦਾ।”
ਉਸ ਦਿਨ ਹੀ ਪਾਰਟੀ ਤੋਂ ਵਾਪਸ ਜਾਂਦੇ ਜੋਹਲ ਨੂੰ ਪਾਰਕਿੰਗਲਾਟ ਵਿਚ ਗੋਲੀ ਵੱਜੀ ਅਤੇ ਉਹ ਚੱਲ ਵਸਿਆ।ਛੇਤੀ ਹੀ ਮੇਰੇ ਬੰਦਿਆਂ ਨੇ ਜੋਹਲ ਦੇ ਕਾਤਲਾ ਨੂੰ ਮਾਰ ਕੇ ਬਦਲਾ ਲੈ ਲਿਆ। ਮਾਰ-ਮਕਾਉਣ ਦੀ ਲੜਾਈ ਵੱਧ ਦੀ ਗਈ ਅਤੇ ਕਿੰਨੇ ਹੀ ਮੁੰਡੇ ਇਸ ਦੀ ਭੇਟ ਚੜ੍ਹਦੇ ਗਏ।
ਮੇਰੀ ਪਤਨੀ ਅਤੇ ਮਾਂ ਵਿਚ ਵੀ ਲੜਾਈ ਵੱਧ ਗਈ। ਦੋਨੋ ਹੀ ਪੈਸੇ ਦਾ ਕੰਟਰੋਲ ਆਪਣੇ ਹੱਥਾਂ ਵਿਚ ਰੱਖਣਾ ਚਾਹੁੰਦੀਆਂ।ਮੇਰੀ ਜ਼ਿੰਦਗੀ ਵਿਚੋਂ ਸ਼ਾਂਤੀ ਨਾਮ ਚੀਜ਼ ਉੱਡ ਚੁੱਕੀ ਸੀ। ਬਾਹਰ ਦੁਸ਼ਮਨਾ ਦਾ ਡਰ ਅਤੇ ਘਰ ਲੜਾਈ ਦਾ।ਜਿਸ ਦਿਨ ਮੇਰੀ ਭੈਣ ਸ਼ਰਾਬ ਪੀ ਕੇ ਗੱਡੀ ਚਲਾਉਂਦੀ ਫੜ੍ਹੀ ਗਈ, ਉਸ ਦਿਨ ਮਹਿਸੂਸ ਹੋਇਆ ਜਿਵੇ ਸਾਰੀ ਕਮਊਨੀਟੀ ਦੀਆਂ ਉਂਗਲਾ ਸਾਡੇ ਘਰ ਵੱਲ ਨੇ।ਮਾਂ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹ ਬੋਲੀ, “ਪੁੱਤ,ਲੋਕੀ ਸਾਡੇ ਪੈਸੇ ਨਾਲ ਜੈਲਸ ਹੁੰਦੇ ਆ।ਫਿਰ ਵੀ ਮੈਨੂੰ ਚੈਨ ਨਾ ਆਇਆ ਤਾਂ ਪਤਨੀ ਨਾਲ ਗੱਲ ਕੀਤੀ ਤਾਂ ਉਸ ਨੇ ਜ਼ਵਾਬ ਦਿੱਤਾ,
“ ਡੋਂਟ ਵਰੀ ਹਨੀ, ਔਲ ਪੰਜਾਬੀ ਗਰਲਜ਼ ਡਿੰਰਕ”
“ ਸਾਰੀਆਂ ਨਹੀ ਪੀਂਦੀਆਂ।”
“ ਜ਼ਿਆਦਾ ਪੀਂਦੀਆਂ ਨੇ”
“ ਜਿਹੜੀਆਂ ਪੀਂਦੀਆਂ ਵੀ ਆ,  ਲੋਕਾਂ ਨੂੰ ਪਤਾ ਨਹੀ ਲੱਗਣ ਦੇਂਦੀਆਂ, “ ਮੈਂ ਥੋੜ੍ਹਾ ਗੁੱਸੇ ਵਿਚ ਬੋਲਿਆ, “ਚੋਰੀ ਪੀਦੀਆਂ ਨੇ”
“ ਲੋਕਾਂ ਬਾਰੇ ਕਦੋਂ ਦਾ ਸੋਚਣ ਲੱਗ ਪਿਆ।” ਹੱਸਦੀ ਹੋਈ ਪਤਨੀ ਬੋਲੀ, “ ਡੂ ਜ਼ੂਅਰ ਵਰਕ ਵਿਦ  ਹੋਂਨੈਸਟੀ।
“ਹੋਨੈਸਟੀ” ਇਹ ਕਹਿ ਕੇ ਮੈਂ ਉੱਚੀ ਉੱਚੀ ਹੱਸਿਆ।ੳਦੋਂ ਹੀ ਮੇਰੇ ਡੈਡੀ ਦਾ ਫੋਨ ਇੰਡੀਆਂ ਤੋਂ ਆ ਗਿਆ, “ ਜੋਨੀ, ਹੋਰ ਪੈਸੇ ਭੇਜ ਕੋਠੀ ਦਾ ਕੰਮ ਰੁਕਿਆ ਪਿਆ ਆ”।

ਮੈਂ ਘਰ ਦੇ ਕਿਸੇ ਜੀਅ ਨੂੰ ਪੈਸੇ ਵਲੋਂ ਤਾਂ ਕਦੇ  ਤੋਟ ਆਉਣ ਹੀ ਨਹੀ ਸੀ ਦਿੱਤੀ।ਕੋਠੀ ਬਣਾ ਕੇ ਡੈਡੀ ਉੱਥੇ ਹੀ ਰਹਿਣ ਲੱਗ ਪਿਆ। ਉਸ ਉੱਥੇ ਉਹ ਖਰਮਸਤੀਆਂ ਕੀਤੀਆਂ ਜੋ ਜ਼ਵਾਨੀ ਵੇਲੇ ਕੋਈ ਵੈਲੀ ਵੀ ਨਹੀ ਕਰਦਾ।ਪਰ ਉਸ ਦਿਨ ਤਾਂ ਸਾਰੇ ਪਰਵਾਰ ਦੀਆਂ ਹੀ ਖਰਮਸਤੀਆਂ ਡੁੱਬ ਗਈਆਂ। ਜਿਸ ਦਿਨ ਮੈਨੂੰ ਮਾਰਨ ਆਏ ਮੇਰੇ ਦੁਸ਼ਮਣ ਮੇਰੇ ਭਰਾ ਨੂੰ ਮਾਰ ਗਏ।ਮੈਂ ਉਹਨਾਂ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕਰ ਹੀ ਰਿਹਾ ਸੀ ਕਿ ਡਰੱਗ ਦੀ ਇਕ ਵੱਡੀ ਡੀਲ ਚੀਨੇ ਨਾਲ ਹੋਈ। ਡਰੱਗ ਬੋਟ ਰਾਹੀ ਅਮਰੀਕਾ ਤੋਂ ਲੰਘਉਣਾ ਸੀ।ਸਾਰਾ ਕੰਮ ਬਹੁਤ ਹੁਸ਼ਿਆਰੀ ਨਾਲ ਕੀਤਾ ਗਿਆ।ਕੈਨੇਡਾ ਵਾਲੇ ਪਾਸੇ ਮਾਲ ਵੈਨ ਵਿਚ ਰੱਖਦੇ ਫੜ੍ਹੇ ਗਏ।
ਜੇਹਲ ਵਿਚ ਮੇਰੀ ਫੈਮਲੀ ਦਾ ਕੋਈ ਵੀ ਮੈਂਬਰ ਮੈਨੂੰ ਮਿਲਣ ਨਹੀ ਆਇਆ। ਮੇਰਾ ਦੋਸਤ ਰੋਮੀ ਹੀ ਕਦੀ-ਕਦਾਂਈ ਆਉਂਦਾ  ਤੇ ਬਾਹਰ ਦੀ ਖਬਰ ਦੇ ਜਾਂਦਾ । ਅੱਜ ਜਦੋਂ ਉਸ ਨੇ ਦੱਸਿਆ, “ ਤੇਰੀ ਵਾਈਫ , ਜੱਗੀ ਦੀ ਗਰਲ ਫਰੈਂਡ ਬਣ ਗਈ ਆ। ਪਤਾ ਲੱਗਾ ਕਿ ਉਸ ਨੇ ਜੱਗੀ ਨਾਲ ਰੱਲ ਕੇ ਤੈਨੂੰ ਫੜਾਇਆ।”
ਇਸ ਗੱਲ ਨੇ ਮੇਰੇ ਸਰੀਰ ਦੇ ਨਾਲ ਮੇਰੇ ਦਿਲ ਅਤੇ ਦਿਮਾਗ ਵਿਚ ਵੀ ਭਾਂਬੜ ਬਾਲ ਦਿੱਤੇ।ਜੇਲ੍ਹ ਵਿਚ ਬੈਠਾ ਕਰ ਵੀ ਕੀ ਸਕਦਾ ਸੀ।ਇਸ ਗੱਲ ਦੇ ਪ੍ਰਭਾਵ ਨੂੰ ਲਕਾਉਂਦੇ ਹੋਏ ਸਿਰਫ ਰੋਮੀ ਤੋਂ ਇੰਨਾ ਹੀ ਪੁੱਛਿਆ, “ ਮਾਂ ਕਿਵੇ ਆ? “ ਠੀਕ ਆ, ਕੱਲ੍ਹ ਮੈਂ ਉਹ ਨੂੰ ਰੈਸਟੋਰੈਂਟ ਵਿਚ ਦੇਖਿਆ।ਤੇਰੀ ਭੈਣ ਅਤੇ  ਗੋਰੇ ਨਾਲ ਲੰਚ ਕਰ ਰਹੀ ਸੀ। ਤਿੰਨੇ ਹੱਸ ਹੱਸ ਗੱਲਾਂ ਕਰ ਰਹੇ ਸਨ।” ਇਹ ਸਾਰੀਆਂ ਗੱਲਾਂ ਮੇਰੇ ਅੰਦਰ ਲੱਗੀ ਅੱਗ ਉੱਤੇ ਤੇਲ ਦਾ ਕੰਮ ਕਰ ਰਹੀਆਂ ਸਨ।ਉਸ ਟਾਈਮ ਮੇਰਾ ਦਿਲ ਕਰੇ ਕਿ ਸਾਰੇ ਪ੍ਰੀਵਾਰ ਨੂੰ ਹੀ ਇਸ ਅੱਗ ਵਿਚ ਝੁਲਸ ਸੁੱਟਾਂ।
ਮੇਰੇ ਸੈਲ ਦੇ ਨਾਲ ਵਾਲੇ ਸੈਲ ਵਿਚ ਇਕ ਪੰਜਾਬੀ ਬੰਦਾ ਰਹਿੰਦਾ ਹੈ। ਇਸ ਬੰਦੇ ਦਾ ਨਾਮ ਬੰਬ ਬਣਾਉਣ ਦੇ ਕੇਸ ਨਾਲ ਜੁੜਦਾ ਹੈ। ਅੱਜ-ਕੱਲ੍ਹ ਦੇ ਜ਼ਮਾਨੇ ਵਿਚ ਇੰਨੇ ਚੰਗੇ ਬੰਦੇ ਵੀ ਹੁੰਦੇ ਆ, ਉਸ ਨਾਲ ਜਾਣ-ਪਹਿਚਾਣ ਹੋਣ ਤੇ ਹੀ ਪਤਾ ਲੱਗਾ।ਹਰ ਇਕ ਦਾ ਭਲਾ ਚਾਹੁੰਣ ਵਾਲੇ ਇਸ ਬੰਦੇ ਨੇ ਬੰਬ ਪਤਾ ਨਹੀ ਕਿਵੇ ਬਣਾ ਦਿੱਤਾ? ਇਹ ਸੋਚਦਾ ਹੋਇਆ ਮੈ ਉਸ ਵੱਲ ਤੁਰ ਪਿਆ ਤਾਂ ਜੋ ਆਪਣੇ ਮਨ ਦਾ ਭਾਰ ਕੁਝ ਹਲਕਾ ਕਰ ਸਕਾਂ। ਅੱਗੇ ਵੀ ਮੈਂ ਆਪਣੇ ਮਨ ਦੀ ਗੱਲ ਉਸ ਨਾਲ ਕਰਦਾ ਹੀ ਰਹਿੰਦਾਂ ਹਾਂ।ਪਰ ਅੱਜ ਮੈਨੂੰ ਪਤਾ ਨਹੀ ਸੀ ਲੱਗ ਰਿਹਾ ਕਿ ਆਪਣੀ ਗੱਲ ਕਿਵੇ ਸ਼ੁਰੂ ਕਰਾਂ।ਇਸ ਲਈ ਮੈਂ ਉਹਨਾਂ ਦੀ ਹੀ ਗੱਲ ਕਰਦਿਆ ਕਿਹਾ, “ਤੁਸੀ ਹਮੇਸ਼ਾ ਸ਼ਾਂਤ ਚਿਤ ਰਹਿੰਦੇ ਹੋ, ਮੈਂਨੂੰ ਤਾਂ ਲੱਗਦਾ ਹੈ ਤਹਾਨੂੰ  ਇਸ ਕੇਸ ਵਿਚ ਫਸਾਇਆ ਗਿਆ।”
“ ਚਲੋ,ਤੇਰੇ ਹਿਸਾਬ ਨਾਲ ਜੇ ਕਿਸੇ ਨੇ ਮੈਂਨੂੰ  ਫਸਾਇਆ ਮੈਂ ਇਸ ਕਰਕੇ ਜੇਹਲ ਵਿਚ  ਹਾਂ।” ਉਸ ਨੇ ਮੁਸਕ੍ਰਾ ਕੇ ਕਿਹਾ, “ ਪਰ ਤੂੰ ਕਿਉਂ ਇੱਥੇ ਹੈ?”
“ ਆਪਣਿਆ ਹੀ ਮੇਰੀਆਂ ਜੜ੍ਹਾ ਵੱਢੀਆਂ।” ਮੈਂ ਕਿਹਾ, “ ਜੇ ਮੇਰੀ ਮਾਂ ਪਹਿਲੇ ਦਿਨ ਤੋਂ ਮੇਰੇ ਵਲੋਂ ਲਿਆਂਦੇ ਦੋ ਨੰਬਰ ਦੇ ਪੈਸੇ ਘੁੰਮਾ ਕੇ ਮੇਰੇ ਮੂੰਹ ਉੱਪਰ ਮਾਰਦੀ ਤਾਂ ਸ਼ਾਇਦ ਮੈਂ ਵੀ ਇੱਥੇ ਨਾ ਹੁੰਦਾ।”
ਉਹ ਫਿਰ ਮੁਸਕ੍ਰਾ ਪਿਆ ਅਤੇ ਬੋਲਿਆ, “ ਗੱਲ ਤਾਂ ਤੇਰੀ ਠੀਕ ਹੈ,ਪਰ ਤੂੰ ਹੁਣ ਸਬਕ ਸਿਖ ਲੈ ਅਤੇ ਬਾਹਰ ਜਾ ਕੇ ਨੇਕੀ ਦੇ ਰਾਹ ਉੱਪਰ ਤੁਰਨਾ।”
“ ਅਕੰਲ ਜੀ, ਬਾਹਰ ਨਿਕਲ ਕੇ ਪਹਿਲਾਂ ਤਾਂ ਆਪਣੇ ਘਰ ਦੇ ਮਾਰਨੇ ਆ, ਮੇਰੇ ਪੈਸੇ ਨਾਲ ਐਸ਼ ਕਰਦੇ ਆ,ਪਰ ਉਹਨਾਂ ਨੂੰ ਮੇਰੇ ਅੰਦਰ ਹੋਣ ਦਾ ਕੋਈ ਦੁੱਖ ਨਹੀ,ਪਹਿਲਾਂ ਤਾਂ ਉਸ ਕੁੱ.. ਦਾ ਸਿਰ ਵੱਢਣਾ ਜਿੰਨੇ ਧੋਖੇ ਨਾਲ ਮੈਨੂੰ ਅੰਦਰ ਕਰਵਾਇਆ।”
“ ਬੱਚਾ, ਸ਼ੁਕਰ ਕਰ ਪਰਮਾਤਮਾ ਦਾ ।ਉਹ ਭੱਦਰ ਪੁਰਸ਼ ਕਹਿੰਦਾ, “ਕਿਸੇ ਨੂੰ ਮਾਰਨ ਨਾਲ ਬੁਰਾਈ ਖਤਮ ਨਹੀ ਹੁੰਦੀ।”
“ ਬੁਰਾਈ ਤਾਂ ਬੇਸ਼ੱਕ ਨਹੀ ਖਤਮ ਹੁੰਦੀ,ਪਰ ਬੁਰੇ ਕੰਮ ਕਰਨ ਵਾਲਾ ਤਾਂ ਖਤਮ ਹੋ ਹੀ ਜਾਂਦਾ ਏ।”
“ ਬੁਰੇ ਕੰਮ ਕਰਨ ਵਾਲੇ ਨੂੰ ਖਤਮ ਕਰਕੇ ਵੀ ਤੈਨੂੰ ਚੈਨ ਨਹੀ ਆਉਣਾ।”
“ ਚੈਨ ਕਿਵੇ ਮਿਲਦਾ ਏ?”
“ ਸਭ ਤੋਂ ਪਹਿਲਾਂ ਆਪਣੀਆਂ ਬੁਰਾਈਆਂ ਨੂੰ ਪਛਾਣ ਕੇ ਮਾਰੋ।”
ਉਸ ਬੰਦੇ ਦੀਆਂ ਗੱਲਾਂ ਮੈਨੂੰ ਚੰਗੀਆਂ ਲੱਗਦੀਆਂ ਅਤੇ ਮੇਰੀ ਦੋਸਤੀ ਉਸ ਨਾਲ ਮਜ਼ਬੂਤ ਹੋਣ ਲੱਗੀ।ਕਦੀ ਕਦੀ ਇਸ ਅੰਕਲ ਜੀ ਵਿਚ ਮੈਨੂੰ ਆਪਣੀ ਦਾਦੀ ਦਿਸਦੀ। ਕਿਉਂਕਿ ਉਸ ਦੀਆਂ ਗੱਲਾਂ ਮੇਰੀ ਦਾਦੀ ਨਾਲ ਮਿਲਦੀਆਂ-ਜੁਲਦੀਆਂ ਹੁੰਦੀਆਂ।ਉਸ ਵਕਤ ਬੇਸ਼ੱਕ ਮੈ ਆਪਣੀ ਦਾਦੀ ਨੂੰ ਨਹੀ ਸੀ ਸੁਣਿਆ,ਪਰ ਹੁਣ ਮੇਰੇ ਕੰਨ ਇਸ ਅੰਕਲ ਜੀ ਦੀਆਂ ਗੱਲਾ ਸੁਣ ਲਈ ਉਤਾਵਲੇ ਹੀ ਰਹਿੰਦੇ।ਉਹਨਾਂ ਦੀਆਂ ਗੱਲਾਂ ਸੁਣ ਕੇ ਭਾਂਵੇ ਮੇਰੀ ਅੰਦਰਲੀ ਅੱਗ ਸ਼ਾਤ ਹੋ ਗਈ ਸੀ।ਪਰ ਹੁਣ ਨਿਰਾਸਤਾ ਨੇ ਘੇਰ  ਲਿਆ।ਬਹੁਤ ਦੁੱਖ ਲੱਗਦਾ ਜਦੋਂ ਜੇਹਲ ਕੋਈ ਵੀ ਮੁਲਾਕਾਤ ਕਰਨ ਨਾ ਆਉਂਦਾ।ਇਸ ਕਰਕੇ ਹੀ ਇਕ ਦਿਨ ਮੈ ਅੰਕਲ ਜੀ ਨੂੰ ਕਿਹਾ, “ ਸਾਰੇ ਕੈਦੀਆਂ ਦੇ ਮੁਲਕਾਤੀ ਆਉਂਦੇ ਨੇ, ਮੈਨੂੰ ਕਦੀ ਵੀ ਕੋਈ ਮਿਲਣ ਨਹੀ ਆਇਆ।”
“ ਤੂੰ ਆਪ ਹੀ ਤਾਂ ਕਹਿੰਦਾ ਰਹਿੰਦਾ ਹੈ ਕਿ ਤੇਰੇ ਰਿਸ਼ਤੇਦਾਰਾਂ ਦਾ ਰਿਸ਼ਤਾ ਪੈਸੇ ਨਾਲ ਹੀ ਸੀ।”
“ਇਸ ਗੱਲ ਦੀ ਸਮਝ ਵੀ ਮੈਨੂੰ ਜੇਲ੍ਹ ਵਿਚ ਹੀ ਆਈ”
“ ਤੇਰੇ ਨਾਲ ਤਾਂ ਉਹ ਹੀ ਹੋਈ।” ਅੰਕਲ ਜੀ ਨੇ ਮਿੱਠੀ ਅਵਾਜ਼ ਵਿਚ ਗਾ ਕੇ ਕਿਹਾ,” ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ॥ ਜਬ ਹੀ ਨਿਰਧਨ ਦੇਖਿਓ ਨਰ ਕਊ ਸੰਗੁ ਛਾਡਿ ਸਭ ਭਾਗੇ॥”
ਪਰ ਮੈਨੂੰ ਇਹਨਾਂ ਲਾਈਨਾ ਦੀ ਕੋਈ ਸਮਝ ਨਹੀ ਲੱਗੀ ਤਾਂ ਉਹਨਾਂ ਮੈਨੂੰ ਸਮਝਾਇਆ ਕਿ ਗੁਰਬਾਣੀ ਵਿਚੋਂ ਹਨ ਅਤੇ ਇਹਨਾਂ ਦਾ ਇਹ ਮਤਲਬ ਹੈ।ਬਸ ਫਿਰ ਕੀ ਸੀ ਮੈਂ ਤਾਂ ਰੋਜ਼ ਹੀ ਉਹਨਾਂ ਕੋਲ ਬੈਠਣ ਲੱਗਾ। ਉਹ ਆਪ ਗੁਰਬਾਣੀ ਪੜ੍ਹਦੇ ਅਤੇ ਮੈਨੂੰ ਵੀ ਪੜ੍ਹਾਉਂਦੇ।ਸਿੱਖ ਇਤਹਾਸ ਬਾਰੇ ਵੀ ਬਹੁਤ ਕੁਝ ਦੱਸਿਆ। ਜਿਸ ਬਾਰੇ ਮੈਂਨੂੰ ਕੁਝ ਵੀ ਨਹੀ ਸੀ ਪਤਾ।ਹੌਲੀ ਹੌਲੀ ਉਹਨਾਂ ਨੇ ਮੈਂਨੂੰ ਵੀ ਉਸ ਰੰਗ ਵਿਚ ਰੰਗ ਲਿਆ।ਜਿਸ ਵਿਚ ਉਹ ਆਪ ਰਹਿੰਦੇ ਸਨ।ਇਸ ਗੱਲ ਦਾ ਵੀ ਮੈਂਨੂੰ ਪਤਾ ੳਦੋਂ ਹੀ ਲੱਗਾ ਜਦੋਂ ਮੇਰਾ ਦੋਸਤ ਮੈਂਨੂੰ ਮਿਲਣ ਆਇਆ ਕਹਿਣ ਲੱਗਾ, “ ਬੋਸ, ਤੇਰਾ ਵਕੀਲ ਕਹਿੰਦਾ ਹੈ ਕਿ ਤੂੰ ਪਰੌਲ ਉੱਪਰ ਛੇਤੀ ਹੀ ਛੁੱਟ ਜਾਣਾ ਏ।”
“ ਅੱਛਾ।”
“ ਫਿਰ ਬਾਹਰ ਆ ਕੇ ਕਿ ਪਹਿਲਾਂ ਕਿਨਾਂ ਨਾਲ ਡੀਲ ਕਰਨੀ ਏ?ਚੀਨਆਂ ਨਾਲ ਜਾਂ ਫਲਪੀਨੀਆ ਨਾਲ।”
“ ਦੇਖੋ ਰੱਬ ਕਿਹਦੇ ਨਾਲ ਕਰਾਉਂਦਾ।”
ਮੇਰੀ ਗੱਲ ਸੁਣ ਕੇ ਦੋਸਤ ਹੈਰਾਨ ਹੁੰਦਾ ਕਹਿਣ ਲੱਗਾ, “ ਰੱਬ ਦੀਆਂ ਗੱਲਾਂ ਵਿਚ ਕਦੋਂ ਦਾ ਟਰਸਟ ਕਰਨ ਲੱਗ ਪਿਆ।”
“ ਜਦੋਂ ਦੀ ਮੇਰੀ ਸੰਗਤ ਅੰਕਲ ਜੀ  ਨਾਲ ਹੋਣ ਲੱਗੀ।”
ਮੇਰੇ ਵਲੋਂ ਸੰਗਤ ਅੱਖਰ ਵਰਤਿਆ ਉਸ ਨੂੰ ਉਪਰਾ ਲੱਗਾ ਅਤੇ ਹੱਸਦਾ ਹੋਇਆ ਬੋਲਿਆ, “ ਤੂੰ ਗਿਆ ਕਾਮ ਸੇ।”
ਅੰਕਲ ਜੀ ਤੋਂ ਸਿਖੀਆਂ  ਹੋਰ ਗੱਲਾਂ ਮੈਂ ਉਸ ਨੂੰ ਵੀ ਦੱਸੀਆਂ।ਪਰ ਉਸ ਨੇ ਇੰਨਾ ਗੱਲਾਂ ਵਿਚ ਕੋਈ ਦਿਲਚਸਪੀ ਨਾ ਦਿਖਾਈ ਅਤੇ ਨਾ ਹੀ ਉਹ ਮੁੜ ਮੁਲਾਕਾਤ ਨੂੰ ਆਇਆ।ਇਸ ਬਾਰੇ ਮੈਂ ਅੰਕਲ ਜੀ ਨੂੰ ਦੱਸਿਆ ਤਾਂ ਉਹ ਕਹਿਣ ਲੱਗੇ, “  ਹਰਿ ਨਾਮ ਨ ਭਾਇਆ ਬਿਰਥਾ ਜਨਮੁ ਗਵਾਇਆ, ਉਸ ਨੂੰ ਤੇਰੀਆਂ ਗੱਲਾਂ ਚੰਗੀਆਂ ਨਹੀ ਲੱਗੀਆ। ਮੈਨੂੰ ਨਹੀ ਲੱਗਦਾ ਕਿ ਉਹ ਵਾਪਸ ਕਦੀ ਤੇਰੇ ਨਾਲ ਮੁਲਾਕਾਤ ਕਰਨ ਆਵੇ।”
“ ਪਰ ਤੁਹਾਡੀਆਂ ਗੱਲਾਂ ਨਾਲ ਤਾਂ ਮੇਰੀ ਗੁਆਚੀ ਸ਼ਾਂਤੀ ਵਾਪਸ ਆ ਰਹੀ ਹੈ।”
“ ਪੁੱਤਰਾ, ਤੇਰੇ ਕਰਮ ਚੰਗੇ ਆ ਭਾਗਾਂ ਨਾਲ ਹੀ ਰੱਬ ਦੀਆਂ ਗੱਲਾਂ ਹੁੰਦੀਆਂ ਨੇ।”ਅੰਕਲ ਜੀ ਨੇ ਕਿਹਾ, “ ਇਹ ਵੀ ਹੋ ਸਕਦਾ ਕਿਸੇ ਚੰਗੀ ਰੂਹ ਨੇ ਤੇਰੇ ਭਾਗ ਬਦਲਣ ਲਈ ਅਰਦਾਸ ਕੀਤੀ ਹੋਵੇ।”
ਅੰਕਲ ਜੀ ਦੀ ਇਸ ਗੱਲ ਨੇ ਮੈਨੂੰ ਆਪਣੀ ਦਾਦੀ ਚੇਤੇ ਕਰਵਾ ਦਿੱਤੀ ਜੋ ਹਮੇਸ਼ਾ ਹੀ ਰੱਬ ਅੱਗੇ ਮੇਰੇ ਭੈੜੇ ਕੰਮ ਛੱਡਣ ਲਈ ਦੁਆ ਕਰਦੀ ਰਹਿੰਦੀ।ਜਿਉਂ ਜਿਉਂ ਮੇਰਾ ਅੰਕਲ ਜੀ ਨਾਲ ਪਿਆਰ ਵਧੀ ਗਿਆ। ਤਿਉਂ ਤਿਉਂ ਗੁਰੂਆਂ ਦੀ ਬਾਣੀ ਮੇਰੇ ਅੰਦਰ ਵਸੀ ਗਈ।
ਅੱਜ ਮੈ ਬਾਹਰ ਜਾ ਰਿਹਾ ਸੀ। ਅੰਕਲ ਜੀ ਮਿਲਣ ਆਏ ਅਤੇ ਹੱਸਦੇ ਹੋਏ ਮੇਰੀ ਕਹੀ ਗੱਲ ਯਾਦ ਕਰਾਉਂਦੇ ਕਹਿਣ ਲੱਗੇ, “ ਬਾਹਰ ਜਾ ਕੇ ਕਿਹਦੇ ਕਿਹਦੇ ਸਿਰ ਵੱਢਣੇ ਆ”?
“ਮੈਂ ਕਿਸੇ ਦੇ ਸਿਰ ਕੀ ਵੱਢਣੇ, ਰੱਬ ਹੀ ਵੱਢੂਗਾ।” ਮੈਂ ਵੀ ਹੱਸਦੇ ਹੋਏ ਕਿਹਾ, “ ਪਰ ਮੇਰਾ ਆਪਣਾ ਸਿਰ ਰੱਬ ਅੱਗੇ ਜ਼ਰੂਰ ਝੁੱਕ ਗਿਆ ਆ।”
“ ਰਾਜ਼ੀ ਰਹਿ ਪੁੱਤਰਾ।” ਅੰਕਲ ਜੀ ਨੇ ਕਿਹਾ, “ ਪਰ ਇੰਨਾ ਕੁ ਤਾਂ ਦੱਸਦੇ ਅੱਗੇ ਤੇਰਾ ਕੀ ਇਰਾਦਾ ਹੈ?”
“ ਪਹਿਲਾ ਇਰਾਦਾ ਤਾਂ ਇਹ ਹੈ ਕਿ ਬਾਹਰ ਨਿਕਲ ਕੇ ਅੰਮ੍ਰਿਤ ਛੱਕ ਲਵਾਂ।” ਮੈਂ ਆਪਣੀ ਵਧੀ ਹੋਈ ਦਾਹੜੀ ‘ਤੇ ਹੱਥ ਫੇਰ ਕੇ ਕਿਹਾ , “ ਤੁਹਾਡੇ ਵਾਂਗ ਗੁਰੂ ਦਾ ਸਿੰਘ ਬਣ ਜਾਵਾਂ।”
ਅੰਕਲ ਜੀ ਮੇਰੀ ਗੱਲ ਸੁਣ ਕੇ ਖੁਸ਼ ਹੋਏ, ਪਰ ਫਿਰ ਵੀ ਉਹਨਾਂ ਕਿਹਾ, “ ਤੇਰੀ ਘਰਦਿਆਂ ਨੂੰ ਇਹ ਗੱਲ ਗਾਵਾਰਾ ਨਹੀ ਹੋਣੀ।”
“ ਕਿਹੜੇ ਘਰਦੇ?”
“ ਤੇਰੀ ਮਾਂ, ਭੈਣ..।”
ਅੰਕਲ ਜੀ ਦੀ ਗੱਲ ਨੂੰ ਵਿਚੋਂ ਹੀ ਟੋਕਦਿਆਂ ਮੈਂ ਕਿਹਾ, “ ਉਹ ਸਭ ਮੇਰੇ ਲਈ ਮਰ ਗਏ ਹਨ,ਮੈ ਤਾਂ ਇਸ ਸ਼ਹਿਰ ਨਾਲੋ ਵੀ ਆਪਣਾ ਨਾਤਾ ਤੋੜ ਲੈਣਾ ਹੈ।”
“ਮੇਰੇ ਨਾਲ ਤਾਂ ਆਪਣਾ ਨਾਤਾ ਰੱਖੇਗਾ?” ਅੰਕਲ ਜੀ ਨੇ ਪੁੱਛਿਆ, “ ਰਿਸ਼ਤਿਆਂ ਤੋਂ ਬਗੈਰ ਵੀ ਜ਼ਿੰਦਗੀ ਵਿਚ ਵਿਚਰਿਆ ਨਹੀ ਜਾਂਦਾ।”
“ ਅੰਮ੍ਰਿਤ ਛੱਕਣ ਤੋਂ ਬਾਅਦ ਮੇਰਾ ਨਵਾ ਜਨਮ ਹੋਵੇਗਾ।” ਅੱਜ ਮੈਂ ਅੰਕਲ ਜੀ ਵਾਂਗ ਹੀ ਗੱਲ ਕਰਦੇ ਕਿਹਾ, “ ਤੁਹਾਡਾ ਮੇਰਾ ਨਾਤਾ ਤਾਂ ਰਹਿੰਦੀ ਜ਼ਿੰਦਗੀ ਤੱਕ ਨਿਭੇਗਾ, ਮੇਰੀ ਮਾਂ ਮਾਤਾ ਜੀਤੋ ਜੀ ਅਤੇ ਪਿਤਾ ਗੋਬਿੰਦ ਸਿੰਘ ਹੋਵੇਗਾ, ਗੁਰੂ ਦੇ ਸਿੰਘ ਮੇਰੇ ਰਿਸ਼ਤੇਦਾਰ ਹੋਣਗੇ, ਗੁਰੂ ਦੀ ਸੰਗਤ ਮੇਰੀ ਭਾਈਵਾਲ ਹੋਵੇਗੀ।”
ਮੇਰੀ ਇਸ ਗੱਲ ਨੇ ਅੰਕਲ ਜੀ ਦੀਆਂ ਅੱਖਾਂ ਵਿਚ ਅਥਰੂ ਲੈ ਆਂਦੇ। ਉਹਨਾਂ ਬੋਲੇ ਸੋ ਨਿਹਾਲ ਦਾ ਜੈ ਕਾਰਾ ਛੱਡ ਦਿੱਤਾ। ਜਿਸ ਦੀ ਅਵਾਜ਼ ਸੀਖਾਂ ਤੋੜ ਕੇ ਬਾਹਰ ਸਾਰੀ ਦੁਨੀਆਂ ਵਿਚ ਖਿਲਰ ਗਈ ਅਤੇ ਮੈਂ ਸਤਿ ਸ੍ਰੀ ਅਕਾਲ ਕਹਿੰਦਾ ਹੋਇਆ ਬਾਹਰ ਵੱਲ ਤੁਰ ਪਿਆ।

This entry was posted in ਕਹਾਣੀਆਂ.

3 Responses to ਧੰਦਾ ਬਣਾ ਗਿਆ ਬੰਦਾ

  1. baldev says:

    bahutt vadyia ji

  2. baldev says:

    bahut vadyia ji

  3. zora says:

    I do not know how you can create such charectors, who I can see, understand and they feel like real.
    I have read so many of your stories, and always enjoy, learn and live those stories. Keep writing

    thanks

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>