ਦੁਬਈ – ਅਲਕਾਇਦਾ ਦੇ ਨੇਤਾ ਅਲ – ਜਵਾਹਿਰੀ ਨੇ ਇੱਕ ਵੀਡੀਓ ਵਿੱਚ ਐਲਾਨ ਕੀਤਾ ਹੈ ਕਿ ਉਹ ਭਾਰਤੀ ਉਪ ਮਹਾਂਦੀਪ ਵਿੱਚ ਆਪਣੇ ਸੰਗਠਨ ਦੀ ਸ਼ਾਖਾ ਸਥਾਪਿਤ ਕਰਨਗੇ ਜੋ ਇਸ ਖੇਤਰ ਵਿੱਚ ਨਾਂ ਸਿਰਫ਼ ਜਿਹਾਦ ਦਾ ਝੰਡਾ ਹੀ ਬੁਲੰਦ ਕਰੇਗੀ, ਬਲਿਕ ਇਸਲਾਮ ਦਾ ਸਾਮਰਾਜ ਵੀ ਕਾਇਮ ਕਰੇਗੀ। ਇਸ ਸੰਗਠਨ ਦਾ ਨਾਮ ਕਾਯਦਾਤ ਅਲ ਜਿਹਾਦ ਹੋਵੇਗਾ। ਇੱਕ ਪਾਕਿਸਤਾਨੀ ਅੱਤਵਾਦੀ ਆਸਿਮ ਉਮਰ ਨੂੰ ਇਸ ਸ਼ਾਖਾ ਦੀ ਕਮਾਂਡ ਸੌਂਪੀ ਗਈ ਹੈ।
ਅਲ – ਜਵਾਹਿਰੀ ਨੇ ਆਪਣੇ 55 ਮਿੰਟ ਦੇ ਵੀਡੀਓ ਸੰਦੇਸ਼ ਵਿੱਚ ਕਿਹਾ ਹੈ ਕਿ ਅਲ ਕਾਇਦਾ ਦੀ ਇਹ ਸ਼ਾਖਾ ਖੇਤਰ ਵਿੱਚ ਮੁਸਲਿਮ ਆਬਾਦੀ ਨੂੰ ਵੰਡਣ ਵਾਲੀ ਨਕਲੀ ਸੀਮਾ ਨੂੰ ਨਸ਼ਟ ਕਰ ਦੇਵੇਗੀ। ਭਾਰਤੀ ਉਪ ਮਹਾਂਦੀਪ ਵਿੱਚ ਆਪਣੀ ਸ਼ਾਖਾ ਦਾ ਐਲਾਨ ਕਰਦੇ ਹੋਏ ਜਵਾਹਿਰੀ ਨੇ ਕਿਹਾ ਕਿ ਅੱਜ ਇਸ ਦਾ ਗਠਨ ਨਹੀਂ ਹੋਇਆ, ਬਲਿਕ ਦੋ ਸਾਲ ਤੋਂ ਮੁਜਾਹਿਦੀਨਾਂ ਨੂੰ ਇੱਕਜੁੱਟ ਕਰਨ ਦੀ ਕੋਸਿ਼ਸ਼ ਦਾ ਇਹ ਨਤੀਜਾ ਹੈ। ੳਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਇਹ ਵੀ ਕਿਹਾ ਕਿ ਭਾਰਤੀ ਉਪ ਮਹਾਂਦੀਪ ਵਿੱਚ ਨਵੀਂ ਸ਼ਾਖਾ ਦਾ ਗਠਨ ਮਿਆਂਮਾਰ, ਬੰਗਲਾਦੇਸ਼ ਅਤੇ ਭਾਰਤੀ ਰਾਜ ਆਸਾਮ, ਗੁਜਰਾਤ ਅਤੇ ਜੰਮੂ-ਕਸ਼ਮੀਰ ਦੇ ਮੁਸਲਮਾਨਾਂ ਦੇ ਲਈ ਚੰਗੀ ਖਬਰ ਹੈ, ਇੱਥੇ ਉਨ੍ਹਾਂ ਨੂੰ ਅਨਿਆਏ ਅਤੇ ਸੋਸ਼ਣ ਤੋਂ ਮੁਕਤੀ ਦਿਵਾਈ ਜਾਵੇਗੀ। ਜਵਾਹਿਰੀ ਨੇ ਸਾਰੇ ਜਿਹਾਦੀਆਂ ਨੂੰ ਆਪਸੀ ਝਗੜੇ ਦੂਰ ਕਰਨ ਅਤੇ ਇੱਕਠੇ ਹੋ ਕੇ ਕੰਮ ਕਰਨ ਦੀ ਹਿਦਾਇਤ ਦਿੱਤੀ ਹੈ।
ਅਲਕਾਇਦਾ ਵੱਲੋਂ ਇਸਲਾਮਿਕ ਰਾਸ਼ਟਰ ਬਣਾਉਣ ਦੀ ਧਮਕੀ ਤੋਂ ਬਾਅਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਖੁਫ਼ੀਆ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਹੈ। ਇਸ ਮੀਟਿੰਗ ਤੋਂ ਬਾਅਦ ਆਈਬੀ ਨੇ ਪੂਰੇ ਦੇਸ਼ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ।