ਫ਼ਤਹਿਗੜ੍ਹ ਸਾਹਿਬ – “ਸਭ ਤੋ ਪਹਿਲੇ ਅਸੀਂ 5 ਸਤੰਬਰ ਦੇ “ਅਧਿਆਪਕ” ਦਿਹਾੜੇ ਉਤੇ ਇਥੋ ਦੇ ਸਮੁੱਚੇ ਅਧਿਆਪਕ ਵਰਗ ਨੂੰ ਮੁਬਾਰਕਬਾਦ ਭੇਜਦੇ ਹੋਏ ਇਹ ਉਮੀਦ ਕਰਦੇ ਹਾਂ ਕਿ ਅਧਿਆਪਕ ਵਰਗ ਇਸ ਦਿਨ ਦੇ ਮਕਸਦ ਨੂੰ ਮਹਿਸੂਸ ਕਰਦਾ ਹੋਇਆ, ਇਥੋ ਦੇ ਬੱਚਿਆਂ ਨੂੰ ਪੜ੍ਹਾਈ ਪੱਖੋ ਸਿੱਖਿਅਤ ਕਰਨ ਦੇ ਨਾਲ-ਨਾਲ ਸਮਾਜਿਕ ਅਤੇ ਇਖ਼ਲਾਕੀ ਤੌਰ ਤੇ ਇਕ ਅੱਛਾ ਇਨਸਾਨ ਬਣਾਉਣ ਵਿਚ ਵੀ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਪੂਰਨ ਕਰਦੇ ਰਹਿਣਗੇ । ਕਿਉਂਕਿ ਇਹ ਬੱਚੇ ਹੀ ਕਿਸੇ ਕੌਮ, ਮੁਲਕ, ਧਰਮ ਜਾਂ ਫਿਰਕੇ ਦੇ ਅਸਲੀ ਵਾਰਿਸ ਹਨ । ਦੂਸਰਾ ਜੋ ਅਧਿਆਪਕ ਦਿਹਾੜੇ ਉਤੇ ਹਿੰਦ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਵੱਲੋ ਇਸ ਮੁਲਕ ਦੇ ਸਮੁੱਚੇ ਸਕੂਲਾਂ ਦੇ ਬੱਚਿਆਂ ਨੂੰ ਸਵੇਰੇ 12:00 ਵਜੇ ਤੋ ਲੈਕੇ ਸ਼ਾਮੀ 5:00 ਵਜੇ ਤੱਕ ਜ਼ਬਰੀ ਸਕੂ਼ਲਾਂ ਵਿਚ ਟੀਵੀ ਅੱਗੇ ਬਿਠਾਕੇ ਆਪਣੀ ਤਕਰੀਰ ਸੁਣਾਉਣ ਦੇ ਹੁਕਮ ਕੀਤੇ ਗਏ ਹਨ, ਇਹ ਅਮਲ ਤਾਨਾਸ਼ਾਹੀ ਸੋਚ ਅਧੀਨ ਸਮੁੱਚੇ ਧਰਮਾਂ, ਕੌਮਾਂ, ਫਿਰਕਿਆ ਅਤੇ ਵਰਗਾਂ ਦੇ ਬੱਚਿਆਂ ਉਤੇ ਸੰਸਕ੍ਰਿਤੀ ਭਾਸ਼ਾ ਜੋ ਕਿ ਘੱਟ ਗਿਣਤੀ ਕੌਮਾਂ ਅਤੇ ਹੋਰਨਾਂ ਦੀ ਭਾਸ਼ਾ-ਬੋਲੀ ਨਹੀਂ ਹੈ, ਉਤੇ ਠੋਸਣ ਦੇ ਅਮਲ ਬਿਲਕੁਲ ਬਰਦਾਸਤ ਨਹੀਂ ਕੀਤੇ ਜਾਣਗੇ ਅਤੇ ਨਾ ਹੀ ਪੰਜਾਬ ਸੂਬੇ ਦੇ ਪੰਜਾਬੀਆਂ ਅਤੇ ਸਿੱਖਾਂ ਦੇ ਬੱਚੇ ਮੋਦੀ ਦੀ ਇਸ ਫਿਰਕੂਪਣੇ ਵਾਲੀ ਤਕਰੀਰ ਨੂੰ ਬਿਲਕੁਲ ਨਹੀਂ ਸੁਣਨਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਮੁਤੱਸਵੀ ਜਮਾਤਾਂ ਦੇ ਹਿੰਦ ਦੇ ਵਜ਼ੀਰ-ਏ-ਆਜ਼ਮ ਨਰਿੰਦਰ ਮੋਦੀ ਵੱਲੋ 5 ਘੰਟੇ ਤੱਕ ਬੱਚਿਆਂ ਨੂੰ ਜ਼ਬਰੀ ਕੈਦ ਕਰਕੇ ਆਪਣੀ ਹਿੰਦੂਤਵ ਸੋਚ ਅਧੀਨ ਕੀਤੀ ਜਾਣ ਵਾਲੀ ਤਕਰੀਰ 5 ਸਤੰਬਰ ਨੂੰ ਅਧਿਆਪਕ ਦਿਹਾੜੇ ਉਤੇ ਸੁਣਾਉਣ ਦੇ ਅਮਲਾਂ ਦੀ ਜਿਥੇ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ, ਉਥੇ ਇਸ ਮੁਲਕ ਵਿਚ ਜਿਸ ਵਿਚ ਅਨੇਕਾ ਹੀ ਧਰਮਾਂ, ਕੌਮਾਂ, ਭਾਸ਼ਾਵਾਂ, ਬੋਲੀਆਂ, ਸੱਭਿਆਚਰ ਦੇ ਨਿਵਾਸੀ ਰਹਿੰਦੇ ਹਨ, ਉਹਨਾਂ ਦੀ ਆਜ਼ਾਦੀ ਉਤੇ ਡਾਕਾ ਮਾਰਨ ਅਤੇ ਜ਼ਬਰੀ ਹਿੰਦੂਤਵ ਸੋਚ ਨੂੰ ਲਾਗੂ ਕਰਕੇ ਇਥੋ ਦੇ ਮਾਹੌਲ ਦੇ ਅਮਨ-ਚੈਨ ਨੂੰ ਡੂੰਘੀ ਸੱਟ ਮਾਰੀ ਜਾ ਰਹੀ ਹੈ । ਜਿਸ ਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਤੇ ਮੁਤੱਸਵੀ ਹੁਕਮਰਾਨ ਅਤੇ ਇਹਨਾਂ ਦੀਆਂ ਭਾਈਵਾਲ ਜਮਾਤਾਂ ਸਿੱਧੇ ਤੌਰ ਤੇ ਹੋਣਗੀਆਂ । ਉਨ੍ਹਾਂ ਕਿਹਾ ਕਿ ਹਿੰਦ ਦੇ ਵਿਧਾਨ ਦੀ ਧਾਰਾ 14 ਇਥੋ ਦੇ ਨਾਗਰਿਕਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਇਥੋ ਦੇ ਹੁਕਮਰਾਨ ਵਿਧਾਨ ਦੇ ਮੌਲਿਕ ਅਧਿਕਾਰਾਂ ਅਤੇ ਸੋਚ ਦਾ ਖੁਦ ਹੀ ਉਲੰਘਣ ਕਰਕੇ ਇਥੇ ਜ਼ਬਰੀ ਹਿੰਦੂਤਵ ਰਾਸ਼ਟਰ, ਹਿੰਦੀ ਭਾਸ਼ਾ ਅਤੇ ਬੋਲੀ ਨੂੰ ਸਮੁੱਚੇ ਵਰਗਾਂ ਅਤੇ ਘੱਟ ਗਿਣਤੀ ਕੌਮਾਂ ਉਤੇ ਥੋਪਣਾ ਚਾਹੁੰਦੇ ਹਨ। ਜਿਸ ਨੂੰ ਘੱਟ ਗਿਣਤੀ ਕੌਮਾਂ ਅਤੇ ਵੱਖ-ਵੱਖ ਸਟੇਟ ਜਿਨ੍ਹਾਂ ਦੀਆਂ ਆਪੋ-ਆਪਣੀਆਂ ਬੋਲੀਆਂ ਭਾਸ਼ਾਵਾਂ ਹਨ, ਉਹਨਾਂ ਦੀਆਂ ਭਾਵਨਾਵਾਂ ਨੂੰ ਕੁੱਚਲਕੇ ਅਜਿਹਾ ਕਰਨਾ ਚਾਹੁੰਦੇ ਹਨ । ਜਿਸ ਵਿਚ ਇਹ ਕਤਈ ਕਾਮਯਾਬ ਨਹੀਂ ਹੋਣਗੇ । ਵੈਸੇ ਵੀ ਬੱਚਿਆਂ ਨੂੰ ਜ਼ਬਰੀ 5 ਘੰਟੇ ਦੇ ਲੰਮੇਂ ਸਮੇਂ ਤੱਕ ਇਸ ਤਰ੍ਹਾਂ ਬਿਠਾਕੇ ਰੱਖਣਾ, ਮਨੁੱਖੀ ਅਧਿਕਾਰਾਂ ਦਾ ਸ਼ਰੇਆਮ ਹਨਨ ਹੈ । ਜੋ ਇਖ਼ਲਾਕੀ ਅਤੇ ਸਮਾਜਿਕ ਤੌਰ ਤੇ ਵੀ ਗੈਰ ਦਲੀਲ ਹੈ । ਉਹਨਾਂ ਸਮੁੱਚੇ ਪੰਜਾਬੀਆਂ ਅਤੇ ਸਿੱਖ ਪਰਿਵਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਮੋਦੀ ਦੀ ਮੁਤੱਸਵੀ ਸੋਚ ਨਾਲ ਰੰਗੀ ਹੋਈ ਫਿਰਕੂ ਤਕਰੀਰ ਨੂੰ ਸੁਣਨ ਲਈ ਆਪਣੇ ਬੱਚਿਆਂ ਨੂੰ ਸਕੂਲਾਂ ਵਿਚ 5 ਸਤੰਬਰ ਨੂੰ ਬਿਲਕੁਲ ਵੀ ਨਾ ਭੇਜਣ ਅਤੇ ਇਸ ਦੇ ਨਾਲ ਹੀ ਅਧਿਆਪਕ ਵਰਗ ਆਪਣੀ ਜਿੰ਼ਮੇਵਾਰੀ ਨੂੰ ਸਮਝਦੇ ਹੋਏ ਇਸ ਦਿਹਾੜੇ ਦੀ ਹੁਕਮਰਾਨਾਂ ਵੱਲੋ ਹੋ ਰਹੀ ਫਿਰਕੂ ਗਲਤ ਦੁਰਵਰਤੋ ਦਾ ਇਖ਼ਲਾਕੀ ਤੌਰ ਤੇ ਵਿਰੋਧ ਕਰਨ।