ਝੋਨਾ-ਕਣਕ ਪੰਜਾਬ ਸੂਬੇ ਦਾ ਇੱਕ ਅਹਿਮ ਫ਼ਸਲੀ ਚੱਕਰ ਹੈ । ਝੋਨੇ ਦੇ 28 ਲੱਖ ਹੈਕਟੇਅਰ ਰਕਬੇ ਵਿੱਚੋਂ 20 ਮਿਲੀਅਨ ਟਨ ਪਰਾਲੀ ਨਿਕਲਦੀ ਹੈ । ਆਮ ਤੌਰ ਤੇ ਕਿਸਾਨ ਵੀਰ ਕਣਕ ਨੂੰ ਸਹੀ ਸਮੇਂ ਤੇ ਬੀਜਣ ਲਈ ਪਰਾਲੀ ਨੂੰ ਅੱਗ ਲਾ ਦਿੰਦੇ ਹਨ । ਅਜਿਹਾ ਕਰਨ ਨਾਲ ਵਾਤਾਵਰਨ ਵਿੱਚ ਕਈ ਤਰ੍ਹਾਂ ਦੀਆਂ ਭਿਆਨਕ ਗੈਸਾਂ ਜਿਵੇਂ ਕਿ ਕਾਰਬਨ ਡਾਇਆਓਕਸਾਈਡ, ਕਾਰਬਨ ਮੋਨੋਓਕਸਾਈਡ, ਮੀਥੇਨ, ਨਾਈਟਰਸ ਓਕਸਾਈਡ ਆਦਿ ਜਮ੍ਹਾਂ ਹੋ ਜਾਂਦੀਆਂ ਹਨ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਿੱਚ ਵੱਡਾ ਯੋਗਦਾਨ ਪਾਉਂਦੀਆਂ ਹਨ । ਅਕਤੂਬਰ ਮਹੀਨੇ ਇਹ ਪਰਾਲੀ ਦੀ ਅੱਗ ਸਿਰਫ ਮਨੁੱਖੀ ਸਿਹਤ ਨੂੰ ਹੀ ਖਰਾਬ ਨਹੀਂ ਕਰਦੀ ਸਗੋਂ ਧੂਏਂ ਕਾਰਨ ਸੜਕਾਂ ਉੱਤੇ ਕਈ ਹਾਦਸੇ ਵੀ ਵਾਪਰਦੇ ਹਨ । ਇਸ ਤੋਂ ਇਲਾਵਾ, ਪਰਾਲੀ ਦੀ ਅੱਗ ਖੇਤਾਂ ਦੇ ਆਲੇ-ਦੁਆਲੇ ਲੱਗੇ ਪੇੜ-ਪੌਦਿਆਂ ਅਤੇ ਮਿੱਟੀ ਵਿੱਚ ਪਾਏ ਜਾਣ ਵਾਲੇ ਮਿੱਤਰ ਜੀਵਾਣੂਆਂ ਨੂੰ ਵੀ ਨਸ਼ਟ ਕਰ ਦਿੰਦੀ ਹੈ ।
ਫ਼ਸਲ ਦੀ ਰਹਿੰਦ-ਖੂੰਹਦ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਦਾ ਸੋਮਾ ਹੈ । ਵਾਤਾਵਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਪਰਾਲੀ ਨਾ ਸਾੜਣ ਦੀ ਬਜਾਏ ਇਸ ਦੀ ਵਰਤੋਂ ਲਈ ਕਈ ਸਿਫਾਰਿਸ਼ਾਂ ਕੀਤੀਆਂ ਹਨ ਜਿਵੇਂ ਕਿ ਹੈਪੀ ਸੀਡਰ ਜੋ ਕਿ ਖੇਤ ਵਿੱਚ ਖੜੀ ਪਰਾਲੀ ਸਮੇਤ ਕਣਕ ਦੀ ਬਿਜਾਈ ਕਰ ਦਿੰਦਾ ਹੈ ਜਿਸ ਨਾਲ ਨਦੀਨਾਂ ਦੀ ਰੋਕਥਾਮ ਅਤੇ ਮਿੱਟੀ ਦੀ ਸਿਹਤ ਵੀ ਬਰਕਰਾਰ ਰਹਿੰਦੀ ਹੈ । ਬੇਲਰ ਖੇਤ ਵਿੱਚ ਖੁੱਲੀ ਅਤੇ ਖਿੱਲਰੀ ਹੋਈ ਪਰਾਲੀ ਨੂੰ ਅਸਾਨੀ ਨਾਲ ਇਕੱਠਾ ਕਰ ਦਿੰਦਾ ਹੈ ਜੋ ਕਿ ਬਹੁਤ ਸਾਰੇ ਕੰਮਾਂ ਲਈ ਜਿਵੇਂ ਕਿ ਕੰਪੋਸਟ, ਊਰਜਾ ਦਾ ਉਤਪਾਦਨ ਅਤੇ ਖੁੰਬਾਂ ਦੀ ਕਾਸ਼ਤ ਲਈ ਵਰਤੀ ਜਾ ਸਕਦੀ ਹੈ । ਪਰਾਲੀ ਨੂੰ ਪਸ਼ੂਆਂ ਦੇ ਚਾਰੇ ਵਜੋਂ ਵੀ ਵਰਤਿਆ ਜਾ ਸਕਦਾ ਹੈ ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕਿਸਾਨਾਂ ਤੱਕ ਪਹੁੰਚਣ ਦੇ ਕਈ ਵਸੀਲੇ ਜਿਵੇਂ ਕਿ ਕਿਸਾਨ ਮੇਲੇ, ਖੇਤ-ਦਿਵਸ, ਪ੍ਰਦਰਸ਼ਨੀਆਂ, ਵੱਖ-ਵੱਖ ਵਿਸ਼ਿਆਂ ਅਧਾਰਿਤ ਸਿਖਲਾਈਆਂ ਆਦਿ ਕਿਸਾਨਾਂ ਲਈ ਆਯੋਜਿਤ ਕਰਦੀ ਹੈ । ਇਸ ਤੋਂ ਬਿਨਾਂ ਯੂਨੀਵਰਸਿਟੀ ਦੁਆਰਾ ਵੱਖ-ਵੱਖ ਫ਼ਸਲਾਂ, ਸਬਜ਼ੀਆਂ, ਫ਼ਲ ਅਤੇ ਫੁੱਲ ਦੀਆਂ ਕਿਤਾਬਾਂ ਅਤੇ ਹਰ ਮਹੀਨੇ ਦੋ ਰਸਾਲੇ ਤਕਨੀਕੀ ਜਾਣਕਾਰੀ ਲਈ ਛਾਪੇ ਜਾਂਦੇ ਹਨ । ਦੇਸ਼ ਦੀ ਪੀ.ਏ.ਯੂ. ਇੱਕ ਅਜਿਹੀ ਖੋਜ ਸੰਸਥਾ ਹੈ ਜਿਸ ਨੇ 1967 ਵਿ¤ਚ ਕਿਸਾਨ ਮੇਲੇ ਆਯੋਜਿਤ ਕਰਨੇ ਆਰੰਭ ਕੀਤੇ । ਵੱਖ-ਵੱਖ ਮੌਕਿਆਂ ਦੌਰਾਨ ਕਿਸਾਨਾਂ ਦੁਆਰਾ ਦਿੱਤੇ ਗਏ ਸੁਝਾਵ (ਫੀਡਬੈਕ) ਸਾਇੰਸਦਾਨਾਂ ਨੂੰ ਆਪਣੀਆਂ ਖੋਜਾਂ ਅਤੇ ਤਕਨੀਕੀ ਜਾਣਕਾਰੀ ਨੂੰ ਵੱਧ ਤੋਂ ਵੱਧ ਫੈਲਾਉਣ ਦੇ ਢੰਗਾਂ ਨੂੰ ਨਵੇਂ ਸਿਰੇ ਤੋਂ ਉਲੀਕਣ ਲਈ ਸਹਾਈ ਹੁੰਦੇ ਹਨ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਥਾਪਿਤ ਕੀਤੇ ਖੇਤਰੀ ਖੋਜ ਕੇਂਦਰ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਫਾਰਮ ਅਡਵਾਈਜ਼ਰੀ ਸਰਵਿਸ ਸਕੀਮ ਤੋਂ ਕਿਸਾਨ ਵੀਰ ਖੇਤੀ ’ਚ ਕੀਤੀਆਂ ਨਵੀਆਂ ਖੋਜਾਂ ਅਤੇ ਫ਼ਸਲਾਂ ਦੀਆਂ ਨਵੀਆਂ ਅਤੇ ਸੁਧਰੀਆਂ ਕਿਸਮਾਂ ਸੰਬੰਧੀ ਵੱਡਮੁੱਲੀ ਜਾਣਕਾਰੀ ਹਾਸਿਲ ਕਰ ਸਕਦੇ ਹਨ । ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਦੇ ਵੱਖ-ਵੱਖ ਖੇਤੀ ਸੰਬੰਧਿਤ ਅਦਾਰੇ ਮੋਢੇ ਨਾਲ ਮੋਢਾ ਜੋੜ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਬਹੁਤ ਹੀ ਬਰੀਕੀ ਢੰਗ ਨਾਲ ਹੱਲ ਕਰਨ ਲਈ ਵਚਨਬੱਧ ਹਨ ।
ਆਉਣ ਵਾਲੇ ਭਵਿੱਖ ਵਿੱਚ ਖੇਤੀ ਸਿਰਫ ਤਕਨੀਕੀ ਜਾਣਕਾਰੀ ਨਾਲ ਹੀ ਸੰਭਵ ਹੈ, ਇਸ ਲਈ ਤੁਹਾਨੂੰ ਆਧੁਨਿਕ ਜਾਣਕਾਰੀ ਹੋਣੀ ਲਾਜ਼ਮੀ ਹੈ । ਇਸ ਜਾਣਕਾਰੀ ਦਾ ਖਜ਼ਾਨਾ ਹਨ ਪੀ. ਏ. ਯੂ. ਦੇ ਵੱਖ-ਵੱਖ ਕਿਸਾਨ ਮੇਲੇ, ਜਿਨਾਂ ਦੌਰਾਨ ਤਕਨੀਕੀ ਜਾਣਕਾਰੀ ਤੋਂ ਬਿਨਾਂ ਸੁੱਧਰੀਆਂ ਕਿਸਮਾਂ ਦੇ ਬੀਜ ਵੀ ਮੁਹੱਈਆ ਕਰਵਾਏ ਜਾਂਦੇ ਹਨ। ਇਸ ਸੰਧਰਵ ਵਿੱਚ ਸਤੰਬਰ ਮਹੀਨੇ ਲੱਗਣ ਵਾਲੇ ਮੇਲੇ ਦਾ ਉਦੇਸ਼ ਵੀ ਇਹੀ ਰੱਖਿਆ ਗਿਆ ਹੈ :
ਖਾਲਸ ਸੁਧਰੇ ਬੀਜ ਅਪਣਾਓ,
ਖਰਚੇ ਘਟਾਓ ਅਤੇ ਮੁਨਾਫਾ ਵਧਾਓ
ਤੁਸੀਂ ਮੇਲੇ ਵਿੱਚ ਪਧਾਰੋ ਅਤੇ ਆਪਣੇ ਖੇਤੀ ਗਿਆਨ ਨੂੰ ਹੋਰ ਵਧਾਉਣ ਲਈ ਪੀ.ਏ.ਯੂ. ਦੁਆਰਾ ਪ੍ਰਕਾਸ਼ਿਤ ਖੇਤੀ ਸਾਹਿਤ ਜਰੂਰ ਲੈ ਕੇ ਜਾਓ । ਪੀ. ਏ. ਯੂ. ਦੁਆਰਾ ਹਰ ਮਹੀਨੇ ਦੋ ਰਸਾਲੇ ਪੰਜਾਬੀ ਵਿੱਚ ‘ਚੰਗੀ ਖੇਤੀ’ ਅਤੇ ਅੰਗਰੇਜ਼ੀ ਵਿੱਚ ‘ਪ੍ਰੋਗਰੈਸਿਵ ਫਾਰਮਿੰਗ’ ਪ੍ਰਕਾਸ਼ਿਤ ਕੀਤੇ ਜਾਂਦੇ ਹਨ ਅਤੇ ਇਸ ਤੋਂ ਬਿਨ੍ਹਾਂ ਵੱਖ-ਵੱਖ ਫ਼ਸਲਾਂ ਦੀ ਕਾਸ਼ਤ ਸੰਬੰਧੀ ਹੋਰ ਵੀ ਸਾਹਿਤ ਛਾਪਿਆ ਜਾਂਦਾ ਹੈ।
ਹਾੜ੍ਹੀ ਦੀਆਂ ਫ਼ਸਲਾਂ ਦੀ ਕਾਸ਼ਤ ਦੀ ਕਿਤਾਬ ਖਰੀਦਣੀ ਨਾ ਭੁੱਲਿਓ ਇਸ ਵਿ¤ਚ ਨਵੀਆਂ ਕੀਤੀਆਂ ਗਈਆਂ ਸਿਫਾਰਿਸ਼ਾਂ ਅਤੇ ਤਕਨੀਕੀ ਢੰਗਾਂ ਨਾਲ ਕਾਸ਼ਤ ਕਰਨ ਦੇ ਪੂਰੇ ਨੁਕਤਿਆਂ ਬਾਰੇ ਚਰਚਾ ਕੀਤੀ ਗਈ ਹੈ । ਇਸ ਸੰਬੰਧੀ ਤੁਸੀਂ ਹੋਰਾਂ ਨੂੰ ਵੀ ਪ੍ਰੇਰਿਤ ਕਰੋ ਤਾਂ ਜੋ ਉਹ ਵੀ ਇਸ ਗਿਆਨ ਤੇ ਵਿਗਿਆਨ ਦਾ ਲਾਹਾ ਲੈ ਸਕਣ । ਭਵਿੱਖ ਦੀ ਖੇਤੀ ਨੂੰ ਪ੍ਰਫੁੱਲਿਤ ਕਰਨ ਲਈ ਵਿਗਿਆਨ ਅਤੇ ਤਕਨੋਲੋਜੀ ਨੀਂਹ ਹੈ ।
ਲੁਧਿਆਣਾ ਵਿਖੇ ਦੋ ਦਿਨਾਂ ਕਿਸਾਨ ਮੇਲੇ ਦੌਰਾਨ 1-1.5 ਲੱਖ ਕਿਸਾਨ, ਕਿਸਾਨ ਬੀਬੀਆਂ, ਵਿਦਿਆਰਥੀ ਅਤੇ ਦੂਜੇ ਸੂਬਿਆਂ ਦੇ ਕਿਸਾਨ ਜਿਵੇਂ ਕਿ ਹਰਿਆਣਾ, ਹਿਮਾਚਲ, ਰਾਜਸਥਾਨ, ਜੰਮੂ-ਕਸ਼ਮੀਰ ਆਦਿ ਤੋਂ ਆਉਂਦੇ ਹਨ । ਇਸ ਦੌਰਾਨ ਫ਼ਸਲਾਂ, ਸਬਜ਼ੀਆਂ ਅਤੇ ਫਲਾਂ ਦੀਆਂ ਨਵੀਆਂ ਕਿਸਮਾਂ, ਉਤਪਾਦਨ ਦੇ ਨਵੇਂ ਨੁਕਤੇ, ਪੌਦ ਸੁਰੱਖਿਆ ਪ੍ਰਬੰਧ ਅਤੇ ਪ੍ਰੋਸੈਸਿੰਗ ਤਕਨੀਕਾਂ ਬਾਰੇ ਪ੍ਰਦਰਸ਼ਨੀਆਂ ਦੁਆਰਾ ਜਾਣਕਾਰੀ ਦਿੱਤੀ ਜਾਂਦੀ ਹੈ। ਐਗਰੋਫੋਰੈਸਟਰੀ ਅਤੇ ਫ਼ਲਦਾਰ ਬੂਟਿਆਂ ਬਾਰੇ ਵੀ ਪ੍ਰਦਰਸ਼ਨੀਆਂ ਲਾਈਆਂ ਜਾਂਦੀਆਂ ਹਨ ।
ਇਸ ਮੇਲੇ ਦੌਰਾਨ ਵਿਸ਼ੇਸ਼ ਤੌਰ ਤੇ ਝੋਨੇ ਦੇ ਨਾੜ ਨੂੰ ਸੰਭਾਲਣ ਲਈ ਖੜੀ ਪਰਾਲੀ ਵਿ¤ਚ ਮਸ਼ੀਨ ਨਾਲ ਕਣਕ ਦੀ ਮੌਕੇ ਤੇ ਹੀ ਬਿਜਾਈ ਕਰਕੇ ਜਾਣਕਾਰੀ ਦਿੱਤੀ ਜਾਵੇਗੀ । ਇਸ ਤੋਂ ਇਲਾਵਾ ਪਰਾਲੀ ਦੀ ਵਰਤੋਂ ਨੂੰ ਖਾਦ ਵਜੋਂ, ਬਾਇਓਗੈਸ ਉਤਪਾਦਨ, ਖੂੰਬਾਂ ਦੀ ਕਾਸ਼ਤ ਲਈ ਵਰਤਣ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ । ਨਵੀਂ ਖੇਤੀ ਮਸ਼ੀਨਰੀ ਅਤੇ ਸੰਦਾਂ ਬਾਰੇ ਖੇਤੀ-ਸਨਅਤ ਵੱਲੋਂ ਇੱਕ ਵੱਡੀ ਪ੍ਰਦਰਸ਼ਨੀ ਲਗਾਉਣ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਵਿੱਚ ਨਵੇਂ ਟਰੈਕਟਰ, ਕੰਬਾਈਨ, ਲੇਜ਼ਰ ਲੇਵਲਰ, ਪਾਣੀ ਦੇ ਪੰਪ ਅਤੇ ਸਪਰੇਅ ਕਰਨ ਦੇ ਆਧੁਨਿਕ ਪੰਪ ਆਦਿ ਦੇਖਣ ਨੂੰ ਮਿਲਣਗੇ।
ਕਿਸਾਨਾਂ ਨੂੰ ਮੁੱਢਲੇ ਤੌਰ ਤੇ ਖੇਤੀ ਸਕੀਮਾਂ ਅਤੇ ਸਬਸਿਡੀ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਵਾਸਤੇ ਕਈ ਬੈਂਕ ਵੀ ਮੇਲੇ ਦੌਰਾਨ ਹਾਜ਼ਰ ਹੋਣਗੇ । ਇਸ ਤੋਂ ਬਿਨਾਂ ਯੂਨੀਵਰਸਿਟੀ ਦੇ ਮਾਹਿਰਾਂ ਦੁਆਰਾ ਕੀਤੀਆਂ ਖੋਜਾਂ ਜਿਵੇਂ ਕਿ ਪਾਵਰ ਵੀਡਰ, ਹੱਥ ਨਾਲ ਚੱਲਣ ਵਾਲਾ ਹਲ (ਵੀਲ ਹੈਂਡ ਹੋ), ਹੱਥ ਨਾਲ ਚੱਲਣ ਵਾਲਾ ਬਹੁ-ਫ਼ਸਲੀ ਪਲਾਂਟਰ, ਖਾਦਾਂ ਦਾ ਕੇਰਾ ਦੇਣਾ, ਗੰਨਾਂ ਟਰੈਂਚਰ, ਝੋਨਾ ਲਾਉਣ ਵਾਲੀ ਮਸ਼ੀਨ ਆਦਿ ਦੇ ਕੰਮ ਕਰਨ ਬਾਰੇ ਵੀ ਦੱਸਿਆ ਜਾਵੇਗਾ । ਤੁਪਕਾ ਅਤੇ ਫੁਹਾਰਾ ਸਿੰਚਾਈ ਬਾਰੇ ਵੀ ਗਿਆਨ ਦਿੱਤਾ ਜਾਵੇਗਾ।
ਕਿਸਾਨ ਵੀਰੋਂ ਤੁਹਾਡੇ ਵਿੱਚੋਂ ਐਵਾਰਡ ਜੇਤੂ ਅਗਾਂਹਵਧੂ ਕਿਸਾਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਤਾਂ ਜੋ ਇਸ ਤੋਂ ਹੋਰ ਕਿਸਾਨ ਵੀਰ ਪ੍ਰੇਰਿਤ ਹੋ ਸਕਣ । ਤੁਹਾਡੀ ਉਪਜ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਜਿਸ ਵਿੱਚ ਫ਼ਸਲਾਂ, ਸਬਜ਼ੀਆਂ, ਫ਼ਲ ਅਤੇ ਫ਼ੁੱਲਾਂ ਦੇ ਨਮੂਨੇ ਸ਼ਾਮਿਲ ਕੀਤੇ ਜਾਣਗੇ ਅਤੇ ਮਾਹਿਰਾਂ ਦੇ ਪੈਨਲ ਵੱਲੋਂ ਉਪਜ ਦੀ ਗੁਣਵੱਤਾ ਦੇ ਆਧਾਰ ਤੇ ਇਨਾਮ ਕੱਢੇ ਜਾਣਗੇ । ਜੇਤੂਆਂ ਨੂੰ ਮੇਲੇ ਦੇ ਮੰਚ ਤੋਂ ਇਨਾਮ ਤਕਸੀਮ ਕੀਤੇ ਜਾਣਗੇ । ਤੁਹਾਡੇ ਲਈ ਕਿਸਾਨ ਮੇਲੇ ਦੇ ਉਦੇਸ਼ ਨੂੰ ਲੈ ਕੇ ਰੰਗਾਰੰਗ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਪ੍ਰਾਂਤ ਦੇ ਉਘੇ ਕਲਾਕਾਰ ਭਾਗ ਲੈਣਗੇ ਅਤੇ ਮੇਲੇ ਦਾ ਸਿੱਧਾ ਪ੍ਰਸਾਰਣ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਕੇਂਦਰ, ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾਵੇਗਾ।
ਕਿਸਾਨ ਵੀਰੋ ਮੌਕੇ ਦੀ ਨਜਾਕਤ ਨੂੰ ਸਮਝਦਿਆਂ ਲੋੜ ਹੈ ਸਹਾਇਕ ਧੰਦਿਆਂ ਜਿਵੇਂ ਕਿ ਮੱਖੀ ਪਾਲਣ, ਖੁੰਬਾਂ ਦੀ ਕਾਸ਼ਤ ਆਦਿ ਨੂੰ ਅਪਨਾਉਣ ਦੀ, ਜਿਸ ਨਾਲ ਤੁਸੀਂ ਘਰੇਲੂ ਪੱਧਰ ਜਾਂ ਵਪਾਰਕ ਪੱਧਰ ਤੇ ਆਪਣੀ ਆਮਦਨੀ ਵਿੱਚ ਵਾਧਾ ਕਰ ਸਕਦੇ ਹੋ । ਕਿਸਾਨ ਵੀਰਾਂ ਨੂੰ ਮੇਲਿਆਂ ਵਿੱਚ ਪਰਿਵਾਰ ਸਹਿਤ ਸ਼ਮੂਲੀਅਤ ਕਰਨੀ ਚਾਹੀਦੀ ਹੈ ਕਿਉਂਕਿ ਇਸ ਮੇਲੇ ਦੌਰਾਨ ਕਿਸਾਨ ਬੀਬੀਆਂ ਲਈ ਵੀ ਬਹੁਤ ਕੁਝ ਸਿੱਖਣ ਲਈ ਹੁੰਦਾ ਹੈ । ਗ੍ਰਹਿ ਵਿਗਿਆਨ ਮਾਹਿਰਾਂ ਵੱਲੋਂ ਘਰ ਦੇ ਸੁਚੱਜੇ ਪ੍ਰਬੰਧ ਅਤੇ ਬੱਚਿਆਂ ਦੀ ਸੰਭਾਲ ਬਾਰੇ ਨੁਕਤੇ ਸਾਂਝੇ ਕੀਤੇ ਜਾਂਦੇ ਹਨ । ਖਾਣਾ ਪਕਾਉਣਾ, ਕਢਾਈ ਅਤੇ ਬੁਣਾਈ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ ।
ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਕਿਸਾਨ ਮੇਲੇ ਦੌਰਾਨ ਖੇਤੀ ਦੇ ਹਰ ਪੱਖ ਤੋਂ ਜਾਣਕਾਰੀ ਹਾਸਿਲ ਕਰੋਗੇ ਅਤੇ ਪਰਾਲੀ ਦਾ ਸੁਚੱਜੇ ਢੰਗਾਂ ਨਾਲ ਪ੍ਰਬੰਧ ਕਰੋਗੇ। ਆਓ ਸਾਰੇ ਰਲ ਕੇ ਪ੍ਰਣ ਕਰੀਏ ਕਿ ਪਰਾਲੀ ਨੂੰ ਅ¤ਗ ਨਾ ਲਾ ਕੇ ਵਾਤਾਵਰਣ ਅਤੇ ਕੁਦਰਤੀ ਸੋਮਿਆਂ ਨੂੰ ਬਚਾਈਏ ।