ਨਿਊਯਾਰਕ – ਅਮਰੀਕਾ ਵਿੱਚ ਅੱਜ ਤੋਂ 13 ਸਾਲ ਪਹਿਲਾਂ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਦੇਸ਼ਵਾਸੀਆਂ ਨੂੰ ਦੁੱਖੀ ਹਿਰਦਿਆਂ ਨਾਲ ਯਾਦ ਕੀਤਾ ਗਿਆ। ਰਾਸ਼ਟਰ ਨੇ ਰਾਸ਼ਟਰਪਤੀ ਓਬਾਮਾ ਦੀ ਅਗਵਾਈ ਵਿੱਚ 11 ਸਿਤੰਬਰ 2001 ਵਿੱਚ ਵਰਲਡ ਟਰੇਡ ਸੈਂਟਰ ਤੇ ਹੋਏ ਅੱਤਵਾਦੀ ਹਮਲੇ ਵਿੱਚ 3000 ਹਜ਼ਾਰ ਦੇ ਕਰੀਬ ਮਾਰੇ ਗਏ ਲੋਕਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਅਮਰੀਕਾ ਕਦੇ ਵੀ ਕਿਸੇ ਡਰ ਦੇ ਅੱਗੇ ਨਹੀਂ ਝੁਕੇਗਾ।
ਵਾਈਟ ਹਾਊਸ ਵਿੱਚ ਰਾਸ਼ਟਰਪਤੀ ਓਬਾਮਾ ਨੇ ਆਪਣੀ ਪਤਨੀ ਮਿਸ਼ੇਲ ਅਤੇ ਉਪ ਰਾਸ਼ਟਰਪਤੀ ਜੋ ਬਾਈਡਨ ਸਮੇਤ ਇਸ ਦੁੱਖਦਾਇਕ ਘਟਨਾ ਦੀ 13ਵੀਂ ਬਰਸੀ ਤੇ ਕੁਝ ਪੱਲ ਮੌਨ ਧਾਰਣ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਤੋਂ 13 ਸਾਲ ਪਹਿਲਾਂ ਅਮਰੀਕਾ ਦੀ ਇੱਕ ਸਵੇਰ ਨੂੰ ਸ਼ਾਂਤੀ ਭੰਗ ਕੀਤੀ ਗਈ ਸੀ। ਫਿਰ ਉਨ੍ਹਾਂ ਨੇ ਪੇਂਟਾਗਨ ਵਿੱਚ ਕਿਹਾ ਕਿ ਅੱਜ ਦੇ ਦਿਨ 3000 ਦੇ ਕਰੀਬ ਖੂਬਸੂਰਤ ਜਿੰਦਗੀਆਂ ਸਾਡੇ ਤੋਂ ਖੋਹ ਲਈਆਂ ਗਈਆਂ ਸਨ। ਵਾਸਿ਼ੰਗਟਨ,ਨਿਊਯਾਰਕ ਅਤੇ ਪੇਂਟਾਗਨ ਵਿੱਚ ਸ਼ਰਧਾਂਜਲੀ ਸਮਾਰੋਹ ਕੀਤੇ ਗਏ। ਰਾਸ਼ਟਰਪਤੀ ਓਬਾਮਾ ਨੇ ਇਸ ਮੌਕੇ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੂੰ ਖਤਮ ਕਰਨ ਦਾ ਸੰਕਲਪ ਲਿਆ।