ਲੰਡਨ – ਸਕਾਟਲੈਂਡ ਵਿੱਚ ਬ੍ਰਿਟੇਨ ਤੋਂ ਵੱਖ ਹੋਣ ਲਈ 18 ਸਿਤੰਬਰ ਨੂੰ ਹੋ ਰਹੀ ਵੋਟਿੰਗ ਨੇ ਕੈਮਰਨ ਸਰਕਾਰ ਦੀ ਨੀਂਦ ਉਡਾ ਰੱਖੀ ਹੈ। ਵੱਖਰੇ ਸਕਾਟਲੈਂਡ ਦੇ ਸਮਰਥੱਕਾਂ ਦੀ ਸੰਖਿਆ ਵੱਧਦੀ ਜਾ ਰਹੀ ਹੈ। ਮਹਾਰਾਣੀ ਅਲੈਜ਼ਬਿੱਥ ਵੱਲੋਂ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕਰਨ ਤੋਂ ਇਨਕਾਰ ਕਰਨ ਕਰਕੇ ਵੀ ਸਰਕਾਰ ਦੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ ਹੋ ਗਿਆ ਹੈ।
ਮਹਾਰਾਣੀ ਵੱਲੋਂ 1977 ਵਿੱਚ ਇੱਕ ਅਜਿਹੇ ਹੀ ਮੁੱਦੇ ਤੇ ਬ੍ਰਿਟਿਸ਼ ਸੰਸਦ ਵਿੱਚ ਕੀਤਾ ਗਿਆ ਸੰਬੋਧਨ ਲੋਕਾਂ ਦਾ ਮਨ ਬਦਲਣ ਵਾਲਾ ਸਾਬਿਤ ਹੋਇਆ ਸੀ।ਪਰ ਇਸ ਵਾਰ ਬ੍ਰਕਿੰਘਮ ਪੈਲਸ ਤੋਂ ਨਿਰਾਸਾ ਹੀ ਮਿਲੀ ਹੈ। ਸਕਾਟਲੈਂਡ 307 ਸਾਲ ਪਹਿਲਾਂ ਬ੍ਰਿਟੇਨ ਦਾ ਹਿੱਸਾ ਬਣਿਆ ਸੀ। ਬ੍ਰਿਟੇਨ ਦੇ ਤਿੰਨਾਂ ਰਾਜਨੀਤਕ ਦਲਾਂ ਦੇ ਨੇਤਾ ਸਕਾਟਲੈਂਡ ਨੂੰ ਟੁੱਟਣ ਤੋਂ ਬਚਾਉਣ ਲਈ ਪੂਰਾ ਯਤਨ ਕਰ ਰਹੇ ਹਨ।
ਪ੍ਰਧਾਨਮੰਤਰੀ ਡੇਵਿਡ ਕੈਮਰਨ ਨੇ ਇੱਕ ਭਾਵੁਕ ਅਪੀਲ ਕਰਦੇ ਹੋਏ ਕਿਹਾ ਹੈ ਕਿ ਊਹ ਰਾਸ਼ਟਰ ਨੂੰ ਟੁੱਟਦਾ ਹੋਇਆ ਨਹੀਂ ਵੇਖ ਸਕਦੇ, ਜੇ ਇੱਕ ਵਾਰ ਵੱਖ ਹੋ ਗਿਆ ਤਾਂ ਫਿਰ ਇਸ ਨੂੰ ਜੋੜਿਆ ਨਹੀਂ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਉਹ ਸਕਾਟਿਸ਼ ਜਨਤਾ ਦੀਆਂ ਉਮੀਦਾਂ ਤੇ ਪੂਰਾ ਉਤਰਨ ਦਾ ਵਾਅਦਾ ਕਰਦੇ ਹਨ।