ਨਵੀ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਆਹੇਦਦਾਰਾਂ ਵੱਲੋ ਬਾਰ ਬਾਰ ਝੂਠ ਬੋਲਣ ਦੀ ਨਿਖੇਧੀ ਕਰਦਿਆ ਕਿਹਾ ਕਿ ਬੰਗਲਾ ਸਾਹਿਬ ਦੀ ਪਾਰਕਿੰਗ ਅਤੇ ਬਾਲਾ ਸਾਹਿਬ ਦੇ ਹਸਪਤਾਲ ਨੂੰ ਵੇਚਣ ਦੇ ਉਹਨਾਂ ਤੇ ਲਗਾਏ ਜਾ ਰਹੇ ਦੋਸ਼ ਪੂਰੀ ਤਰਾਂ ਬੇਬੁਨਿਆਦ, ਅਧਾਰਹੀਣ ਤੇ ਝੂਠੇ ਹਨ ਜਿਹਨਾਂ ਦੀ ਆੜ ਹੇਠ ਦਿੱਲੀ ਕਮੇਟੀ ਵਾਲੇ ਸੌੜੀ ਸਿਆਸਤ ਕਰਕੇ ਆਪਣਾ ਹਲਵਾ ਮੰਡਾ ਚਲਾ ਰਹੇ ਹਨ।
ਜਾਰੀ ਇੱਕ ਬਿਆਨ ਰਾਹੀ ਸ੍ਰ ਪਰਮਜੀਤ ਸਿੰਘ ਸਰਨਾ ਤੇ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਗੁਰੂਦੁਆਰਾ ਬੰਗਲਾ ਸਾਹਿਬ ਦੀ ਪਾਰਕਿੰਗ ਨੂੰ ਵੇਚਣ ਦੇ ਉਹਨਾਂ ਤੇ ਲਗਾਏ ਜਾ ਰਹੇ ਦੋਸ਼ ਪੂਰੀ ਤਰਾਂ ਝੂਠੇ ਹੀ ਨਹੀ ਸਗੋ ਅਧਾਰਹੀਣ ਹਨ ਕਿਉਕਿ ਬੰਗਲਾ ਸਾਹਿਬ ਦੀ ਪਾਰਕਿੰਗ ਨੂੰ ਲੈ ਕੇ ਜਿਹੜਾ ਐਨ।ਡੀ।ਐਮ।ਸੀ ਤੇ ਦਿੱਲੀ ਕਮੇਟੀ ਵਿਚਕਾਰ ਸਮਝੌਤਾ ਹੋਇਆ ਸੀ ਉਸ ਸਮੇਂ ਬਾਦਲ ਦਲ ਨਾਲ ਹੀ ਸਬੰਧਿਤ ਸ੍ਰ ਪ੍ਰਹਲਾਦ ਸਿੰਘ ਚੰਡੋਕ ਪ੍ਰਧਾਨ ਸਨ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਜੀ।ਕੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋ ਹਕੂਮਤਾਂ ਬਦਲਦੀਆ ਹਨ ਤਾਂ ਕੋਈ ਵੀ ਪ੍ਰਧਾਨ ਕਿਸੇ ਨੂੰ ਚਾਰਜ ਦੇ ਕੇ ਨਹੀ ਜਾਂਦਾ ਸਗੋ ਅਧਿਕਾਰੀ ਸਾਰਾ ਕੰਮਕਾਰ ਦੇਖਦੇ ਹਨ। ਉਹਨਾਂ ਕਿਹਾ ਕਿ ਜੇਕਰ ਚਾਰਜ ਦੇਣ ਦੀ ਗੱਲ ਕਰ ਲਈ ਜਾਵੇ ਤਾਂ ਕੀ ਮਨਜੀਤ ਸਿੰਘ ਗਰੇਟਰ ਕੈਲਾਸ਼ ਦੱਸ ਸਕਦੇ ਹਨ ਕਿ ਜਦੋ ਉਹਨਾਂ ਦੇ ਪਿਤਾ ਸੰਤੋਖ ਸਿੰਘ ਪ੍ਰਧਾਨ ਬਣੇ ਸਨ ਤਾਂ ਉਹਨਾਂ ਨੇ ਕਿਸ ਪ੍ਰਧਾਨ ਕੋਲੋ ਚਾਰਜ ਲਿਆ ਸੀ ਤੇ ਕਿਸ ਪ੍ਰਧਾਨ ਨੂੰ ਚਾਰਜ ਦੇ ਕੇ ਗਏ ਸਨ? ਉਹਨਾਂ ਕਿਹਾ ਕਿ ਕੀ ਮਨਜੀਤ ਸਿੰਘ ਨੂੰ ਆਪਣੇ ਬਾਪ ਕੋਲੋ ਸਿਰਫ ਤਾਂ ਸਿਰਫ ਬਦਇਖਲਾਕੀ ਹੀ ਵਿਰਸੇ ਵਿੱਚ ਮਿਲੀ ਹੈ? ਉਹਨਾਂ ਕਿਹਾ ਕਿ ਦਿੱਲੀ ਕਮੇਟੀ ਇਸ ਵੇਲੇ ਪੂਰੀ ਤਰਾਂ ਭ੍ਰਿਸ਼ਟਾਚਾਰ ਦਾ ਅੱਡਾ ਬਣੀ ਹੋਈ ਹੈ ਤੇ ਆਪਣੀਆ ਕਮਜ਼ੋਰੀਆ ਤੇ ਨਲਾਇਕੀਆ ਨੂੰ ਛੁਪਾਉਣ ਲਈ ਉਹ ਦੂਜਿਆ ਨੂੰ ਦੋਸ਼ੀ ਠਹਿਰਾਉਣ ਦਾ ਅਸਫਲ ਯਤਨ ਕਰਕੇ ਸੰਗਤਾਂ ਵਿੱਚ ਭੰਬਲਭੂਸਾ ਪੈਦਾ ਕਰਨਾ ਚਾਹੁੰਦੀ ਹੈ ਪਰ ਦਿੱਲੀ ਦੀ ਸੰਗਤ ਬਹੁਤ ਸਿਆਣੀ ਤੇ ਸੂਝਵਾਨ ਹੈ ਜੋ ਸਭ ਕੁਝ ਜਾਣਦੀ ਹੈ।
ਉਹਨਾਂ ਕਿਹਾ ਕਿ ਬਾਲਾ ਸਾਹਿਬ ਗੁਰੂਦੁਆਰੇ ਦੇ ਹਸਪਤਾਲ ਦਾ ਮਾਮਲਾ ਚੋਣਾਂ ਤੋ ਪਹਿਲਾਂ ਇਹ ਦੋਸ਼ ਲਗਾ ਕੇ ਉਠਾਇਆ ਗਿਆ ਸੀ ਕਿ ਹਸਪਤਾਲ ਵੇਚ ਦਿੱਤਾ ਗਿਆ ਹੈ ਪਰ ਪੌਣੋ ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਮਨਜੀਤ ਸਿੰਘ ਗਰੇਟਰ ਕੈਲਾਸ਼ ਤੇ ਮਨਜਿੰਦਰ ਸਿੰਘ ਸਿਰਸਾ ਇਹ ਨਹੀ ਦੱਸ ਸਕੇ ਕਿ ਹਸਪਤਾਲ ਕਿਸ ਵਿਅਕਤੀ ਜਾਂ ਪਾਰਟੀ ਨੂੰ ਵੇਚਿਆ ਗਿਆ ਹੈ? ਉਹਨਾਂ ਕਿਹਾ ਕਿ ਉਹ ਕਈ ਵਾਰੀ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਜਿਹੜੀਆ ਭ੍ਰਿਸ਼ਟਾਚਾਰ ਦੀਆ ਫਾਈਲਾਂ ਦਿੱਲੀ ਕਮੇਟੀ ਦੇ ਆਹੁਦੇਦਾਰਾਂ ਕੋਲ ਉਹਨਾਂ ਦੀਆ ਪਈਆ ਹਨ ਉਹਨਾਂ ਨੂੰ ਵਾਅਦੇ ਮੁਤਾਬਕ ਜਨਤਕ ਕਿਉ ਨਹੀ ਕੀਤਾ ਜਾਂਦਾ? ਉਹਨਾਂ ਕਿਹਾ ਕਿ ਜੇਕਰ ਪ੍ਰਬੰਧਕਾਂ ਨੂੰ ਹਾਲੇ ਵੀ ਉਹਨਾਂ (ਸਰਨਿਆ) ਦੀ ਇਮਾਨਦਾਰੀ ‘ਤੇ ਕੋਈ ਸ਼ੱਕ ਹੈ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਹਾਈਕੋਰਟ ਜਾਂ ਸੁਪਰੀਮ ਕੋਰਟ ਦੇ ਸਾਬਕਾ ਸਿੱਖ ਜੱਜ ਕੋਲੋ ਸਾਰਾ ਰਿਕਾਰਡ ਦੇ ਕੇ ਪਿਛਲੇ ੧੩ ਸਾਲਾਂ ਦੀ ਜਾਂਚ ਕਰਵਾ ਸਕਦੇ ਹਨ ਤਾਂ ਸੱਚ ਝੂਠ ਦਾ ਨਿਤਾਰਾ ਆਪਣੇ ਆਪ ਹੋ ਜਾਵੇਗਾ ਕਿ ਭ੍ਰਿਸ਼ਟਾਚਾਰ ਕਦੋ ਤੇ ਕਿਸ ਦੇ ਸਮੇਂ ਹੋਇਆ ਹੈ, ਪਰ ਪ੍ਰਬੰਧਕ ਇਸ ਸੱਚ ਤੋ ਵੀ ਇਸ ਕਰਕੇ ਭੱਜ ਰਹੇ ਹਨ ਕਿਉਕਿ ਸਰਨਾ ਭਰਾਵਾਂ ਦੇ ੧੧ ਸਾਲਾਂ ਦੌਰਾਨ ਦਾ ਘੱਪਲਾ ਕੋਈ ਬਾਹਰ ਆਉਣਾ ਨਹੀ ਪਰ ਇਹਨਾਂ ਨੇ ੧੮ ਮਹੀਨਿਆ ਦਾ ਚਿੱਠਾ ਜਰੂਰ ਬਾਹਰ ਆ ਜਾਣਾ ਹੈ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ। ਕੇ ਨੂੰ ਝੂਠ ਬੋਲ ਕੇ ਬੇਬੁਨਿਆਦ ਦੋਸ਼ ਲਗਾਉਣ ਦੀ ਬਜਾਏ ਯਥਰਾਥ ਰੂਪ ਵਿੱਚ ਕਾਰਵਾਈ ਕਰਕੇ ”ਸੱਚ” ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ।