ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ ਕਸ਼ਮੀਰ ‘ਚ ਆਏ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਚੌਥੇ ਦਿੰਨ ਵੀ ਲਗਾਤਾਰ ਪੱਕਿਆ ਰਾਸ਼ਨ, ਦਵਾਈਆਂ ਆਦਿਕ ਵੱਡੀ ਗਿਣਤੀ ‘ਚ ਜਿਥੇ ਦਿੱਲੀ ਤੋਂ ਭੇਜਿਆ ਜਾ ਰਿਹਾ ਹੈ ਉਥੇ ਹੀ ਡਾਕਟਰ ਦੀਆਂ ਟੀਮਾਂ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਦੇਖ-ਰੇਖ ਕਰ ਰਹੀਆਂ ਹਨ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਜੋ ਕਿ ਕਲ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਸ੍ਰੀ ਨਗਰ ‘ਚ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਰਾਹਤ ਅਤੇ ਲੰਗਰ ਦੇ ਇੰਤਜ਼ਾਮਾ ਦਾ ਨਿਗਰਾਨੀ ਕਰਕੇ ਵਾਪਿਸ ਪਰਤੇ ਹਨ, ਨੇ ਦਾਅਵਾ ਕੀਤਾ ਕਿ ਕਮੇਟੀ ਵੱਲੋਂ ਰੋਜ਼ਾਨਾ 50,000 ਬੰਦਿਆ ਨੂੰ ਲੰਗਰ ਪਰਸ਼ਾਦਾ ਛਕਾਇਆ ਜਾ ਰਿਹਾ ਹੈ। ਜੀ.ਕੇ. ਨੇ ਕਿਹਾ ਕਿ ਇਹ ਲੰਗਰ ਬਿਨਾ ਕਿਸੇ ਧਰਮ, ਜਾਤ ਜਾਂ ਸਥਾਨ ਦਾ ਭੇਦ ਕੀਤੇ ਬਿਨਾ ਸ੍ਰੀ ਨਗਰ ਵਿਚ ਚਲ ਰਹੇ ਹਨ, ਜਿਸ ਵਿਚ ਲੰਗਰ ਦੇ ਇਲਾਵਾ ਬਿਸਕੁਟ, ਜੈਕੇਟ, ਦਵਾਈਆਂ, ਗਰਮ ਕਪੜੇ, ਪੀਣ ਲਈ ਪਾਣੀ, ਟੈਂਟ ਅਤੇ ਕੀਸ਼ਤੀਆਂ ਦਾ ਵੀ ਇਸਤੇਮਾਲ ਲੋਕਾਂ ਨੂੰ ਪਰੇਸ਼ਾਨੀ ਚੋਂ ਕੱਢਣ ਵਾਸਤੇ ਕੀਤਾ ਜਾ ਰਿਹਾ ਹੈ।
ਦਿੱਲੀ ਕਮੇਟੀ ਵੱਲੋਂ ਕਲ ਵਿਸ਼ੇਸ਼ ਜਹਾਜ਼ ਰਾਹੀਂ ਭੇਜੀ ਗਈ 25 ਟਨ ਰਾਹਤ ਸਾਮਗ੍ਰੀ ਦੀ ਖੇਪ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਸ੍ਰੀ ਨਗਰ ਵਿਖੇ ਕੰਮ ਕਰ ਰਹੀ ਦਿੱਲੀ ਕਮੇਟੀ ਦੇ ਮੈਂਬਰਾਂ, ਯੂਥ ਅਕਾਲੀ ਦਲ ਦੇ ਕਾਰਕੁੂੰਨ, ਦਿੱਲੀ ਕਮੇਟੀ ਸਟਾਫ, ਅਤੇ ਸੇਵਾਦਾਰਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਦੱਸਿਆ ਕਿ ਸੀਨੀਅਰ ਆਗੂ ਬਲਵੰਤ ਸਿੰਘ ਰਾਮੂਵਾਲੀਆ, ਰਵਿੰਦਰ ਸਿੰਘ ਖੁਰਾਨਾ, ਉਂਕਾਰ ਸਿੰਘ ਥਾਪਰ, ਤਨਵੰਤ ਸਿੰਘ ਅਤੇ ਮੈਂਬਰ ਕੁਲਵੰਤ ਸਿੰਘ ਬਾਠ, ਸਮਰਦੀਪ ਸਿੰਘ ਸੰਨੀ, ਜਸਬੀਰ ਸਿੰਘ ਜੱਸੀ ਅਤੇ ਪਰਮਜੀਤ ਸਿੰਘ ਚੰਢੋਕ ਇਨ੍ਹਾਂ ਰਾਹਤ ਕਾਰਜਾਂ ਤੇ ਖਾਸ ਨਿਗਰਾਨੀ ਰੱਖ ਰਹੇ ਹਨ ਜਦੋ ਕਿ ਕਮੇਟੀ ਦੇ ਕੌਮਾਂਤਰੀ ਮਾਮਲਿਆਂ ਦੇ ਸਲਾਹਕਾਰ ਪੁਨਿਤ ਸਿੰਘ ਚੰਢੋਕ ਸਰਕਾਰ ਦੀ ਰਾਹਤ ਕਾਰਜਾਂ ਦੀ ਕੈਬਿਨੇਟ ਕਮੇਟੀ ਨਾਲ ਸ੍ਰੀ ਨਗਰ ‘ਚ ਤਾਲਮੇਲ ਦੇਖ ਰਹੇ ਹਨ ਤਾਂਕਿ ਗੈਰ ਜ਼ਰੂਰੀ ਸਮਾਨ ਜਾਂ ਜ਼ਰੂਰਤ ਤੋਂ ਵੱਧ ਸਮਾਨ ਸ੍ਰੀ ਨਗਰ ਨਾ ਮੰਗਵਾਇਆ ਜਾਵੇ।
ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਸੈਲਾਬ ਦੇ ਕਾਰਣ ਬੇਘਰ ਹੋਏ ਲੋਕਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਕਸ਼ਮੀਰ ਦੇ ਲੋਕ ਬੜੇ ਮੁਸ਼ਕਿਲ ਦੋਰ ਚੋਂ ਗੁਜ਼ਰ ਰਹੇ ਹਨ ਤੇ ਇਸ ਦੌਰਾਨ ਸਰਕਾਰੀ ਅਤੇ ਗੈਰ ਸਰਕਾਰੀ ਐਜੰਸੀਆਂ ਵੱਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ। ਸਿਰਸਾ ਨੇ ਰਾਹਤ ਸਮਗ੍ਰੀ ਛੱਡ ਕੇ ਵਾਪਿਸ ਪਰਤੇ ਦਿੱਲੀ ਕਮੇਟੀ ਦੇ ਵਿਸ਼ੇਸ਼ ਜਹਾਜ਼ ਰਾਹੀਂ 30 ਪਰਿਵਾਰਾਂ ਦੇ ਵਾਪਿਸ ਦਿੱਲੀ ਪੁੱਜਣ ਦੀ ਵੀ ਜਾਣਕਾਰੀ ਦਿੱਤੀ। ਸਿਰਸਾ ਨੇ ਕਿਹਾ ਕਿ ਇਹ ਪਰਿਵਾਰ ਬਿਹਾਰ ਅਤੇ ਗੁਜਰਾਤ ਸੁਬਿਆਂ ਦੇ ਸਨ ਤੇ ਦਿੱਲੀ ਕਮੇਟੀ ਵੱਲੋਂ ਇਨ੍ਹਾਂ ਪਰਿਵਾਰਾਂ ਨੂੰ ਸ੍ਰੀਨਗਰ ਤੋਂ ਦਿੱਲੀ ਤਕ ਐਯਰ ਲਿਫਟ ਕਰਵਾਉਣ ਦੇ ਨਾਲ ਹੀ ਮਾਲੀ ਮਦਦ ਦੇ ਕੇ ਉਨ੍ਹਾਂ ਦੇ ਘਰਾਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ। ਸ੍ਰੀ ਨਗਰ ਦੇ ਗੁਰਦੁਆਰਾ ਸ਼ਹੀਦ ਬੁੰਗਾ ਬਰਜੁਲਾ ਨੂੰ ਵੀ ਦਿੱਲੀ ਕਮੇਟੀ ਵੱਲੋਂ 10 ਲੱਖ ਦੀ ਮਾਲੀ ਮਦਦ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।