ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਦੋ ਰੋਜ਼ਾ ਕਿਸਾਨ ਮੇਲਾ ਅੱਜ ਆਰੰਭ ਹੋਇਆ । ਇਸ ਕਿਸਾਨ ਮੇਲੇ ਵਿੱਚ ਖੇਤੀਬਾੜੀ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਪੰਜਾਬ ਸ. ਤੋਤਾ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦ ਕਿ ਵਿੱਤ ਕਮਿਸ਼ਨਰ (ਵਿਕਾਸ) ਅਤੇ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਉਦਘਾਟਨੀ ਸਮਾਰੋਹ ਦੌਰਾਨ ਸ਼ਾਮਲ ਹੋਏ । ਇਸ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਇਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲ੍ਹੀ, ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ. ਹਰਦੇਵ ਸਿੰਘ ਰਿਆੜ ਅਤੇ ਸ਼੍ਰੀਮਤੀ ਕਰਮਜੀਤ ਕੌਰ ਦਾਨੇਵਾਲੀਆ ਵੀ ਹਾਜ਼ਰ ਸਨ ।
ਇਸ ਮੌਕੇ ਸ. ਤੋਤਾ ਸਿੰਘ ਨੇ ਬੋਲਦਿਆਂ ਕਿਹਾ ਕਿ ਦੇਸ਼ ਦੀ ਭੋਜਨ ਸੁਰੱਖਿਆ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਅਹਿਮ ਯੋਗਦਾਨ ਹੈ । ਉਨ੍ਹਾਂ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਇੰਸਦਾਨਾਂ ਵੱਲੋਂ ਵਿਕਸਤ ਤਕਨਾਲੌਜੀ ਅਤੇ ਕਿਸਾਨਾਂ ਦੀ ਮਿਹਨਤ ਸਦਕਾ ਇਹ ਦੇਸ਼ ਭੋਜਨ ਪੱਖੋਂ ਸੁਰੱਖਿਅਤ ਮਹਿਸੂਸ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਦੌਰਾਨ ਜਿਸ ਅਨੁਪਾਤ ਦੇ ਨਾਲ ਮੁਢਲੀਆਂ ਲਾਗਤਾਂ ਵਿੱਚ ਵਾਧਾ ਹੋਇਆ ਹੈ ਕਿਸਾਨਾਂ ਨੂੰ ਜਿਣਸਾਂ ਦੇ ਭਾਅ ਉਸ ਅਨੁਪਾਤ ਅਨੁਸਾਰ ਨਹੀਂ ਮਿਲ ਰਹੇ । ਉਨ੍ਹਾਂ ਅਜਿਹੇ ਮੇਲੇ ਆਯੋਜਿਤ ਕਰਨ ਲਈ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਇਹ ਕਿਸਾਨ ਮੇਲੇ ਗਿਆਨ ਦੇ ਮੇਲੇ ਹਨ ਅਤੇ ਸਾਨੂੰ ਇਥੋਂ ਕੁਝ ਜਰੂਰ ਸਿੱਖਣਾ ਚਾਹੀਦਾ ਹੈ ।
ਡਾ. ਢਿੱਲੋਂ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਮੇਲੇ ਦਾ ਸੰਦੇਸ਼ ਖਾਲਸ ਸੁਧਰੇ ਬੀਜ ਬਣਾਓ, ਖਰਚਾ ਘਟਾਓ ਅਤੇ ਮੁਨਾਫ਼ਾ ਵਧਾਓ ਰੱਖਿਆ ਗਿਆ ਹੈ । ਇਹ ਸੰਦੇਸ਼ ਸਾਨੂੰ ਚਾਨਣਾ ਪਾਉਂਦਾ ਹੈ ਕਿ ਜੇਕਰ ਅਸੀਂ ਮਿਆਰੀ ਬੀਜ ਦੀ ਵਰਤੋਂ ਕਰਾਂਗੇ ਤਾਂ ਉਸ ਨਾਲ ਮਿਆਰੀ ਝਾੜ ਵੀ ਪ੍ਰਾਪਤ ਹੋਵੇਗਾ ਅਤੇ ਆਮਦਨ ਵਿੱਚ ਵੀ ਵਾਧਾ ਹੋਵੇਗਾ । ਡਾ. ਢਿੱਲੋਂ ਨੇ ਕਿਸਾਨਾਂ ਨੂੰ ਵੀ ਇੱਕ ਸਾਇੰਸਦਾਨ ਦਾ ਰੁਤਬਾ ਦਿੰਦਿਆਂ ਕਿਹਾ ਕਿ ਕਿਸਾਨ ਵੀ ਆਪਣੇ ਆਪ ਵਿੱਚ ਵਿਗਿਆਨੀ ਹੁੰਦੇ ਹਨ ਜੋ ਸੁਚੇਤ ਅਤੇ ਅਚੇਤ ਮਨ ਦੇ ਨਾਲ ਤਜ਼ਰਬੇ ਕਰਦੇ ਹਨ । ਇਨ੍ਹਾਂ ਤਜ਼ਰਬਿਆਂ ਦੇ ਅਧਾਰਤ ਹੀ ਵਿਗਿਆਨੀਆਂ ਨਵੀਆਂ ਖੋਜਾਂ ਵਿੱਢਦੇ ਹਨ । ਉਨ੍ਹਾਂ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਅਤੇ ਤਕਨੀਕਾਂ, ਸਿਫ਼ਾਰਸ਼ਾਂ ਨੂੰ ਅਪਨਾਉਣ ਦੀ ਅਪੀਲ ਕੀਤੀ। ਡਾ. ਢਿੱਲੋਂ ਨੇ ਵਿਸ਼ੇਸ਼ ਤੌਰ ਤੇ ਬੀਤੇ ਦਿਨੀਂ ਜਾਰੀ ਵੱਖ ਵੱਖ ਫ਼ਸਲਾਂ ਦੀਆਂ ਕਿਸਮਾਂ ਬਾਰੇ ਸੰਖੇਪ ਵਿੱਚ ਚਾਨਣਾ ਪਾਇਆ ।
ਇਸ ਤੋਂ ਪਹਿਲਾਂ ਜੀ ਆਇਆਂ ਦੇ ਸ਼ਬਦ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿਖਿਆ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਬੋਲਦਿਆਂ ਕਿਹਾ ਕਿ ਇਹ ਕਿਸਾਨ ਮੇਲਾ ਕਿਸਾਨਾਂ ਦੇ ਲਈ ਹੈ, ਜੇਕਰ ਕਿਸਾਨ ਵੀਰ ਵੱਡੀ ਗਿਣਤੀ ਵਿ¤ਚ ਇਸ ਮੇਲੇ ਵਿੱਚ ਸ਼ਮੂਲੀਅਤ ਕਰਦੇ ਹਨ ਤਾਂ ਉਹ ਯੂਨੀਵਰਸਿਟੀ ਵੱਲੋਂ ਕੀਤੀਆਂ ਖੋਜਾਂ ਵਿੱਚ ਅਟੱਲ ਵਿਸ਼ਵਾਸ਼ ਦੀ ਪ੍ਰੋੜਤਾ ਕਰਦੀ ਹੈ । ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਗਹਿਰੇ ਤਜ਼ਰਬਿਆਂ ਉਪਰੰਤ ਕੀਤੀਆਂ ਜਾਂਦੀਆਂ ਹਨ । ਸੋ ਸਾਨੂੰ ਉਨ੍ਹਾਂ ਦੀ ਹੁ-ਬ-ਹੂ ਪਾਲਣਾ ਕਰਨੀ ਚਾਹੀਦੀ ਹੈ ਅਤੇ ਸਿਫ਼ਾਰਸ਼ਾਂ ਅਨੁਸਾਰ ਹੀ ਖੇਤੀ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਫਾਰਮ ਸਲਾਹਕਾਰ ਕੇਂਦਰ ਖੋਲੇ ਗਏ ਹਨ ਜਿੱਥੋਂ ਅਸੀਂ ਸਿਖਲਾਈਆਂ ਪ੍ਰਾਪਤ ਕਰਕੇ ਸਹਾਇਕ ਧੰਦੇ ਆਰੰਭ ਕਰ ਸਕਦੇ ਹਾਂ । ਮੇਲੇ ਦੌਰਾਨ 4 ਅਗਾਂਹ ਵਧੂ ਕਿਸਾਨਾਂ ਨੂੰ ਵੀ ਸਨਮਾਨਤ ਕੀਤਾ ਗਿਆ । ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਵੱਲੋਂ ਸਟਾਲਾਂ ਤੋਂ ਇਲਾਵਾ ਪ੍ਰਦਰਸ਼ਨੀ ਪਲਾਟ ਲਗਾਏ ਗਏ।