ਨਵੀਂ ਦਿੱਲੀ – ਚੀਨ ਦੈ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਭਾਰਤ ਦੇ ਦੌਰੇ ਤੋਂ ਪਹਿਲਾਂ ਚੀਨੀ ਸੈਨਾ ਨੇ ਇੱਕ ਅਜਿਹੀ ਵਾਰਦਾਤ ਕੀਤੀ ਹੈ ਜਿਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਕੜਵਾਹਟ ਪੈਦਾ ਹੋਈ ਹੈ। ਲਦਾਖ ਦੇ ਚੁਮਾਰ ਖੇਤਰ ਵਿੱਚ ਚੀਨ ਦੇ 300 ਸੈਨਿਕਾਂ ਨੇ 100 ਦੇ ਕਰੀਬ ਭਾਰਤੀ ਜਵਾਨਾਂ ਨੂੰ ਘੇਰਿਆ ਹੋਇਆ ਹੈ।
ਲੇਹ ਦੇ ਕਲੈਕਟਰ ਐਸ. ਐਸ. ਗਿੱਲ ਦਾ ਕਹਿਣਾ ਹੈ ਕਿ ਚੀਨ ਦੇ ਨਾਗਰਿਕ ਅਤੇ ਸੈਨਿਕ ਲਦਾਖ ਦੇ ਦੇਮਚੋਕ ਇਲਾਕੇ ਵਿੱਚ ਮਨਰੇਗਾ ਦੇ ਤਹਿਤ ਬਣ ਰਹੀ ਨਹਿਰ ਦੇ ਨਿਰਮਾਣ ਦੇ ਖਿਲਾਫ਼ ਇੱਕ ਹਫਤੇ ਤੋਂ ਪ੍ਰਦਰਸ਼ਨ ਕਰ ਰਹੇ ਹਨ। ਦੋਵਾਂ ਪਾਸਿਆਂ ਦੀਆਂ ਸੈਨਾਵਾਂ ਐਤਵਾਰ ਤੋਂ ਆਹਮਣੇ-ਸਾਹਮਣੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਚੀਨ ਨੇ ਭਾਰਤੀ ਜਵਾਨਾਂ ਨੂੰ ਭਾਰਤ ਦੀ ਧਰਤੀ ਤੇ ਹੀ ਬੰਧਕ ਬਣਾ ਕੇ ਰੱਖਿਆ ਹੈ। ਦੇਮਚੋਕ ਵਿੱਚ ਚੀਨ ਦੇ 200 ਸੈਨਿਕਾਂ ਨੂੰ 12 ਭਾਰੀ ਟਰੱਕਾਂ ਦੇ ਨਾਲ ਵੇਖਿਆ ਗਿਆ। ਉਨ੍ਹਾਂ ਦੇ ਇਸ ਕਾਫਲੇ ਵਿੱਚ ਕਰੇਨ, ਬੁਲਡੋਜ਼ਰ ਅਤੇ ਰੇਲਰੋਡਰ ਵੀ ਸਨ ਅਤੇ ਉਹ ਭਾਰਤ ਦੀ ਸਰਹੱਦ ਅੰਦਰ ਸੜਕ ਬਣਾਉਣ ਦਾ ਯਤਨ ਕਰ ਰਹੇ ਸਨ।ਸਿਤੰਬਰ 11 ਨੂੰ ਵੀ ਚੀਨੀ ਸੈਨਿਕ 500 ਮੀਟਰ ਤੱਕ ਭਾਰਤ ਦੀ ਸੀਮਾ ਅੰਦਰ ਦਾਖਿਲ ਹੋ ਗਏ ਸਨ।