ਨਵੀਂ ਦਿੱਲੀ – ਮੋਦੀ ਲਹਿਰ ਦੀ ਚਾਰ ਮਹੀਨਿਆਂ ਵਿੱਚ ਹੀ ਹਵਾ ਨਿਕਲ ਗਈ ਹੈ। ਸਿਤੰਬਰ 13 ਨੂੰ 10 ਰਾਜਾਂ ਦੀਆਂ 3 ਲੋਕਸਭਾ ਸੀਟਾਂ ਅਤੇ 33 ਵਿਧਾਨ ਸਭਾਂ ਸੀਟਾਂ ਤੇ ਹੋਈਆਂ ਉਪਚੋਣਾਂ ਦੇ ਨਤੀਜਿਆਂ ਨੇ ਬੀਜੇਪੀ ਨੂੰ ਨਕਾਰ ਦਿੱਤਾ ਹੈ ਅਤੇ ਪਾਰਟੀ ਸਿਰਫ਼ 12 ਸੀਟਾਂ ਹੀ ਪ੍ਰਾਪਤ ਕਰ ਸਕੀ। ਬੀਜੇਪੀ ਆਪਣੀਆਂ ਜਿੱਤੀਆਂ ਹੋਈਆਂ 24 ਸੀਟਾਂ ਵਿੱਚੋਂ 13 ਸੀਟਾਂ ਹਾਰ ਗਈ ਹੈ।
ਦੇਸ਼ ਦੇ 9 ਰਾਜਾਂ ਦੀਆਂ 32 ਵਿਧਾਨ ਸਭਾਂ ਸੀਟਾਂ ਦੇ ਨਤੀਜੇ ਮੰਗਲਵਾਰ ਨੂੰ ਆਏ ਹਨ। ਇਨ੍ਹਾਂ ਵਿੱਚੋਂ ਭਾਜਪਾ ਨੇ 12,ਕਾਂਗਰਸ ਨੇ 7 ਅਤੇ ਸਮਾਜਵਾਦੀ ਪਾਟੀ ਨੇ 8 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ। ਤ੍ਰਿਣਮੂਲ ਕਾਂਗਰਸ, ਟੀਡੀਪੀ, ਏਆਈਯੂਡੀਐਫ਼ ਅਤੇ ਭਾਰਤੀ ਕਮਿਉਨਿਸਟ ਪਾਰਟੀ ਨੂੰ ਇੱਕ-ਇੱਕ ਸੀਟ ਮਿਲੀ ਹੈ। ਸਿਕਿਮ ਵਿੱਚ ਇੱਕ ਆਜ਼ਾਦ ਉਮੀਦਵਾਰ ਜਿੱਤਿਆ ਹੈ।
ਉਤਰਪ੍ਰਦੇਸ਼ ਦੀਆਂ 11 ਸੀਟਾਂ ਵਿੱਚੋਂ 8 ਤੇ ਸਪਾ ਨੇ ਕਬਜ਼ਾ ਕੀਤਾ ਹੈ ਅਤੇ ਬੀਜੇਪੀ ਦੇ ਖਾਤੇ ਵਿੱਚ 3 ਸੀਟਾਂ ਹੀ ਗਈਆਂ ਹਨ। ਰਾਜਸਥਾਨ ਦੀਆਂ 4 ਸੀਟਾਂ ਵਿੱਚੋਂ 3 ਤੇ ਕਾਂਗਰਸ ਉਮੀਦਵਾਰ ਜਿੱਤੇ ਹਨ ਅਤੇ ਇੱਕ ਬੀਜੇਪੀ ਦੇ ਖਾਤੇ ਵਿੱਚ ਗਈ। ਗੁਜਰਾਤ ਦੀਆਂ 9 ਸੀਟਾਂ ਵਿੱਚੋਂ 6 ਤੇ ਬੀਜੇਪੀ ਅਤੇ ਤਿੰਨ ਤੇ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ।
ਲੋਕਸਭਾ ਦੀ ਵੜੋਦਰਾ ਸੀਟ ਤੋਂ ਬੀਜੇਪੀ ਦਾ ਉਮੀਦਵਾਰ ਜਿੱਤਿਆ ਅਤੇ ਤੇਲੰਗਾਨਾ ਦੀ ਮੇਡਕ ਸੀਟ ਟੀਆਰਐਸ ਨੇ ਜਿੱਤੀ। ਉਤਰਪ੍ਰਦੇਸ਼ ਦੀ ਮੈਨਪੁਰੀ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਮੁੱਖੀ ਮੁਲਾਇਮ ਸਿੰਘ ਯਾਦਵ ਦਾ ਪੋਤਰਾ ਐਮਪੀ ਬਣਿਆ।