ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਕੁਦਰਤੀ ਕਹਿਰ ਨਾਲ ਹੋਈ ਭਾਰੀ ਤਬਾਹੀ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਨਾਲ ਬਿਨਾਂ ਜਾਤ-ਪਾਤ ਤੇ ਭੇਦਭਾਵ ਦੇ ਪੂਰੀ ਤਰ੍ਹਾਂ ਖੜੀ ਹੈ।ਇਸ ਔਖੀ ਘੜੀ ‘ਚ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਦੀ ਬਿਨਾਂ ਭੇਦਭਾਵ ਮਦਦ ਜਾਰੀ ਰਖੇਗੀ।
ਇਥੋਂ ਜਾਰੀ ਪ੍ਰੈਸ ਨੋਟ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਦੀ ਸਾਰ ਲੈਣ ਲਈ ਉਨ੍ਹਾਂ ਖੁਦ ਜਾਣਾ ਸੀ, ਪ੍ਰੰਤੂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਅਕਾਲ ਚਲਾਣਾ ਕਰ ਜਾਣ ਕਰਕੇ ਉਹ ਨਹੀਂ ਜਾ ਸਕੇ ਤੇ ਉਨ੍ਹਾਂ ਨੇ ਸ। ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ। ਰਜਿੰਦਰ ਸਿੰਘ ਮਹਿਤਾ ਅੰਤਿੰਗ ਮੈਂਬਰ ਤੇ ਸ। ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੂੰ ਹਾਲਾਤਾਂ ਦਾ ਜਾਇਜ਼ਾ ਲੈਣ ਤੇ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ਼ਹੀਦ ਗੰਜ ਬਡਗਾਮ ਸ੍ਰੀਨਗਰ ਵਿਖੇ ਚਲਾਏ ਜਾ ਰਹੇ ਰਾਹਤ ਕੈਂਪ ਦਾ ਜਾਇਜਾ ਲੈਣ ਲਈ ਭੇਜਿਆ ਸੀ ਜੋ ਅੱਜ ਵਾਪਸ ਆ ਗਏ ਹਨ।ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ੍ਰੀਨਗਰ ਵਿਖੇ ਹੜ੍ਹ ਪੀੜਤਾਂ ਦਾ ਜਾਇਜ਼ਾ ਲੈਣ ਗਏ ਸ਼੍ਰੋਮਣੀ ਕਮੇਟੀ ਦੇ ਵਫਦ ਨੂੰ ਹੁਰੀਅਤ ਨੇਤਾ ਸਈਅਦ ਅਲੀ ਗਿਲਾਨੀ ਮਿਲੇ ਹਨ ਤੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਰਾਹਤ ਕੈਂਪ ਤੇ ਤੱਸਲੀ ਪ੍ਰਗਟ ਕਰਦਿਆਂ ਸ਼ਲਾਘਾ ਕੀਤੀ ਹੈ।ਉਨ੍ਹਾਂ ਮੇਰੇ ਨਾਂਅ ਪੱਤਰ ਭੇਜ ਕੇ ਆਪਣੇ ਵੱਲੋਂ ਚਲਾਏ ਜਾ ਰਹੇ ਰਾਹਤ ਕੈਂਪ ਲਈ ਰਾਸ਼ਨ, ਦਵਾਈਆਂ, ਕੰਬਲ ਤੇ ਬੱਚਿਆਂ ਲਈ ਸਮਾਨ ਦੀ ਮੰਗ ਕੀਤੀ ਹੈ।ਜਿਸ ਨੂੰ ਤੁਰੰਤ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਿਲਾਨੀ ਦੀ ਮੰਗ ਅਨੁਸਾਰ ਸ਼੍ਰੋਮਣੀ ਕਮੇਟੀ ਲੋੜੀਂਦਾ ਸਮਾਨ ਜਲਦੀ ਹੀ ਸ੍ਰੀਨਗਰ ਭੇਜੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲੇ ਦਿਨ ਤੋਂ ਹੀ ਬਿਨਾਂ ਭੇਦਭਾਵ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੀ ਹੈ ਤੇ ਜਿਨੀ ਦੇਰ ਤੱਕ ਉਥੇ ਹਾਲਾਤ ਠੀਕ ਨਹੀਂ ਹੋ ਜਾਂਦੇ ਸ਼੍ਰੋਮਣੀ ਕਮੇਟੀ ਆਪਣੇ ਵੱਲੋਂ ਮਦਦ ਜਾਰੀ ਰਖੇਗੀ।
ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ। ਮਨਜੀਤ ਸਿੰਘ ਨੇ ਸ੍ਰੀਨਗਰ ਤੋਂ ਵਾਪਸੀ ਸਮੇਂ ਅੰਮ੍ਰਿਤਸਰ ਹਵਾਈ ਅੱਡੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀਨਗਰ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਹੈ, ਉਥੇ ਬਹੁਤ ਵੱਡੀ ਤਬਾਹੀ ਹੋਈ ਹੈ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸ਼ਹੀਦ ਗੰਜ ਬਡਗਾਮ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਰਾਹਤ ਕੈਂਪ ਦਾ ਸ੍ਰੀ ਸਈਅਦ ਅਲੀ ਗਿਲਾਨੀ ਨੇ ਮੌਕਾ ਵੇਖਿਆ ਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਦੀ ਸ਼ਲਾਘਾ ਕੀਤੀ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗਿਲਾਨੀ ਨੇ ਪ੍ਰਧਾਨ ਸਾਹਿਬ ਦੇ ਨਾਮ ਪੱਤਰ ਲਿਖ ਕੇ ਆਪਣੇ ਵੱਲੋਂ ਚਲਾਏ ਜਾ ਰਹੇ ਰਾਹਤ ਕੈਂਪ ਲਈ ਰਾਸ਼ਨ, ਦਵਾਈਆਂ, ਬੱਚਿਆਂ ਲਈ ਲੋੜੀਂਦੇ ਸਮਾਨ ਤੋਂ ਇਲਾਵਾ ਕੰਬਲ ਆਦਿ ਦੀ ਮੰਗ ਕੀਤੀ ਹੈ ਜਿਸ ਬਾਰੇ ਪ੍ਰਧਾਨ ਸਾਹਿਬ ਦੇ ਧਿਆਨ ‘ਚ ਲਿਆਂਦਾ ਗਿਆ ਹੈ ਤੇ ਪ੍ਰਧਾਨ ਸਾਹਿਬ ਨੇ ਆਦੇਸ਼ ਕੀਤਾ ਹੈ ਕਿ ਗਿਲਾਨੀ ਵੱਲੋਂ ਜੰਮੂ-ਕਸ਼ਮੀਰ ਦੇ ਪੀੜਤਾਂ ਲਈ ਲਗਾਏ ਰਾਹਤ ਕੈਂਪ ਲਈ ਹਰੇਕ ਪ੍ਰਕਾਰ ਦੀ ਰਾਹਤ ਸਮੱਗਰੀ ਸ਼੍ਰੋਮਣੀ ਕਮੇਟੀ ਵੱਲੋਂ ਤੁਰੰਤ ਮੁਹੱਈਆ ਕਰਵਾਈ ਜਾਵੇਗੀ।