ਇਸਲਾਮਾਬਾਦ – ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਅਤੇ ਦੋ ਵਾਰ ਦੇਸ਼ ਦੀ ਪ੍ਰਧਾਨਮੰਤਰੀ ਰਹੀ ਬੇਨਜ਼ੀਰ ਭੁੱਟੋ ਦੇ ਸਪੁੱਤਰ ਬਿਲਾਵਲ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਸਾਰੇ ਦਾ ਸਾਰਾ ਕਸ਼ਮੀਰ ਭਾਰਤ ਤੋਂ ਵਾਪਿਸ ਲੈ ਕੇ ਰਹਿਣਗੇ। ਬਿਲਾਵਲ ਦੇ ਇਸ ਭੜਕਾਊ ਬਿਆਨ ਨਾਲ ਦੋਵਾਂ ਦੇਸ਼ਾਂ ਦਰਮਿਆਨ ਫਾਸਲੇ ਅਤੇ ਤਣਾਅ ਹੋਰ ਵੀ ਵੱਧੇਗਾ।
ਬਿਲਾਵਲ ਨੇ ਮੁਲਤਾਨ ਵਿੱਚ ਪਾਰਟੀ ਵਰਕਰਾਂ ਦੀ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ਮੈਂ ਕਸ਼ਮੀਰ ਵਾਪਿਸ ਲਵਾਂਗਾ, ਸਾਰੇ ਦਾ ਸਾਰਾ ਅਤੇ ਮੈਂ ਇਸ ਦਾ ਇੱਕ ਇੰਚ ਵੀ ਨਹੀਂ ਛੱਡਾਂਗਾ ਕਿਉਂਕਿ ਬਾਕੀ ਰਾਜਾਂ ਦੀ ਤਰ੍ਹਾਂ ਇਹ ਵੀ ਪਾਕਿਸਤਾਨ ਦਾ ਹਿੱਸਾ ਹੈ।’ਇਸ ਸਮਾਗਮ ਵਿੱਚ ਸਾਬਕਾ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਅਤੇ ਰਾਜਾ ਪਰਵੇਜ਼ ਅਸ਼ਰਫ਼ ਵੀ ਮੌਜੂਦ ਸਨ। ਬਿਲਾਵਲ ਸਾਬਕਾ ਰਾਸ਼ਟਰਪਤੀ ਜਰਦਾਰੀ ਅਤੇ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦੇ ਸਪੁੱਤਰ ਅਤੇ ਜੁਲਿਫ਼ਕਾਰ ਅਲੀ ਭੁੱਟੋ ਦੇ ਦੋਹਤੇ ਹਨ। ਉਹ ਆਪਣੀ ਮਾਂ ਬੇਨਜ਼ੀਰ ਦੀ ਸੀਟ ਤੋਂ ਚੋਣ ਲੜਨਾ ਚਾਹੁੰਦੇ ਹਨ।
26 ਸਾਲਾ ਬਿਲਾਵਲ ਨੂੰ ਦੇਸ਼ ਦੀ ਅਗਲੀ ਪੀੜੀ ਦੇ ਨੇਤਾ ਦੇ ਤੌਰ ਤੇ ਮੰਨਿਆ ਜਾਂਦਾ ਹੈ।ਉਨ੍ਹਾਂ ਨੇ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਉਹ 2018 ਵਿੱਚ ਹੋਣ ਵਾਲੀਆਂ ਆਮ ਚੋਣਾਂ ਲੜਨਗੇ।