“ ਨੀਰੂ, ਮੈਨੂੰ ਪਤਾ ਲੱਗਾ ਹੈ ਕਿ ਤੂੰ ਉੱਚ ਵਿਦਿਆ ਪਾਉਣ ਲਈ ਅਮਰੀਕਾ ਜਾ ਰਹੀ ਏਂ। ਜਦੋਂ ਵੀ ਜਾਏਂ ਮੇਰੇ ਕੋਲ਼ੋਂ ਦੀ, ਯੂਕੇ ਵੱਲੋਂ ਹੀ ਹੋ ਕੇ ਜਾਵੀਂ। ਮੈਂ ਤੇ ਤੈਨੂੰ ਅਪਣੇ ਪਾਸ ਸੱਦਣ ਦੀ ਵੀ ਅਕਸਰ ਸੋਚਦੀ ਰਹਿੰਦੀ ਆਂ। ਤੂੰ ਤੇ ਕਿਤਾਬਾਂ ਦਾ ਸਹਾਰਾ ਲੈ ਕੇ ਹੀ ਅਸਮਾਨੀਂ ਉਡਾਰੀ ਮਾਰਨ ਚ ਸਫਲ ਹੋ ਗਈ ਏਂ, ਅੜੀਏ। ਮੈਨੂੰ ਪਤਾ ਹੈ ਤੂੰ ਵਿਦਿਆਰਥਣ ਤੇ ਅਤੀ ਉੱਤਮ ਰਹੀ ਏਂ। ਵਜ਼ੀਫਿਆਂ ਨੇ ਤੇਰਾ ਪਰਸ ਕਦੇ ਖਾਲੀ ਹੀ ਨਹੀਂ ਹੋਣ ਦਿੱਤਾ।” ਰੀਟਾ ਨੇ ਅਪਣੀ ਦੋਸਤ ਨੂੰ ਫੋਨ ਕਰ ਕੇ ਵਧਾਈ ਦਿੱਤੀ। ਅਪਣੇ ਕੋਲ਼ ਕੁੱਝ ਦਿਨ ਠਹਿਰਨ ਲਈ ਪ੍ਰੇਰਿਆ।
“ਹਾਂ ਰੀਟਾ, ਤੈਨੂੰ ਸਹੀ ਖਬਰ ਮਿਲੀ ਹੈ। ਮੈਂ ਜਲਦੀ ਹੀ ਉੜਾਨ ਭਰਨ ਦਾ ਇੰਤਜ਼ਾਮ ਕਰ ਰਹੀ ਹਾਂ। ਅਪਣੀ ਗੱਲ ਬਾਤ ਚਿਰਾਂ ਤੋਂ ਨਹੀਂ ਹੋ ਸਕੀ। ਤੂੰ ਵੀ ਕੰਮਾਂ ਵਿੱਚ ਉਲਝੀ ਰਹਿੰਦੀ ਹੋਵੇਂਗੀ ਅਤੇ ਮੈਂ ਵੀ ਪੜ੍ਹਾਈ ਵਿੱਚ ਡਟੀ ਰਹੀ। ਵੈਸੇ ਵੀ ਤੇਰਾ ਇੰਗਲੈਂਡ ਜਾਣ ਦਾ ਪਤਾ ਕਿਸੇ ਸਾਂਝੇ ਮਿੱਤਰ ਕੋਲੋਂ ਲਗ ਤਾਂ ਗਿਆ ਸੀ ਪਰ ਇੱਕ ਗੁਲਝਣ ਕਾਰਨ ਫੋਨ ਮੁਲਾਕਾਤ ਕਰਨੀ ਔਖੀ ਲਗੀ। ਅਮਰੀਕਾ ਵਿੱਚ ਦਾਖਲਾ ਮਿਲ ਗਿਆ। ਸੋਚਿਆ ਅਮਰੀਕਾ ਦੀ ਡਿਗਰੀ ਕੰਮ ਹੀ ਆਵੇਗੀ।”
ਨੀਰੂ ਨੇ ਗੁਲਝਣ ਸ਼ਬਦ ਕਹਿ ਕੇ ਰੀਟਾ ਨੂੰ ਉਲਝਣ ਵਿੱਚ ਤਾਂ ਜ਼ਰੂਰ ਪਾ ਦਿੱਤਾ ਪਰ ਰੀਟਾ ਦੇ ਮਨ ਵਿੱਚ ਜੋ ਭੁਲੇਖਾ ਸੀ ਉਹ ਦੂਰ ਕਰਨ ਦੇ ਇਰਾਦੇ ਨਾਲ਼ ਕਿਹਾ,“ ਨੀਰੂ, ਤੂੰ ਮੇਰੇ ਵਿਆਹ ਵਿੱਚ ਹਾਜ਼ਰ ਨਹੀਂ ਸੀ ਹੋਈ। ਮੇਰਾ ਵਿਆਹ ਤੇਰੇ ਗੂਹੜੇ ਦੋਸਤ, ਹਰਮਾਨ ਨਾਲ਼ ਜੋ ਹੋ ਰਿਹਾ ਸੀ। ਪਰ ਕੁੜੀਆਂ ਦੀ ਮਰਜ਼ੀ ਕੌਣ ਪੁੱਛਦਾ ਹੈ।” ਰੀਟਾ ਨੇ ਸਫਾਈ ਦੇ ਕੇ ਅਪਣੀ ਜਮੀਰ ਸ਼ਾਂਤ ਕਰ ਲਈ।
“ ਹਰਮਾਨ ਅਜੇ ਵੀ ਸ਼ਸ਼ਤ੍ਰਧਾਰੀ ਹੀ ਹੈ?” ਨੀਰੂ ਬੋਲੀ।
“ ਕੀ ਮਤਲਬ?” ਰੀਟਾ ਗੱਲ ਬੁੱਝ ਨਾ ਸਕੀ।
“ ਅਮ੍ਰਿਤਧਾਰੀ, ਕੱਕਾਰ ਸ਼ਰਧਾਲੂ, ਗੁਰਸਿੱਖ। ਕਿਰਪਾਨ, ਕੜਾ, ਕੰਘਾ, ਕੇਸ਼ ਅਤੇ ਨੀਲੀ ਪਗੜੀ” ਨੀਰੂ ਨੇ ਮਜ਼ਾਕ ਨੇਪਰੇ ਚਾੜ੍ਹਿਆ।
“ ਕਛਿਹਰਾ ਕਿਉਂ ਨਹੀਂ? ਸ਼ਾਇਦ ਭੁੱਲ ਗਈ ਜਾਂ ਫੇਰ ਪੰਜਵਾਂ ਕੱਕਾ ਕਾਲਜ ਸਮੇਂ ਢਕਿਆ ਹੀ ਰਿਹਾ, ਦਿੱਸਿਆ ਹੀ ਨਹੀਂ। ਕਛਿਹਰਾ ਹੁਣ ਕੱਛਾ ਬਣ ਗਿਆ, ਉਹ ਵੀ ਵਿਦੇਸ਼ੀਆਂ ਵਰਗਾ।” ਰੀਟਾ ਨੇ ਉੱਤਰ ਦਿੱਤਾ।
ਦੋਵੇਂ ਹੱਸੀਆਂ।
“ ਚਲ ਇਹ ਦੱਸ ਮੈਨੂੰ ਏਅਰਪੋਰਟ ਤੇ ਲੈਣ ਤੁਸੀਂ ਦੋਵੇਂ ਹੀ ਆਓਗੇ ਨਾਂ?
“ ਨਹੀਂ, ਇਕੱਲਾ ਹਰਮਾਨ ਹੀ ਆਵੇਗਾ। ਮੈਂ ਤੇਰੀ ਸੇਵਾ ਦੀ ਤਿਆਰੀ ਕਰਾਂਗੀ। ਉਸਨੂੰ ਪਹਿਚਾਣ ਲਵੇਂਗੀ ਕਿ ਨਹੀਂ?”
“ ਆਹੋ। ਹਰਮਾਨ ਵਿੱਚ ਜਿ਼ਆਦਾ ਫਰਕ ਤੇ ਨਹੀਂ ਪਿਆ ਹੋਣਾ।”
ਨੀਰੂ ਦਾ ਜਹਾਜ਼ ਲੰਦਨ ਪਹੁੰਚ ਗਿਆ। ਅਪਣਾ ਮਾਲ ਮੁੱਦਾ ਸੰਭਾਲ਼ ਉਹ ਬਾਹਰ, ਮਿੱਥੇ ਗੇਟ ਤੇ, ਆ ਖਲੋਤੀ। ਹਰਮਾਨ ਕਿਤੇ ਨਜ਼ਰ ਹੀ ਨਾ ਆਇਆ। ਕਾਫੀ ਦੇਰ ਪ੍ਰੇਸ਼ਾਨੀ ਨੇ ਘੇਰੀ ਰੱਖਿਆ। ਰੋਣ ਲਗ ਪਈ। ਜਾਵਾਂ ਤਾਂ ਕਿੱਥੇ ਜਾਵਾਂ? ਪ੍ਰਸ਼ਨ ਮਨ ਨੂੰ ਵਿਅਕੁਲ ਕਰਨ ਲੱਗਾ। ਮਨ ਵਿਚ ਖਿਆਲ ਆਇਆ,“ ਜੇ ਪਤਾ ਹੁੰਦਾ ਤਾਂ ਹੋਰ ਕਈ ਯਾਤਰੀਆਂ ਵਾਂਗ ਮੈਂ ਵੀ ਹੋਟਲ ਵਿੱਚ ਹੀ ਰਾਤ ਕੱਟ ਲੈਂਦੀ ਤੇ ਉਹਨਾਂ ਵਾਂਗ ਹੀ ਅਮਰੀਕਾ ਜਾਣ ਵਾਲ਼ੀ ਫਲਾਈਟ ਲੈ ਲੈਂਦੀ। ਕੀ ਲੋੜ ਸੀ ਪੰਗੇ ਚ ਪੈਣ ਦੀ। ਕਿਸੇ ਦੇ ਮਨ ਵਿੱਚ ਕੀ ਹੈ ਕਿਵੇਂ ਕੋਈ ਬੁੱਝੇ। ਕੋਈ ਬਦਲਾ ਤਾਂ ਨਹੀਂ ਲੈ ਰਹੀ। ਮੈਂ ਤੇ ਨਹੀਂ ਸੀ ਕਿਹਾ ਰੀਟਾ ਨੂੰ ਹਰਮਾਨ ਨਾਲ ਵਿਆਹ ਕਰਵਾਉਣ ਲਈ। ਪਰ ਜੇ ਕਰਵਾ ਵੀ ਲਿਆ ਤਾਂ ਠੀਕ ਹੀ ਕੀਤਾ। ਹਰਮਾਨ ਸਵੱਛ, ਸੁੰਦਰ ਅਤੇ ਜਿ਼ਮੇਵਾਰ ਇਨਸਾਨ ਹੈ।”
“ ਮੇਰੀ ਸੋਚ ਸ਼ਾਇਦ ਵਹਿਮ ਦੀ ਸਿ਼ਕਾਰ ਹੋ ਗਈ ਹੈ। ਅਜੇ ਵੀ ਕੁੱਝ ਨਹੀਂ ਵਿਗੜਿਆ। ਅੰਦਰ ਜਾ ਕੇ ਪੇ ਫੋਨ ਤੋਂ ਰੀਟਾ ਨੂੰ ਫੋਨ ਕਰ ਕੇ ਪਤਾ ਤੇ ਕਰਾਂ। ਕੁੱਝ ਤੇ ਕਹੇਗੀ ਹੀ। ਨਹੀਂ ਤੇ ਏਅਰ ਲਾਈਨ ਵਾਲਿਆਂ ਦੇ ਹੀ ਹਾੜ੍ਹੇ ਕੱਢ ਕੇ ਵੇਖ ਲਵਾਂਗੀ।” ਸੰਭਵ ਅਤੇ ਅਸੰਭਵ ਵਿਚਾਰਾਂ ਦੀ ਲੜੀ ਤੋੜ ਕੇ ਝੱਟ ਰੀਟਾ ਨੂੰ ਫੋਨ ਘੁਮਾ ਦਿੰਦੀ ਹੈ।
“ ਰੀਟਾ ਹੈਲੋ। ਤੇਰਾ ਘਰ ਵਾਲ਼ਾ ਤਾਂ ਕਿਤੇ ਨਜ਼ਰ ਨਹੀਂ ਆਇਆ। ਮੈਂ ਤੇ ਬਹੁਤ ਦੇਰ ਤੋਂ ਇੰਤਜ਼ਾਰ ਕਰ ਰਹੀ ਆਂ। ਮੈਂ ਕੀ ਕਰਾਂ?”
“ ਨੀਰੂ, ਮੈਂ ਬਹੁਤ ਸ਼ਰਮਿੰਦਾ ਹਾਂ। ਉਸ ਨੂੰ ਕੰਮ ਤੋਂ ਛੁੱਟੀ ਨਹੀਂ ਮਿਲੀ। ਪਰ ਉਸ ਦਾ ਦੋਸਤ ਤੈਨੂੰ ਲੈਣ ਆ ਰਿਹਾ ਹੈ, ਪਹੁੰਚ ਵੀ ਗਿਆ ਹੋਣਾ ਐਂ। ਉਸ ਦਾ ਨਾਂ ਨਰਿੰਦਰ ਹੈ। ਮੈਂ ਉਸ ਨੂੰ ਨੀਲੀ ਪਗੜੀ ਬੰਨ੍ਹ ਕੇ ਜਾਣ ਲਈ ਆਖਿਆ ਸੀ। ਤੂੰ ਨੀਲੀ ਪਗੜੀ ਵਾਲ਼ੇ ਨੂੰ ਹੀ ਤੇ ਪਹਿਚਾਨਣਾ ਸੀ।” ਰੀਟਾ ਨੇ ਦੱਸਿਆ।
ਨੀਰੂ ਮੁੜ ਬਾਹਰ, ਮਿੱਥੀ ਥਾਂ ਤੇ, ਆ ਗਈ। ਇੱਕ ਦੋ ਨੀਲੀ ਪਗੜੀ ਵਾਲਿਆਂ ਤੋਂ ਪੁੱਛਿਆ ਪਰ ਉਹਨਾਂ ਚੋਂ ਕੋਈ ਨਰਿੰਦਰ ਨਾ ਮਿਲਿਆ। ਹੱਥ ਜੋੜ ਵਾਹਿਗੁਰੂ ਅੱਗੇ ਅਰਦਾਸ ਕਰਨ ਲਗੀ। ਰੱਬ ਜੀ ਕੋਈ ਨਾ ਕੋਈ ਹੀਲਾ ਤਾਂ ਕਰ ਹੀ ਦਿਓ। ਵਾਹਿਗੁਰੂ, ਵਾਹਿਗੁਰੂ ਮੁੱਖੋਂ ਲਗਾਤਾਰ ਬੋਲਦੀ, ਕਦੇ ਖੱਬੇ ਵੇਖਦੀ, ਕਦੇ ਸੱਜੇ, ਕਦੇ ਅੱਖਾਂ ਬੰਦ ਕਰ, ਮਨ ਦੀ ਗੁੰਝਲ ਵਿੱਚ ਹੀ ਫਸ ਜਾਂਦੀ। ਪਲ ਪਲ ਦੁੱਭਰ ਹੁੰਦਾ ਜਾ ਰਿਹਾ ਸੀ।
ਅਚਾਨਕ ਹੀ, ਸੁਡੌਲ ਗੱਭਰੂ, ਗੇਰੂਏ ਰੰਗ ਦੀ ਪਗੜੀ ਬੰਨ੍ਹੀਂ, ਉਸ ਦੇ ਸਾਹਮਣੇ ਆ ਖਲੋਤਾ ਅਤੇ ਨੰਮਰਤਾ ਨਾਲ਼ ਬੋਲਿਆ,“ ਤੁਸੀਂ ਨੀਰੂ ਜੀ ਹੋ ਨਾ?”
“ ਹਾਂ ਜੀ। ਤਸੀਂ ਕਿਵੇਂ ਬੁੱਝਿਆ?” ਨੀਰੂ ਡਰੀ, ਝਿਜਕੀ, ਪਰ ਬੋਲੀ।
“ ਮੈਂ ਅਤੇ ਹਰਮਾਨ ਇੱਕੋ ਫੈਕਟਰੀ ਵਿੱਚ ਕੰਮ ਕਰਦੇ ਹਾਂ। ਮੈਨੂੰ ਉਹਨਾਂ ਨੇ ਹੀ ਭੇਜਿਆ ਹੈ ਆਪਦੇ ਸੁਆਗਤ ਲਈ। ਟ੍ਰੈਫਿਕ ਜਾਮ ਕਾਰਨ ਬਹੁਤ ਦੇਰ ਤਾਂ ਜ਼ਰੂਰ ਹੋ ਗਈ। ਮੁਆਫੀ ਦਾ ਜਾਚਕ ਹਾਂ। ਸ਼ਰਮਿੰਦਾ ਹਾਂ ਜੀ।” ਨਰਿੰਦਰ ਨੇ ਦਿਲੋਂ ਅਫਸੋਸ ਪ੍ਰਗਟਾਇਆ।
“ ਪਰ ਨਰਿੰਦਰ ਨੇ ਤਾਂ ਨੀਲੀ ਪਗੜੀ ਬੰਨ੍ਹ ਕੇ ਆਉਣਾ ਸੀ, ਮੈਨੂੰ ਰੀਟਾ ਨੇ ਦੱਸਿਆ ਸੀ। ਕਹਿੰਦੀ ਸੀ ਕਿਸੇ ਹੋਰ ਨਾਲ਼ ਬਿਲਕੁਲ ਕਲਾਮ ਨਹੀਂ ਕਰਨੀ।”
ਨਰਿੰਦਰ ਹਸ ਪਿਆ ਤੇ ਉਸ ਨੇ ਝੱਟ ਰੀਟਾ ਨੂੰ ਫੋਨ ਕੀਤਾ। ਅਪਣੀ ਪੂਰੀ ਜਾਣ ਪਹਿਚਾਣ ਨੀਰੂ ਨਾਲ਼ ਕਰਵਾਉਣ ਲਈ ਕਿਹਾ। ਫੋਨ ਨੀਰੂ ਨੂੰ ਫੜਾ ਰੀਟਾ ਨਾਲ਼ ਗੱਲ ਕਰਵਾਈ। ਗੱਡੀ ਸਹੀ ਰਾਹ ਤੇ ਆਈ।
“ ਨਰਿੰਦਰ, ਗੇਰੂਏ ਰੰਗ ਦੀ ਪਗੜੀ ਫਬਦੀ ਤਾਂ ਬਹੁਤ ਹੈ ਪਰ ਅਪਣੀ ਭਾਬੀ ਰੀਟਾ ਦੀ ਗੱਲ ਮੰਨ ਕੇ ਨੀਲੇ ਰੰਗ ਦੀ ਕਿਉਂ ਨਹੀਂ ਬੰਨ੍ਹੀ?”
“ ਕਾਹਲ਼ੀ ਵਿੱਚ ਨੀਲੀ ਪੱਗ ਸੂਤ ਨਹੀਂ ਆਈ। ਬੱਸ ਫੇਰ ਬੰਨ੍ਹੀ ਬਨ੍ਹਾਈ ਹੀ ਰੱਖ ਲਈ। ਨਹੀਂ ਤਾਂ ਹੋਰ ਵੀ ਪਛੜ ਜਾਣਾ ਸੀ। ਤੁਹਾਡਾ ਤਾਂ ਰੋ ਰੋ ਪਹਿਲਾਂ ਹੀ ਹਾਲ ਬੇਹਾਲ ਹੋਇਆ ਪਿਆ ਹੈ।” ਨਰਿੰਦਰ ਨੇ ਦਸਤਾਰ ਦੀ ਕਥਾ ਸੁਣਾਈ, ਨਾਲ਼ ਹੀ ਇੱਕ ਵੇਰ ਫੇਰ ਮੁਆਫੀ ਮੰਗੀ।
“ ਨੀਰੂ, ਤੁਸੀਂ ਅਮਰੀਕਾ ਪੜ੍ਹਨ ਜਾ ਰਹੇ ਹੋ, ਅਜੇਹਾ ਭਾਬੀ ਨੇ ਦੱਸਿਆ ਸੀ।” ਨਰਿੰਦਰ ਨੇ ਦਸਤਾਰ ਦੀ ਕਹਾਣੀ ਤੋਂ ਛੁਟਕਾਰਾ ਪਾਇਆ।
“ ਦਾਖਲਾ ਮਿਲ ਗਿਆ, ਸੋਚਿਆ ਅਮਰੀਕਾ ਦੇ ਰੰਗ ਵੀ ਵੇਖ ਹੀ ਲਵਾਂ।”
“ ਹੁਸਿ਼ਆਰ ਰਹੀਂ। ਤੇਰੇ ਵਰਗੀਆਂ ਪਤੋਹਰੀਆਂ ਨੂੰ ਗੋਰੇ ਵੀ ਅਪਣੀ ਲਪੇਟ ਵਿੱਚ ਲੈ ਲਂੈਦੇ ਨੇ। ਬਹੁਤੇ ਰੰਗ ਨਾ ਵੇਖੀਂ।” ਨਰਿੰਦਰ ਨੇ ਸਹਿਜ ਸੁਭਾ ਹੀ ਬੋਲਿਆ।
“ ਕੀ ਮਤਲਬ? ਮੈਂ ਪਤੋਹਰੀ ਆਂ?” ਉਹ ਜ਼ਰਾ ਨਰਾਸ਼ ਹੋ ਗਈ। ਸ਼ਹਿਰੀ ਕੁੜੀ ਸੀ, ਅਜੇਹੇ ਸ਼ਬਦਾਂ ਨਾਲ ਵਾਹ ਨਹੀਂ ਪਿਆ ਕਦੇ।
“ ਸੌਰੀ। ਪਿੰਡਾਂ ਦੇ ਮੁੰਡੇ ਕਦੇ ਕਦੇ ਸੋਹਣੀਆਂ ਕੁੜੀਆਂ ਲਈ ਇਹ ਸ਼ੁਭ ਸ਼ਬਦ ਵਰਤ ਲੈਂਦੇ ਨੇ। ਗੁੱਸਾ ਨਾ ਕਰੋ।”
“ ਵੈਸੇ ਮੈਨੂੰ ਵੀ ਅਮਰੀਕਾ ਦਾਖ਼ਲਾ ਮਿਲ ਗਿਆ ਹੈ। ਕੁੱਝ ਮਹੀਨਿਆਂ ਬਾਅਦ ਮੈਂ ਕੈਮਿਸਟਰੀ ਦੀ ਮਾਸਟਰਜ਼ ਕਰਨ ਲਈ ਜਾਵਾਂਗਾ।” ਉਹ ਬੋਲਿਆ।
“ ਕਿੱਥੇ?” ਨੀਰੂ ਦੀ ਨਿਰਾਸ਼ਾ ਥੋੜ੍ਹੀ ਮੱਧਮ ਪੈ ਗਈ।”
“ ਸਿ਼ਕਾਗੋ।”
“ ਮੈਂ ਵੀ ਓਥੇ ਹੀ ਜਾ ਰਹੀ ਆਂ।”
“ ਫੇਰ ਤਾਂ ਗੱਲ —” ਨਰਿੰਦਰ ਨੇ ਗੱਲ ਮੂੰਹ ਵਿੱਚ ਹੀ ਨੱਪ ਲਈ।
“ ਆਹੋ, ਬਣ ਸਕਦੀ ਐ। ਫਿਕਰਾ ਪੂਰਾ ਤੂੰ ਕਿਉਂ ਨਹੀਂ ਕੀਤਾ ਨਰਿੰਦਰ? ਮੈਂ ਮੁੰਡਿਆਂ ਦੇ ਦਿਮਾਗ਼ ਬੁੱਝ ਲੈਂਦੀ ਆਂ। ਮੇਰਾ ਯੁਨਿਵਰਸਟੀਆਂ ਵਿੱਚ ਵਾਹ ਜੋ ਬਹੁਤ ਪਿਆ।”
“ ਡਰ ਲਗਦਾ ਸੀ। ਪਹਿਲੀ ਵੇਰ ਮਿਲੇ ਆਂ। ਮਨ ਤੇ ਕਾਬੂ ਪਾ ਲਿਆ।”
“ ਸਿਆਣਾ ਏਂ। ਗੱਲ ਲੰਦਨ ਜਾਂ ਸਿ਼ਕਾਗੋ ਵਿੱਚ ਤਾਂ ਨਹੀਂ ਬਣ ਸਕਦੀ। ਪੜ੍ਹਾਈ ਨਬੇੜ ਕੇ, ਭਾਰਤ ਜਾ ਕੇ, ਰਸਮੋ ਰਿਵਾਜ ਨਾਲ਼, ਪਿੰਡੋਂ ਬਰਾਤ ਲੈ ਕੇ ਆਈਂ। ਅਜੇ ਤਾਂ ਮਾਇਆ ਵੀ ਨਹੀਂ ਪੱਲੇ।” ਨੀਰੂ ਨੂੰ ਨਰਿੰਦਰ ਪਸੰਦ ਆਇਆ। ਪਿਆਰ ਹੋਇਆ, ਪਹਿਲੀ ਨਿਗਾਹੇ ਹੀ।
“ ਮੋਹ ਵਿੱਚ ਮਾਇਆ ਦਾ ਗਾਹ ਕਿਉਂ?” ਨਰਿੰਦਰ ਬੋਲਿਆ।
“ ਮਾਇਆ ਤੋਂ ਬਿਨਾਂ ਮਮਤਾ ਠੀਕ ਤਰ੍ਹਾਂ ਨਿਭਾਈ ਨਹੀਂ ਜਾਂਦੀ। ਦੂਰ ਦੀ ਪਹਿਲਾਂ ਸੋਚੀ ਜਾਂਦੀ ਐ। ਤੇਰੇ ਵਰਗੇ ਅਕਲਮੰਦ ਲਈ ਸੰਕੇਤ ਹੀ ਕਾਫੀ ਐ।” ਕੁੜੀ ਸੋਚਾਂ ਵਿੱਚ ਹੀ, ਕਿਤੋਂ ਤੋਂ ਕਿਤੇ ਪਹੁੰਚ ਗਈ।
“ ਨੌਕਰੀਆਂ ਤਾਂ ਮਿਲ ਹੀ ਜਾਣਗੀਆਂ, ਕਿਤੇ ਸਿ਼ਕਾਗੋ ਵਿੱਚ ਹੀ।”
“ ਜੇ ਨਾ ਮਿਲੀਆਂ?” ਨੀਰੂ ਦਾ ਡਰ ਨੇਤ੍ਰਾਂ ਵਿੱਚ ਵੀ ਚਮਕਿਆ।
“ ਦੇਸ਼ ਵਾਪਸ ਜਾ ਕੇ ਕਿਸੇ ਕਾਲਜ ਵਿੱਚ ਪ੍ਰੋਫੈਸਰੀ ਕਰ ਲਵਾਂਗੇ। ਸੁੱਖ ਨਾਲ਼ ਮੇਰੇ ਕੋਲ਼ ਸਿਆੜ ਵੀ ਬਥੇਰੇ ਨੇ।” ਨਰਿੰਦਰ ਨੇ ਖੇਤੀ ਵਾੜੀ ਵਲੀ ਅਪਣੀ ਜਇਦਾਦ ਵੱਲ ਵੀ ਇਸ਼ਾਰਾ ਕੀਤਾ।
“ ਅਗਾਹਾਂ ਦੀ ਵਿਉਂਤ ਵੀ ਸੁਣਨਾ ਚਾਹੁੰਦੀ ਸਾਂ। ਮਨ ਭਾਉਂਦੀ ਗੱਲ ਆਖੀ ਤੂੰ ਨਰਿੰਦਰ।” ਨੀਰੂ ਦੀਆਂ ਅੱਖਾਂ ਵਿੱਚ ਲਿਸ਼ਕ ਆਈ।
“ ਵਾਹ ਵਾਹਿਗੁਰੂ ਜੀ! ਸਹੀ ਸਮੇਂ ਕਿਸਮਤ ਚਮਕਾਈ ਐ ਮੇਰੀ। ਚੰਗਾ ਹੀ ਹੋਇਆ ਮੇਰਾ ਯਾਰ, ਹਰਮਾਨ, ਕੰਮ ਚ ਫਸ ਗਿਆ, ਨਹੀਂ ਤਾਂ ਸ਼ਾਇਦ, ਇਹ ਵਿਸਮਾਦ ਸੰਜੋਗ ਸੰਭਵ ਨਾ ਹੀ ਹੁੰਦਾ।” ਨਰਿੰਦਰ ਖੁਸ਼ੀ ਵਿੱਚ ਬੁੜ ਬੁੜਾ ਬੈਠਾ।
“ ਕਿਸਮਤ ਚਮਕ ਗਈ! ਕਿਸ ਦੀ?” ਨੀਰੂ ਨੇ ਅਚੰਭਿਤ ਹੋ ਪੁੱਛਿਆ।
“ ਮੇਰੀ।” ਨਰਿੰਦਰ ਬਿਨਾ ਝਿਜਕ ਬੋਲਿਆ।
“ ਮੇਰੀ ਵੀ।” ਨੀਰੂ ਨੇ ਵੀ ਹਾਮੀ ਭਰੀ।
ਦੋਹਾਂ ਨੇ ਇੱਕ ਦੌਜੇ ਵੱਲ ਤੱਕਿਆ ਅਤੇਂ ਹਸ ਪਏ।
“ ਰੀਟਾ ਕੋਲ਼ ਪੰਜ ਮਿੰਨਟ ਵਿੱਚ ਪਹੁੰਚਣ ਵਾਲੇ ਆਂ। ਉਹਨੂੰ ਅਪਣੀ ਗੱਲ ਬਾਤ ਵਾਰੇ ਦੱਸੇਂਗੀ?” ਨਰਿੰਦਰ ਦਾ ਸਿੱਧਾ ਸੁਆਲ।
“ ਨਹੀਂ ਅਜੇ ਤਾਂ ਨਹੀਂ। ਤੁਸੀਂ ਵੀ ਨਾ ਦੱਸਣਾ। ਸੰਧੀ ਸੰਪੂਰਣਤਾ ਦੇ ਨੇੜੇ ਪਹੁੰਚੇਗੀ ਓਦੋਂ ਵਿਆਹ ਦੇ ਕਾਰਡ ਰਾਹੀਂ ਹੀ ਦੱਸਾਂਗੇ।” ਨੀਰੂ ਆਖਿਆ।
“ ਸੰਧੀ ਸੰਪੂਰਣਤਾ ਦੇ ਨੇੜੇ!” ਨਰਿੰਦਰ ਇੱਕ ਵੇਰ ਫੇਰ ਗੁਣਗੁਣਾਇਆ ਅਤੇ ਸਸ਼ੋਪੰਜ ਵਿੱਚ ਪੈ ਗਿਆ।
ਹਰਮਾਨ ਦਾ ਘਰ ਪਹੁੰਚ ਗਿਆ। ਰੀਟਾ ਖਿੜਕੀ ਵਿੱਚੋਂ ਦੀ ਬਾਹਰ ਝਾਕਦੀ ਨਜ਼ਰ ਆ ਰਹੀ ਸੀ। ਹਰਮਾਨ ਦੀ ਕਾਰ ਡਰਾਈਵ ਵੇ ਤੇ ਖਲੋਤੀ ਸੀ।