ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਬਲਬੀਰ ਸਿੰਘ ਦਾ ਨਾਂ ਭਾਰਤ ਰਤਨ ਲਈ ਪੇਸ਼ ਕਰ ਦਿੱਤਾ ਹੈ। ਗੇਂਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਾਲੇ ਵਿਚ ਹੈ। ਉਮੀਦ ਹੈ ਕਿ ਬਲਬੀਰ ਸਿੰਘ ਨੂੰ ਭਾਰਤ ਰਤਨ ਦਾ ਖਿ਼ਤਾਬ ਹੁਣ ਜੀਂਦੇ ਜੀਅ ਮਿਲ ਜਾਵੇਗਾ। ਉਹ ਹੁਣ ਉਮਰ ਦੇ 91ਵੇਂ ਸਾਲ ਵਿਚ ਹੈ। ਹਾਕੀ ਦੀ ਖੇਡ ਦੇ ਇਸ ਯੁਗ ਪੁਰਸ਼ ਨੇ ਓਲੰਪਿਕ ਖੇਡਾਂ ‘ਚੋਂ ਤਿੰਨ ਗੋਲਡ ਮੈਡਲ ਜਿੱਤੇ ਹਨ ਜਿਸ ਕਰਕੇ ਉਸ ਨੂੰ ‘ਗੋਲਡਨ ਹੈਟ ਟ੍ਰਿਕ’ ਵਾਲਾ ਬਲਬੀਰ ਵੀ ਕਿਹਾ ਜਾਂਦੈ।
ਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ ਵਿਚ ਸੈਮੀ ਫਾਈਨਲ ਤੇ ਫਾਈਨਲ ਮੈਚਾਂ ‘ਚ ਭਾਰਤੀ ਟੀਮ ਦੇ 9 ਗੋਲਾਂ ਵਿਚੋਂ 8 ਗੋਲ ਉਸ ਦੀ ਸਟਿੱਕ ਨਾਲ ਹੋਏ ਸਨ। ਫਾਈਨਲ ਮੈਚ ਵਿਚ ਭਾਰਤੀ ਟੀਮ ਦੇ 6 ਗੋਲਾਂ ‘ਚੋਂ ਉਸ ਦੇ 5 ਗੋਲ ਸਨ ਜੋ ਓਲੰਪਿਕ ਖੇਡਾਂ ਦੇ ਇਤਿਹਾਸ ਦਾ ਅਜੇ ਵੀ ਰਿਕਾਰਡ ਹੈ ਤੇ ਗਿੱਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿਚ ਦਰਜ ਹੈ।
ਲੰਡਨ ਦੀਆਂ ਓਲੰਪਿਕ ਖੇਡਾਂ-2012 ਸਮੇਂ ਓਲੰਪਿਕ ਖੇਡਾਂ ਦੇ ਸਫ਼ਰ ‘ਚੋਂ ਜਿਹੜੇ 16 ‘ਆਈਕੋਨਿਕ ਓਲੰਪੀਅਨ’ ਚੁਣੇ ਗਏ ਉਨ੍ਹਾਂ ਵਿਚ ਹਾਕੀ ਦਾ ਇਕੋ ਇਕ ਖਿਡਾਰੀ ਬਲਬੀਰ ਸਿੰਘ ਹੀ ਚੁਣਿਆ ਗਿਆ ਹੈ। ਓਲੰਪਿਕ ਖੇਡਾਂ ਦੇ 16 ਰਤਨਾਂ ਵਿਚ 8 ਪੁਰਸ਼ ਹਨ ਤੇ 8 ਔਰਤਾਂ। ਇਨ੍ਹਾਂ ਵਿਚ ਏਸ਼ੀਆ ਦੇ ਸਿਰਫ਼ ਦੋ ਖਿਡਾਰੀ ਹਨ। ਦੂਜਾ ਖਿਡਾਰੀ ਚੀਨ ਦਾ ਹੈ। ਬਲਬੀਰ ਸਿੰਘ ਦੀਆਂ ਖੇਡ ਪ੍ਰਾਪਤੀਆਂ ਕਿਸੇ ਵੀ ਭਾਰਤੀ ਖਿਡਾਰੀ ਤੋਂ ਘੱਟ ਨਹੀਂ। ਹਾਕੀ ਦੇ ਜਾਦੂਗਰ ਕਹੇ ਜਾਂਦੇ ਧਿਆਨ ਚੰਦ ਨੇ ਬ੍ਰਿਟਿਸ਼ ਇੰਡੀਆ ਵੇਲੇ ਮੈਡਲ ਜਿੱਤੇ ਤੇ ਯੂਨੀਅਨ ਜੈਕ ਝੁਲਾਏ, ਬਲਬੀਰ ਸਿੰਘ ਨੇ ਆਜ਼ਾਦ ਭਾਰਤ ਵੇਲੇ ਜਿੱਤੇ ਤੇ ਤਿਰੰਗੇ ਲਹਿਰਾਏ। ਓਲੰਪਿਕ ਖੇਡਾਂ ਵਿਚ ਤਿੰਨ ਗੋਲਡ ਮੈਡਲ ਜਿੱਤਣ ਤੋਂ ਬਿਨਾਂ ਬਲਬੀਰ ਸਿੰਘ ਨੇ ਭਾਰਤੀ ਟੀਮਾਂ ਦੇ ਕੋਚ/ਮੈਨੇਜਰ ਬਣ ਕੇ ਵਿਸ਼ਵ ਹਾਕੀ ਕੱਪ ਜਿੱਤਿਆ ਤੇ ਛੇ ਹੋਰ ਮੈਡਲ ਭਾਰਤੀ ਟੀਮਾਂ ਨੂੰ ਜਿਤਾਏ। ਦੋ ਪੁਸਤਕਾਂ ਲਿਖੀਆਂ ਜਿਨ੍ਹਾਂ ‘ਚ ਇਕ ਹਾਕੀ ਦੀ ਕੋਚਿੰਗ ਬਾਰੇ ਹੈ। ਭਾਰਤ-ਚੀਨ ਜੰਗ ਵੇਲੇ ਆਪਣੇ ਤਿੰਨੇ ਗੋਲਡ ਮੈਡਲ ਪ੍ਰਧਾਨ ਮੰਤਰੀ ਫੰਡ ਲਈ ਦਾਨ ਕੀਤੇ। ਫਿਰ ਆਪਣੀਆਂ ਸਾਰੀਆਂ ਖੇਡ ਨਿਸ਼ਾਨੀਆਂ ਸਾਈ ਦੇ ਸਪੁਰਦ ਕਰ ਦਿੱਤੀਆਂ ਜੋ ਹੁਣ ਲੱਭਦੀਆਂ ਨਹੀਂ। ਜਾਇਦਾਦ ਪੱਖੋਂ ਆਪਣੀ ਪੈਨਸ਼ਨ ਤੋਂ ਸਿਵਾ ਉਸ ਪਾਸ ਕੁਝ ਵੀ ਨਹੀਂ।
ਧਿਆਨ ਚੰਦ ਦੇ ਪਿਤਾ ਜੀ ਬ੍ਰਿਟਿਸ਼ ਆਰਮੀ ਵਿਚ ਸਨ। ਬਲਬੀਰ ਸਿੰਘ ਦੇ ਪਿਤਾ ਜੀ ਸੁਤੰਤਰਤਾ ਸੰਗਰਾਮ ਵਿਚ ਜੇਲ੍ਹ ਜਾਂਦੇ ਰਹੇ ਤੇ ਸਕੂਲ ਅਧਿਆਪਕ ਬਣੇ। ਧਿਆਨ ਚੰਦ ਨੂੰ ਪਦਮ ਭੂਸ਼ਨ ਪੁਰਸਕਾਰ ਦਿੱਤਾ ਗਿਆ। ਪਟਿਆਲੇ ਦੇ ਕੌਮੀ ਖੇਡ ਸੰਸਥਾਨ ਵਿਚ ਧਿਆਨ ਚੰਦ ਹੋਸਟਲ ਤੇ ਦਿੱਲੀ ਦੇ ਨੈਸ਼ਨਲ ਸਟੇਡੀਅਮ ਦਾ ਨਾਂ ਧਿਆਨ ਚੰਦ ਹਾਕੀ ਸਟੇਡੀਅਮ ਰੱਖਿਆ ਗਿਆ। ਧਿਆਨ ਚੰਦ ਦੇ ਨਾਂ ਉਤੇ ਭਾਰਤ ਦਾ ਨਾਮੀ ਖੇਡ ਪੁਰਸਕਾਰ ਦਿੱਤਾ ਜਾ ਰਿਹੈ ਤੇ ਉਹਦੇ ਜਨਮ ਦਿਨ ਨੂੰ ਭਾਰਤ ਦੇ ਖੇਡ ਦਿਵਸ ਵਜੋਂ ਮਨਾਇਆ ਜਾ ਰਿਹੈ। ਬਲਬੀਰ ਸਿੰਘ ਦਾ ਨਾਮ ਅਜੇ ਕਿਤੇ ਵੀ ਨਹੀਂ ਜੋੜਿਆ ਗਿਆ। ਕੀ ਸਰਕਾਰਾਂ ਉਸ ਦੇ ‘ਗੋਲਡਨ ਗੋਲ’ ਦੀ ਉਡੀਕ ਵਿਚ ਹਨ?
ਗੋਲਡਨ ਗੋਲ ਬਾਰੇ ਬਲਬੀਰ ਸਿੰਘ ਕਹਿੰਦਾ ਹੈ ਕਿ ਮੈਚ ਬਰਾਬਰ ਰਹਿ ਜਾਣ ਪਿੱਛੋਂ ਐਕਸਟਰਾ ਟਾਈਮ ਦਿੱਤਾ ਜਾਂਦੈ। ਐਕਸਟਰਾ ਟਾਈਮ ਵਿਚ ਵੀ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਸਮਾਂ ਹੁੰਦੈ। ਮੈਂ ਵੀ ਹੁਣ ਗੋਲਡਨ ਗੋਲ ਦੀ ਉਡੀਕ ਵਿਚ ਹਾਂ। ਖੇਡ ਹੁਣ ਉਪਰਲੇ ਨਾਲ ਹੈ। ਜਦੋਂ ਗੋਲਡਨ ਗੋਲ ਹੋ ਗਿਆ ਤਾਂ ਖੇਡ ਮੁੱਕ ਜਾਣੀ ਹੈ। ਸੁਆਲ ਹੈ ਕਿ ਜਿਊਂਦਿਆਂ ਦਾ ਸਨਮਾਨ ਕਰਨ ਦੀ ਥਾਂ ਮੜ੍ਹੀਆਂ ਦੀ ਪੂਜਾ ਕਰਨ ਦੀ ਭਾਰਤੀ ਬਿਰਤੀ ਕਦੋਂ ਬਦਲੇਗੀ? ਮੈਂ ਅੱਜ ਕੱਲ੍ਹ ਬਲਬੀਰ ਸਿੰਘ ਦੀ ਹੱਡਬੀਤੀ ‘ਗੋਲਡਨ ਗੋਲ’ ਲਿਖ ਰਿਹਾਂ ਜੋ ਛੇਤੀ ਹੀ ਛਪੇਗੀ।