ਲੁਧਿਆਣਾ – ਪੰਜਾਬ ਵਿੱਚ ਕਣਕ ਦੀ ਕਾਸ਼ਤ ਲਈ ਪੀਲੀ ਕੁੰਗੀ, ਇੱਕ ਵੱਡਾ ਖਤਰਾ ਬਣ ਗਈ ਹੈ। ਇਸ ਬਿਮਾਰੀ ਦੇ ਹਮਲੇ ਕਾਰਨ ਤਕਰੀਬਨ 70% ਤੱਕ ਕਣਕ ਦਾ ਝਾੜ ਘਟ ਸਕਦਾ ਹੈ। ਪੀਲੀ ਕੁੰਗੀ ਸਭ ਤੋਂ ਪਹਿਲਾਂ ਦਸੰਬਰ ਜਨਵਰੀ ਦੇ ਮਹੀਨੇ, ਪੰਜਾਬ ਦੇ ਨੀਮ ਪਹਾੜੀ ਜ਼ਿਲਿਆਂ ਵਿੱਚ ਹਮਲਾ ਕਰਦੀ ਹੈ ਅਤੇ ਬਾਅਦ ਵਿੱਚ ਇਹ ਬਿਮਾਰੀ ਮੈਦਾਨੀ ਇਲਾਕਿਆਂ ਵਿੱਚ ਫੈਲ ਜਾਂਦੀ ਹੈ । ਜੇਕਰ ਸਹੀ ਵਕਤ ਤੇ ਉਲੀ ਨਾਸ਼ਕ ਦਵਾਈਆਂ ਦਾ ਪ੍ਰਯੋਗ ਨਾ ਕੀਤਾ ਜਾਏ ਤਾਂ ਪੰਜਾਬ ਵਿੱਚ ਕਣਕ ਦੀ ਉਪਜ ਦਾ ਬਹੁਤ ਨੁਕਸਾਨ ਹੋ ਸਕਦਾ ਹੈ। ਇਸ ਲਈ ਕਿਸਾਨ ਵੀਰਾਂ ਨੂੰ ਅਜਿਹੀਆਂ ਕਿਸਮਾਂ ਬੀਜਣੀਆਂ ਚਾਹੀਦੀਆਂ ਹਨ ਜੋ ਇਸ ਬਿਮਾਰੀ ਦਾ ਟਾਕਰਾ ਕਰ ਸਕਦੀਆਂ ਹੋਣ ਤਾਂ ਕਿ ਉਲੀ ਨਾਸ਼ਕ ਦਵਾਈਆਂ ਨਾ ਛਿੜਕਣੀਆਂ ਪੈਣ । ਪਿਛਲੇ ਸਾਲਾਂ ਵਿੱਚ ਕਣਕ ਦੀਆਂ ਕਿਸਮਾਂ ਜਿਵੇਂ ਕਿ ਪੀ ਬੀ ਡਬਲਯੂ 343, ਡੀ ਬੀ ਡਬਲਯੂ 17, ਐਚ ਡੀ 2733, ਐਚ ਡੀ 2932 ਅਤੇ ਡਬਲਯੂ ਐਚ 711 ਉਤੇ ਪੀਲੀ ਕੁੰਗੀ ਦਾ ਬਹੁਤ ਹਮਲਾ ਹੋਇਆ, ਇਸ ਲਈ ਇਨ੍ਹਾਂ ਕਿਸਮਾਂ ਨੂੰ ਪੰਜਾਬ ਦੇ ਨੀਮ ਪਹਾੜੀ ਇਲਾਕਿਆਂ ਵਿੱਚ ਨਾ ਬੀਜਿਆ ਜਾਵੇ। ਪਿਛਲੇ ਸਾਲ ਕਿਸਾਨ ਵੀਰਾਂ ਨੇ ਬਹੁਤ ਸਾਰੇ ਰਕਬੇ ਤੇ ਐਚ ਡੀ 2967 ਕਿਸਮ ਬੀਜੀ ਸੀ ਜੋ ਕਿ ਪੀਲੀ ਕੁੰਗੀ ਦਾ ਟਾਕਰਾ ਕਰਨ ਦੀ ਸਮੱਰਥਾ ਰੱਖਦੀ ਸੀ, ਪਰ ਫਿਰ ਵੀ ਪੀਲੀ ਕੁੰਗੀ ਨੇ ਇਸ ਕਿਸਮ ਨੂੰ ਨਹੀਂ ਛੱਡਿਆ। ਜੇਕਰ ਉਲੀ ਨਾਸ਼ਕ ਦਵਾਈਆਂ ਦਾ ਛਿੜਕਾਅ ਸਮੇਂ ਸਿਰ ਨਾ ਕੀਤਾ ਜਾਂਦਾ ਤਾਂ ਬਹੁਤ ਨੁਕਸਾਨ ਹੋਣਾ ਸੀ।
ਹਾਲ ਹੀ ਵਿੱਚ ਭਾਰਤ ਦੇ ਉਤਰੀ ਪੱਛਮੀ ਮੈਦਾਨੀ ਭਾਗਾਂ ਲਈ ਦੋ ਕਿਸਮਾਂ ਡਬਲਯੂ ਐਚ 1105 ਅਤੇ ਐਚ ਡੀ 3086 ਕਿਸਮਾਂ ਅੱਗੇ ਆਈਆਂ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਇਨ੍ਹਾਂ ਕਿਸਮਾਂ ਤੇ ਤਜਰਬੇ ਕੀਤੇ ਗਏ। ਡਬਲਯੂ ਐਚ 1105 ਕਿਸਮ ਬਹੁਤ ਚੰਗੀ ਰਹੀ, ਇਸ ਉਤੇ ਪੀਲੀ ਕੁੰਗੀ ਨਹੀਂ ਆਈ ਅਤੇ ਨਾ ਹੀ ਉਲੀ ਨਾਸ਼ਕ ਦੀ ਸਪਰੇ ਕਰਨੀ ਪਈ। ਇਸ ਦੇ ਮੁਕਾਬਲੇ ਵਿੱਚ ਐਚ ਡੀ 3086 ਕਿਸਮ ਉਤੇ ਜਨਵਰੀ ਦੇ ਮਹੀਨੇ ਵਿੱਚ ਪੱਤੇ ਪੀਲੇ ਪੈਣ ਲੱਗ ਪਏ ਜੋ ਕਿ ਪੀਲੀ ਕੁੰਗੀ ਦਾ ਭੁਲੇਖਾ ਦੇ ਰਹੇ ਸੀ। ਇਸ ਤੋਂ ਇਲਾਵਾ ਮਾਰਚ ਮਹੀਨੇ ਦੇ ਪਹਿਲੇ ਹਫਤੇ ਵਿੱਚ ਸਾਨੂੰ ਇੱਕ ਹੋਰ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਐਚ ਡੀ 3086 ਕਿਸਮ ਦੇ ਸਿੱਟਿਆਂ ਵਿੱਚ ਪੀਲੀ ਕੁੰਗੀ ਆ ਗਈ, ਜਿਸ ਨਾਲ ਦਾਣੇ ਸਿਕੁੜ ਗਏ। ਜਦੋਂ ਉਥੇ ਜਾ ਕੇ ਵੇਖਿਆ ਗਿਆ ਤਾਂ ਸਿਰਫ ਇਸੇ ਕਿਸਮ ਤੇ ਪੱਤਿਆਂ ਦਾ ਝੁਲਸ ਰੋਗ ਵੀ ਪਾਇਆ ਗਿਆ। ਇਨ੍ਹਾਂ ਕਾਰਣਾਂ ਕਰਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਐਚ ਡੀ 3086 ਕਿਸਮ ਦੀ ਪੰਜਾਬ ਲਈ ਸਿਫਾਰਿਸ਼ ਨਹੀਂ ਕੀਤੀ।
ਇਸ ਕਰਕੇ ਕਿਸਾਨ ਵੀਰਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕੁੰਗੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਹੀ ਬੀਜਣ ਕਿਉਂਕਿ ਇਸੀ ਉਪਰਾਲੇ ਨਾਲ ਕੁੰਗੀ ਨੂੰ ਰੋਕਿਆ ਜਾ ਸਕਦਾ ਹੈ। ਖੇਤਾਂ ਦਾ ਨਿਰੀਖਣ ਦਸੰਬਰ-ਜਨਵਰੀ ਦੇ ਮਹੀਨੇ ਕੀਤਾ ਜਾਣਾ ਚਾਹੀਦਾ ਹੈ। ਬਿਮਾਰੀ ਦੇ ਸ਼ੁਰੂਆਤ ਵਿੱਚ ਹੀ ਉਸਨੂੰ ਰੋਕ ਲੈਣਾ ਚਾਹੀਦਾ ਹੈ ।
ਪੰਜਾਬ ਵਿੱਚ ਕਣਕ ਦੀ ਕਾਸ਼ਤ ਲਈ ਪੀਲੀ ਕੁੰਗੀ ਇੱਕ ਵੱਡਾ ਖਤਰਾ
This entry was posted in ਖੇਤੀਬਾੜੀ.