ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ) ਫਿਲੌਰ ਦੀ 328ਵੀਂ ਮਾਸਿਕ ਇੱਕਤਰਤਾ ਪੰਜਾਬੀ ਭਵਨ ਦੇ ਵਿਹੜੇ ਵਿਚ ਹੋਈ। ਮੀਟਿੰਗ ਦੀ ਪ੍ਰਧਾਨਗੀ ਸਰਦਾਰ ਪੰਛੀ ਵੱਲੋਂ ਕੀਤੀ ਗਈ। ਮੀਟਿੰਗ ਦੌਰਾਨ ਵੱਖ-ਵੱਖ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਦਿਆਂ ਪੰਜਾਬੀ ਭਵਨ ਦੇ ਹਰਿਆਲੀ ਭਰੇ ਬਗ਼ੀਚੇ ਨੂੰ ਹੋਰ ਵੀ ਖੁਸ਼ਗਵਾਰ ਬਣਾ ਦਿੱਤਾ। ਸ਼ਾਇਰ ਪ੍ਰੀਤਮ ਸਿੰਘ ਨੇ ਆਪਣੀ ਗ਼ਜ਼ਲ ’ਨਵਾਂ ਰਾਹ ਉਸ ਤੋਂ ਬਣਾ ਕੋਈ ਨਾ ਹੋਇਆ’ ਰਾਹੀਂ ਗ਼ਜ਼ਲਾਂ ਦੇ ਦੌਰ ਦੀ ਸ਼ੁਰੂਆਤ ਕੀਤੀ। ਇੰਜ ਸੁਰਜਨ ਸਿੰਘ ਨੇ ਕਵਿਤਾ ’ਕਰਮਾਂ ਮਾਰੀ’, ਕੁਲਵਿੰਦਰ ਕਿਰਨ ਨੇ ਗ਼ਜ਼ਲ ’ਇਸ ਦੁਨੀਆਂ ਦੇ ਸਾਰੇ ਲੋਕ, ਸਭ ਨੇ ਦਰਦਾਂ ਮਾਰੇ ਲੋਕ’, ਅਮਰਜੀਤ ਸ਼ੇਰਪੁਰੀ ਨੇ ਗੀਤ ’ਜਿਉਂਦੇ ਮਾਪਿਆਂ ਦੀ ਸੇਵਾ’ ਅਤੇ ਪੰਮੀ ਹਬੀਬ ਨੇ ’ਰਾਹੇ ਕੁਰਾਹੇ’ ਰਚਨਾ ਸੁਣਾ ਕੇ ਖੁੰਬਾਂ ਵਾਂਗ ਉਗ ਰਹੇ ਬਾਬਿਆਂ ’ਤੇ ਤਿੱਖੀ ਤਨਜ਼ ਕੀਤੀ।
ਭਗਵਾਨ ਢਿੱਲੋਂ ਨੇ ਨਜ਼ਮ ’ਤ੍ਰਲੋਚਨ ਝਾਂਡੇ ! ਉਹ ਭਲਾ ਆਪਣੇ ਕੀ ਲੱਗਦੇ ਨੇ’ ਸੁਣਾ ਕੇ ਇਸ ਰਚਨਾਵਾਂ ਦੇ ਦੌਰ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ਇਸ ਤੋਂ ਬਾਅਦ ਰਮਨਦੀਪ ਸਿੰਘ ਨੇ ਗ਼ਜ਼ਲ ’ਸੁਲਗਦਾ ਰਹਿੰਦਾ ਹੈ ਹਰ ਦਮ’, ਤ੍ਰਲੋਚਨ ਝਾਂਡੇ ਨੇ ਗ਼ਜ਼ਲ ’ਮਘਦੇ ਕੋਲਿਆਂ ’ਤੇ ਤੁਰਦਾ ਆਬਸ਼ਾਰ ਹੁੰਦਾ ਹਾਂ’, ਜਗੀਰ ਸਿੰਘ ਪ੍ਰੀਤ ਨੇ ਗ਼ਜ਼ਲ ’ਮੇਰੇ ਜੀਵਨ ਵਿਚ ਤੇਰੀ ਕਿਸ ਤਰ੍ਹਾਂ ਦੀ ਝਾਤ ਹੋਈ ਹੈ, ਕਿ ਦਰਦਾਂ ਨਾਲ ਦੋਸਤਾ ਗੱਲਬਾਤ ਹੋਈ ਹੈ’, ਜੈ ਕਿਸ਼ਨ ਸਿੰਘ ਵੀਰ ਨੇ ਉਰਦੂ ਗ਼ਜ਼ਲ ’ਬੜੀ ਸੁੰਨਸਾਨ ਸੀ ਲਗਤੀ ਹੈ’ ਸੁਣਾਈ। ਗੁਰਚਰਨ ਕੌਰ ਕੋਚਰ ਨੇ ਆਪਣੀ ਗ਼ਜ਼ਲ ’ਖ਼ੁਦਾ ਜਾਨੇ ਮੇਰੇ ਦਿਲ ਦੀ ਧੜਕਣ ਆਖਦੀ ਕੀ ਹੈ’ ਪੇਸ਼ ਕੀਤੀ ਅਤੇ ਇੰਦਰਜੀਤਪਾਲ ਕੌਰ ਨੇ ਵੀ ਆਪਣੀ ਹਾਜ਼ਰੀ ਇਸ ਇਕੱਤਰਤਾ ਵਿਚ ਲਗਵਾਈ। ਅੰਤ ਵਿਚ ਸਰਦਾਰ ਪੰਛੀ ਨੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਨੂੰ ਸਾਿਰਆਂ ਨਾਲ ਸਾਂਝਾ ਕੀਤਾ ਅਤੇ ਗ਼ਜ਼ਲ ਕਾਵਿ-ਰੂਪ ਸੰਬੰਧੀ ਅਗਵਾਈ ਵੀ ਦਿੱਤੀ। ਉਨ੍ਹਾਂ ਦੇ ਮੁੱਲਵਾਨ ਸੁਝਾਵਾਂ ਨਾਲ ਮੀਟਿੰਗ ਦੀ ਸਮਾਪਤੀ ਹੋਈ। ਪੰਜਾਬੀ ਗ਼ਜ਼ਲ ਮੰਚ ਦੀ ਅਗਲੇ ਮਹੀਨੇ ਦੀ ਇਕੱਤਰਤਾ 19 ਅਕਤੂਬਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਵੇ। ਨਵੇਂ-ਪੁਰਾਣੇ ਲਿਖਾਰੀਆਂ ਨੂੰ ਇਸ ਵਿਚ ਸ਼ਾਮਲ ਹੋ ਕੇ ਆਪਣੀਆਂ ਰਚਨਾਵਾਂ ਪੇਸ਼ ਕਰਨ ਦਾ ਖੁੱਲ੍ਹਾ ਸੱਦਾ ਹੈ।