ਨਾਰੋਵਾਲ, ਪਾਕਿਸਤਾਨ, (ਜਨਮ ਸਿੰਘ) – ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਨਾਰੋਵਾਲ
ਪਾਕਿਸਤਾਨ ਵਿਖੇ ਗੁਰੂ ਨਾਨਕ ਦੇਵ ਜੀ ਜੋਤੀ-ਜੋਤਿ ਸਮਾਉਣ ਦਾ ਗੁਰਪੁਰਬ ਬੜੇ ਪਿਆਰ ‘ਤੇ ਸ਼ਰਧਾ
ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਇਕ ਵਿਸ਼ੇਸ਼ ਸੈਮੀਨਾਰ
‘ਗੁਰੂ ਦਾ ਦੁਆਰ ਤੌਹੀਦ ਦਾ ਪ੍ਰਚਾਰ’ ਰੱਖਿਆ ਗਿਆ।
ਇਸ ਮੌਕੇ ਤੇ ਮੁਕਾਮੀ ਮੁਸਲਮਾਨ ਭੈਣ/ਭਰਾਵਾਂ ਅਤੇ ਪਾਕਿਸਤਾਨ ਦੇ ਅਲੱਗ-ਅਲੱਗ ਇਲਾਕਿਆਂ
ਤੋਂ ਆਈਆਂ ਸਿੱਖ ਸੰਗਤਾਂ ਅਤੇ ਆਗੂਆਂ ਦੀ ਵੱਡੀ ਗਿਣਤੀ ਸੀ। ਸੈਮੀਨਾਰ ਦੇ ਸ਼ੁਰੂ ਵਿੱਚ ਦਿਆਲ
ਸਿੰਘ ਰਿਸਰਚ ਐਂਡ ਕਲਚਰਲ ਫੋਰਮ, ਲਾਹੌਰ ਦੇ ਡਾਇਰੈਕਟਰ ਪ੍ਰੋ। ਅਹਿਸਾਨ। ਐਚ। ਨਦੀਮ ਨੇ ਸਭ
ਤੋਂ ਪਹਿਲਾ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤਿ ਗੁਰਪੁਰਬ ਮਨਾਉਣ ਆਈਆਂ ਸੰਗਤਾਂ ਨੂੰ ਜੀਅ
ਆਇਆਂ ਆਖਿਆ ਤੇ ਉਨ੍ਹਾਂ ਨੇ ਕਿਹਾ ਕਿ ਸਿੱਖ ਧਰਮ ਅਤੇ ਇਸਲਾਮ ਵਿੱਚ ਸਭ ਤੋਂ ਵੱਡੀ ਸਾਂਝ
ਤੌਹੀਦ (ਇਕ ਰੱਬ ਨੂੰ ਮੰਨਣ) ਦੀ ਹੈ। ਇਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ
ਵਿੱਚ ਹੀ ਮੂਲ ਮੰਤਰ ਦਾ ਪਾਠ ਕਰਕੇ ਪਤਾ ਚਲ ਜਾਂਦਾ ਹੈ।
ਸਾਰੇ ਮਨੁੱਖ ਬਰਾਬਰ ਹਨ ਤੇ ਇਹੀ ਉਹ ਪੈਗਾਮ ਸੀ ਜੋ ੧੪੦੦ ਸਾਲ ਪਹਿਲਾ ਇਸਲਾਮ ਦੇ ਬਾਨੀ
ਹਜ਼ਰਤ ਮੁਹੰਮਦ ਸਾਹਿਬ ਜੀ ਨੇ ਦਿੱਤਾ। ਇਸ ਮੌਕੇ ‘ਤੇ ਉਹਨਾਂ ਨੇ ਦਿਆਲ ਸਿੰਘ ਰਿਸਰਚ ਐਂਡ
ਕਲਚਰਲ ਫੋਰਮ ਦੇ ਕੰਮਾਂ ਬਾਰੇ ਵਿਸਥਾਰ ਨਾਲ ਚਾਨਣ ਪਾਇਆ ਅਤੇ ਇਸ ਸੰਸਥਾ ਨੇ ਪੰਜਾਬੀ ਜ਼ੁਬਾਨ
ਅਤੇ ਸਭਿਆਚਾਰ ਦੇ ਹਵਾਲੇ ਨਾਲ ਕੀਤੀਆਂ ਗਈਆਂ ਕੋਸ਼ਿਸ਼ਾਂ ਤੇ ਇਸ ਬਾਰੇ ਕਰਵਾਏ ਗਏ ਸੈਮੀਨਾਰਾਂ
ਬਾਰੇ ਜਾਣਕਾਰੀ ਦਿੱਤੀ। ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਘੱਟ ਵਸਾਇਲ ਹੋਣ ਦੇ ਬਾਵਜੂਦ ਅਸੀਂ
ਬਹੁਤ ਸਾਰੇ ਇੰਟਰਨੈਸ਼ਨਲ ਸੈਮੀਨਾਰ ਅਤੇ ਕਲਚਰਲ ਪ੍ਰੋਗਰਾਮ ਕੀਤੇ ਹਨ।ਸਾਡੇ ਵਲੋਂ ਬਹੁਤ
ਸਾਰੀਆਂ ਗਿਆਨ ਨਾਲ ਭਰਭੂਰ ਤਹਕੀਕੀ ਕਿਤਾਬਾਂ ਵੀ ਛਪਵਾਈਆਂ ਗਈਆਂ ਹਨ। ਜਿਸ ਨਾਲ ਇਸ ਸੰਸਥਾ
ਦੀਆਂ ਵੱਡੀਆਂ ਉਪਲੱਬਧੀਆਂ ਬਾਰੇ ਪਤਾ ਚਲਦਾ ਹੈ।
ਇਸ ਮੌਕੇ ‘ਤੇ ਸ੍ਰ। ਸ਼ਾਮ ਸਿੰਘ ਸਾਬਕਾ ਪ੍ਰਧਾਨ (ਪੀ.ਐਸ.ਜੀ.ਪੀ.ਸੀ.) ਨੇ ਬੋਲਦੇ ਹੋਏ
ਕਿਹਾ ਕਿ ਅੱਜ ਦੁਨੀਆਂ ਵਿੱਚ ਜੋ ਨਫ਼ਰਤ-ਦਹਿਸ਼ਤਗਰਦੀ ਅਤੇ ਬਦਅਮਨੀ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਨੂੰ ਖਤਮ ਕਰਨ ਲਈ, ਮੁਸਲਿਮ ਤੇ ਸਿੱਖ ਭਾਈਚਾਰੇ ਨੂੰ ਇਕੱਠਿਆਂ ਹੋ ਕੇ ਚੱਲਣ ਦੀ ਬੜੀ ਲੋੜ
ਹੈ। ਇਹ ਦੋਵੇਂ ਧਰਮ ਹੀ ਤੌਹੀਦ ਪਸੰਦ ਫ਼ਿਕਰ ਦੇ ਜ਼ਰੀਏ ਇਸ ਦੁਨੀਆਂ ਵਿੱਚ ਪੁਰਅਮਨ-ਸ਼ਾਂਤੀ ਲਿਆ
ਸਕਦੇ ਹਨ। ਪਾਕਿਸਤਾਨ ਸਿੱਖ ਕੌਮ ਲਈ ਬੜੀ ਅਹਿਮੀਅਤ ਰੱਖਦਾ ਹੈ। ਸਿੱਖ ਕੌਮ ਨੂੰ ਚਾਹੀਦਾ ਹੈ
ਕਿ ਉਹ ਆਪਣੇ ਹੱਕਾ ਲਈ ਉੱਠ ਖੜੀ ਹੋਵੇ ਅਤੇ ਭਾਰਤ ਵਿੱਚ ਬ੍ਰਾਹਮਣਵਾਦੀ ਸੋਚ ਅਤੇ ਜ਼ੁਲਮਾਂ
ਨਾਲ ਭਰੇ ਹੋਏ ਨਿਜ਼ਾਮ ਨੂੰ ਖ਼ਤਮ ਕਰ ਦੇਵੇ।
ਸ੍ਰ, ਰਮੇਸ਼ ਸਿੰਘ ਅਰੌੜਾ ਮੈਂਬਰ, ਪੰਜਾਬ ਅਸੈਬਲੀ ਨੇ ਕਿਹਾ ਕਿ ਸਿੱਖ ਕੌਮ ਨੂੰ ਜਿਹੜਾ
ਪਿਆਰ ਤੇ ਸਤਿਕਾਰ ਪਾਕਿਸਤਾਨ ‘ਚ ਮਿਲਦਾ ਹੈ ਉਹ ਦੁਨੀਆਂ ਦੇ ਹੋਰ ਕਿਸੇ ਖਿੱਤੇ ਵਿਚ ਨਹੀਂ
ਮਿਲਦਾ। ਭਾਰਤ ਨੂੰ ਦੇਖਣਾ ਚਾਹੀਦਾ ਹੈ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਨੂੰ ਕਿੰਨਾ ਪਿਆਰ
ਦਿੱਤਾ ਜਾਂਦਾ ਹੈ। ਖਾਸ ਤੌਰ ‘ਤੇ ਸਿੱਖ ਕੌਮ ਤਾਂ ਇੱਥੇ ਦੀ ਲਾਡਲੀ ਕੌਮ ਹੈ। ਭਾਰਤ ਵਿਚ
ਵੱਸਣ ਵਾਲੇ ਸਿੱਖਾਂ ਨੂੰ ਉਹਨਾਂ ਦੀ ਖੁਆਇਸ਼ ਮੁਤਾਬਿਕ ਅਲੱਗ ਦੇਸ਼ ਮਿਲਣਾ ਚਾਹੀਦਾ ਹੈ।
ਆਖਰ ਵਿੱਚ ਸ੍ਰੀ ਖਾਲਿਦ ਅਲੀ ਸੈਕਟਰੀ (ਸ਼ਰਾਇਨ) ਮਹਿਕਮਾ ਔਕਾਫ਼ ਨੇ ਸੰਗਤਾਂ ਨੂੰ ਸੰਬੋਧਨ
ਕਰਦੇ ਹੋਏ ਕਿਹਾ ਕਿ ਪਾਕਿਸਤਾਨਨ ਦੇ ਗੁਰਦੁਆਰਿਆਂ ਦੀ ਯਾਤਰਾ ਕਰਨ ਆਉਣ ਵਾਲੇ ਸਿੱਖ ਯਾਤਰੀਆਂ
ਦੀ ਸੁਰੱਖਿਆ ਦਾ ਜ਼ਿਕਰ ਕੀਤਾ ਅਤੇ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸੇਵਾ-ਸੰਭਾਲ, ਲੰਗਰ ਦੇ
ਵਧੀਆ ਪ੍ਰਬੰਧ ਅਤੇ ਨਵੀਆਂ ਚਲ ਰਹੀਆਂ ਕਾਰ-ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦਾ
ਕਹਿਣਾ ਸੀ ਕਿ ਸਿੱਖ ਯਾਤਰੀ ਇੱਥੋਂ ਖ਼ੁਸ਼ ਹੋ ਕੇ ਜਾਂਦੇ ਹਨ। ਇਸ ਨਾਲ ਪਾਕਿਸਤਾਨ ਦਾ ਸਿੱਖ
ਕੌਮ ਪ੍ਰਤੀ ਪਿਆਰ ਦੁਨੀਆਂ ਭਰ ਵਿਚ ਉਭਰ ਕੇ ਸਾਹਮਣੇ ਆਉਂਦਾ ਹੈ।
ਮੁਸਲਮਾਨ ਅਤੇ ਸਿੱਖ ਕੌਮ ਤੌਹੀਦ ਪਸੰਦ ਹੋਣ ਕਰਕੇ ਇੱਕ ਦੂਜੇ ਦੇ ਬੜੇ ਨੇੜੇ ਹੈ। ਹਜ਼ਰਤ
ਬਾਬਾ ਗੁਰੂ ਨਾਨਕ ਸਾਹਿਬ ਜੀ ਨੂੰ ਮੁਸਲਮਾਨ ਕੌਮ ਬੜੇ ਪਿਆਰ ਤੇ ਸ਼ਰਧਾ ਨਾਲ ਦੇਖਦੀ ਹੈ। ਸਾਡੀ
ਕੋਸ਼ਿਸ਼ ਹੁੰਦੀ ਹੈ ਕਿ ਪਾਕਿਸਤਾਨ ਆਉਣ ਵਾਲੇ ਯਾਤਰੀਆਂ ਨੂੰ ਸੁਖ-ਅਰਾਮ ਦੀਆਂ ਸਾਰੀਆਂ
ਸਹੂਲਤਾਂ ਦਿੱਤੀਆਂ ਜਾਣ ਤੇ ਉਹਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ।
ਸਟੇਜ ਸੈਕਟਰੀ ਦੀ ਸੇਵਾ ਗੋਪਾਲ ਸਿੰਘ ਚਾਵਲਾ, ਚੇਅਮਰਮੈਨ ਪੰਜਾਬੀ ਸਿੱਖ ਸੰਗਤ ਵਲੋਂ
ਨਿਭਾਈ ਗਈ। ਇਸ ਸੈਮੀਨਾਰ ਤੋਂ ਬਾਅਦ ਸੰਗਤਾਂ ‘ਚ ਸਿਰੋਪਾਉ ਦਿੱਤੇ ਗਏ ਅਤੇ ਗੁਰੂ ਕਾ ਅਤੁੱਟ
ਲੰਗਰ ਵਰਤਿਆ।