ਮੈਂ ਦੁਖਿਤ ਹਿਰਦੇ ਨਾਲ ਸਿੱਖ ਜਗਤ ਨਾਲ ਇਹ ਦੁਖਦਾਈ ਖ਼ਬਰ ਸਾਂਝੀ ਕਰ ਰਿਹਾ ਹਾਂ ਕਿ ਸਾਡੇ ਇਕ ਬਜ਼ੁਰਗ ਤੇ ਅਜ਼ੀਮ ਨੇਤਾ ਡਾਕਟਰ ਗੰਗਾ ਸਿੰਘ ਢਿਲੋਂ ਆਪਣੀ ਜ਼ਿੰਦਗੀ ਦੇ 86 ਸਾਲਾਂ ਦਾ ਸਫ਼ਰ ਪੂਰਾ ਕਰਕੇ 24 ਸਤੰਬਰ ਨੂੰ ਆਪਣੇ ਗ੍ਰਹਿ ਅਲੈਗ਼ਜ਼ੈਡਰੀਆ ਸ਼ਹਿਰ, ਵਿਰਜੀਨੀਆ (ਅਮਰੀਕਾ) ਵਿਚ ਆਪਣੇ ਸਤਿਗੁਰੂ ਜੀ ਦੇ ਚਰਨਾਂ ਵਿਚ ਜਾ ਬਿਰਾਜੇ ਹਨ । ਡਾਕਟਰ ਢਿਲੋਂ ਨੇ ਆਪਣੀ ਸਾਰੀ ਉਮਰ ਨਿਧੜਕ ਹੋਕੇ ਸਿੱਖ ਕੌਮ ਨੂੰ ਇਕ ਵਖਰੀ ਤੇ ਨਿਵੇਕਲੀ ਕੌਮ ਮੰਨਿਆ ਤੇ ਪ੍ਰਚਾਰਿਆ । ਉਨ੍ਹਾਂ ਨੇ ਸਿੱਖ ਕੌਮ ਦੀ ਅਜ਼ਾਦੀ ਲਈ ਆਪਣਾ ਘੋਲ ਹਮੇਸ਼ਾਂ ਜਾਰੀ ਰਖਿਆ । ਉਨ੍ਹਾਂ ਦੀਆਂ ਪੰਥ ਪ੍ਰਤੀ ਨਿਸ਼ਕਾਮ ਸੇਵਾਵਾਂ ਤੇ ਕੋਸ਼ਿਸ਼ਾਂ ਕਰਕੇ ਭਾਰਤ ਸਰਕਾਰ ਨੇ ਉਨ੍ਹਾਂ ਦੇ ਭਾਰਤ ਵਿਚ ਜਾਣ ਉਤੇ ਪਕੀ ਪਾਬੰਦੀ ਲਗਾਈ ਹੋਈ ਸੀ । ਇਥੋਂ ਤਕ ਕਿ ਇਕ ਵਾਰ ਜਦ ਉਹ ਭਾਰਤ ਵਿਚ ਗਏ, ਤਾਂ ਉਨ੍ਹਾਂ ਨੂੰ ਉਥੇ ਰਹਿਣ ਦੀ ਇਜਾਜ਼ਤ ਤੋਂ ਮਹਿਰੂਮ ਕਰਕੇ ਉਥੋਂ ਹੀ ਵਾਪਸ ਜਹਾਜ਼ ਵਿਚ ਚਾੜ੍ਹ ਕੇ ਵਾਪਸ ਅਮਰੀਕਾ ਤੋਰ ਦਿਤਾ ਗਿਆ ਸੀ । ਉਸਤੋਂ ਬਾਅਦ ਉਹ ਅੱਜ ਤਕ ਆਪਣੇ ਭਾਰਤ ਦੇਸ਼ ਵਾਪਸ ਨਹੀਂ ਸਨ ਜਾ ਸਕੇ ।
ਉਨ੍ਹਾਂ ਦੀ ਪੰਥ ਨੂੰ ਸਭ ਤੋਂ ਵਡੀ ਦੇਣ ਇਹ ਹੈ ਕਿ ਉਨ੍ਹਾਂ ਨੇ ਸ੍ਰੀ ਨਨਕਾਣਾ ਸਾਹਿਬ ਫਾਊਂਡੇਸ਼ਨ ਨਾਮ ਦੀ ਸੰਸਥਾ ਕਾਇਮ ਕਰਕੇ ਪਾਕਿਸਤਾਨ ਵਿਚਲੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਬੀੜਾ ਚੁਕਿਆ, ਜਿਸਦੇ ਫਲ ਸਰੂਪ ਅੱਜ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੀ ਦਿੱਖ ਸੁਹਣੀ ਹੋ ਗਈ ਹੈ । ਅੱਜ ਤੋਂ ਕੁਝ ਸਾਲ ਪਹਿਲਾਂ ਪਾਕਿਸਤਾਨ ਵਿਚਲੇ ਇਤਿਹਾਸਕ ਗੁਰਦੁਆਰਿਆਂ ਦੀ ਹਾਲਤ ਤਰਸਯੋਗ ਸੀ । ਕਲੀਆਂ ਉਤਰ ਰਹੀਆਂ ਸਨ, ਪੇਂਟ ਉਚੜ ਰਹੇ ਸਨ, ਬੂਹੇ ਬਾਰੀਆਂ ਟੁੁੱਟ ਰਹੀਆਂ ਸਨ, ਛੱਤਾਂ ਭੁਰ ਰਹੀਆਂ ਸਨ, ਸ਼ਤੀਰੀਆਂ ਤੇ ਬਾਲਿਆਂ ਨੂੰ ਘੁਣ ਲਗ ਰਿਹਾ ਸੀ, ਫਰਸ਼ ਪੁਟੇ ਜਾ ਰਹੇ ਸਨ । ਗਲ ਕੀ, ਬੇਧਿਆਨੇ ਹੋਣ ਕਰਕੇ ਹਾਲਤ ਖਸਤਾ ਸੀ । ਵਕਤਨ-ਬਾ-ਵਕਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਤੇ ਕਰਮਚਾਰੀ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਜਾਂਦੇ ਤਾਂ ਜ਼ਰੂਰ ਸਨ, ਪਰ ਚੜ੍ਹਾਵੇ ਦੀ ਮਾਇਆ ਚਾਦਰਾਂ ਵਿਚ ਬੰਨ੍ਹ ਕੇ ਅੰਮ੍ਰਿਤਸਰ ਲੈ ਆਉਂਦੇ ਸਨ । ਉਹ ਗੁਰਦੁਆਰਿਆਂ ਦੀ ਮੁਰੰਮਤ ਉਤੇ ਕਚੀ ਕੌਡੀ ਵੀ ਖਰਚਣ ਨੂੰ ਤਿਆਰ ਨਹੀਂ ਸਨ ਹੁੰਦੇ । ਪਰ ਆਫ਼ਰੀਨ ਡਾਕਟਰ ਢਿਲੋਂ ਦੇ ਜਿਨ੍ਹਾਂ ਨੇ ਆਪਣੇ ਰਸੂਖ ਤੇ ਉਦਮ ਨਾਲ ਉਨ੍ਹਾਂ ਗੁਰਦੁਆਰਿਆ ਦੀ ਸਾਂਭ ਸੰਭਾਲ ਲਈ ਉਹ ਕੰਮ ਕੀਤਾ, ਜਿਸ ਬਾਰੇ ਮੈਂ ਇਹੋ ਕਹਿ ਸਕਦਾ ਹਾਂ: “ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਣ” । ਸਿਰਫ਼ ਉਥੇ ਜਾ ਕੇ ਹੀ ਪਤਾ ਲਗ ਸਕਦਾ ਹੈ ਕਿ ਡਾਕਟਰ ਢਿਲੋਂ ਦੀ ਬਦੌਲਤ ਕਿਹੜੇ ਕਮਾਲ ਹੋਏ ਹਨ ।
ਮੈਨੂੰ ਸਮੇਂ ਸਮੇਂ ਉਨ੍ਹਾਂ ਨਾਲ ਟੈਲੀਫੋਨ ਉਤੇ ਗਲਬਾਤ ਕਰਨ ਦਾ ਮੌਕਾ ਮਿਲਦਾ ਰਿਹਾ । ਹਰ ਵਾਰ ਉਨ੍ਹਾਂ ਕੋਲੋਂ ਨਵਾਂ ਕੁਝ ਜਾਨਣ ਤੇ ਸਿਖਣ ਦਾ ਮੌਕਾ ਮਿਲਿਆ । ਕੁਝ ਮਹੀਨੇ ਪਹਿਲਾਂ ਮੈਂ ਉਨ੍ਹਾਂ ਨੂੰ ਜ਼ੋਰ ਦੇ ਕੇ ਮਨਾਇਆ ਕਿ ਉਹ ਜਸ ਪੰਜਾਬੀ ਟੈਲੀਵੀਯਨ ਉਤੇ ਆਪਣੀ ਇੰਟਰਵੀਊ ਦੇਣ ਲਈ ਰਾਜ਼ੀ ਹੋਣ । ਮੇਰੀ ਬੇਨਤੀ ਮੰਨ ਜਾਣ ਪਿਛੋਂ ਮੈਂ ਸ: ਹਰਵਿੰਦਰ ਸਿੰਘ ਰਿਆੜ, “ਅੱਜ ਦਾ ਮੁੱਦਾ” ਦੇ ਮੀਜ਼ਬਾਨ ਨੂੰ ਬੇਨਤੀ ਕੀਤੀ ਕਿ ਉਹ ਡਾਕਟਰ ਢਿਲੋਂ ਨੂੰ ਇੰਟਰਵੀਊ ਕਰਨ । ਰਿਆੜ ਹੁਰਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਕੇ ਡਾਕਟਰ ਢਿਲੋਂ ਨੂੰ ਸਟੂਡੀਊ ਵਿਚ ਆਉਣ ਦੀ ਦਾਅਵਤ ਦਿਤੀ । ਇਕ ਦਿਨ ਦੀ ਰੀਕਾਰਡਿੰਗ ਦੀ ਬਜਾਏ ਰਿਆੜ ਸਾਹਿਬ ਨੇ ਡਾਕਟਰ ਢਿਲੋਂ ਨੂੰ 4 ਦਿਨ ਲਗਾਤਾਰ ਰੀਕਾਰਡ ਕੀਤਾ, ਜੋ ਇਕ ਇਤਿਹਾਸਕ ਦਸਤਾਵੇਜ਼ ਬਣ ਗਿਆ ।
ਭਾਵੇਂ ਡਾਕਟਰ ਢਿਲੋਂ ਉਮਰ ਵਿਚ ਮੇਰੇ ਕੋਲੋਂ ਤਕਰੀਬਨ 10 ਸਾਲ ਵਡੇ ਸਨ, ਪਰ ਸਾਡੇ ਵਿਚ ਸਾਂਝ ਹਮ-ਉਮਰਾਂ ਵਰਗੀ ਸੀ, ਕਾਰਨ ਇਹ ਸੀ ਕਿ ਮੈਨੂੰ ਬਚਪਨ ਤੋਂ ਆਪਣੇ ਪਿਤਾ ਸਵਰਗੀ ਸ: ਨਰਿੰਦਰ ਸਿੰਘ ਸੋਚ ਕਰਕੇ ਜਥੇਦਾਰਾਂ ਦੇ ਗਰੁਪ (ਜਥੇਦਾਰ ਊਧਮ ਸਿੰਘ ਨਾਗੋਕੇ, ਬਾਬਾ ਸੋਹਣ ਸਿੰਘ ਭਕਨਾ, ਬਾਬਾ ਗੁਰਦਿਤ ਸਿੰਘ ਕਾਮਾਗਾਟਾ ਮਾਰੂ ਜਹਾਜ਼, ਜਥੇਦਾਰ ਮੋਹਨ ਸਿੰਘ ਨਾਗੋਕੇ, ਈਸ਼ਰ ਸਿੰਘ ਮਝੈਲ, ਜਥੇਦਾਰ ਦਰਸ਼ਨ ਸਿੰਘ ਫੇਰੂਮਾਨ, ਜਥੇਦਾਰ ਤੇਜਾ ਸਿੰਘ ਅਕਰਪੁਰੀ, ਗੁਰਮੁਖ ਸਿੰਘ ਮੁਸਾਫਰ, ਜਥੇਦਾਰ ਸੋਹਣ ਸਿੰਘ ਜਲਾਲ ਉਸਮਾਂ ਆਦਿ) ਦੀ ਨੇੜਤਾ ਹਾਸਲ ਸੀ ਤੇ ਡਾਕਟਰ ਢਿਲੋਂ ਵੀ ਈਸ਼ਰ ਸਿੰਘ ਮਝੈਲ, ਜਦੋਂ ਉਹ ਮੁੜ ਵਸੇਬਾ ਮਹਿਕਮੇ ਦੇ ਵਜ਼ੀਰ ਸਨ, ਦੀ ਫ਼ਰਾਖ਼ਦਿਲੀ ਤੇ ਜ਼ਿੰਦਾਦਿਲੀ ਦੇ ਉਪਾਸ਼ਕ ਰਹੇ ਸਨ ।
ਇਥੇ ਇਕ ਬੜੀ ਦਿਲਚਸਪ ਗਲ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ । ਕੁਝ ਸਾਲ ਹੋਏ, ਢਿਲੋਂ ਸਾਹਿਬ ਡੈਲਸ, ਟੈਕਸਾਸ ਵਿਚ ਆਪਣੇ ਇਕ ਗੂੜ੍ਹੇ ਤੇ ਪੁਰਾਣੇ ਮਿਤਰ ਡਾਕਟਰ ਹਰਬੰਸ ਲਾਲ ਨੂੰ ਮਿਲਣ ਜਾਣਾ ਚਾਹੁੰਦੇ ਸਨ । ਉਨ੍ਹਾਂ ਨੇ ਮੈਨੂੰ ਵੀ ਜ਼ੋਰ ਲਾਇਆ ਕਿ ਮੈਂ ਵੀ ਉਨ੍ਹਾਂ ਨੂੰ ਉਥੇ ਆਣ ਮਿਲਾਂ । ਕੁਝ ਕਾਰਨਾਂ ਕਰਕੇ ਮੈਂ ਉਥੇ ਨਹੀਂ ਸੀ ਜਾ ਸਕਿਆ । ਦਿਲਚਸਪ ਗਲ ਜਿਹੜੀ ਉਹ ਮੈਨੂੰ ਸੁਨਾਉਣੀ ਚਾਹੁੰਦੇ ਸਨ, ਉਹ ਡਾਕਟਰ ਢਿਲੋਂ ਤੇ ਡਾਕਟਰ ਹਰਬੰਸ ਲਾਲ ਵਿਚਕਾਰ ਇਕ ਵਾਰਤਾਲਾਪ ਸੀ, ਜੋ ਇਸ ਪ੍ਰਕਾਰ ਹੈ:
ਹਰਬੰਸ ਲਾਲ – “ਢਿਲੋਂ ਸਾਹਿਬ, ਜਦ ਮੈਂ ਮਰਾਂ, ਤਾਂ ਮੇਰੇ ਮੂੰਹ ਵਿਚ ਅੰਮ੍ਰਿਤ ਦੀਆਂ ਬੂੰਦਾਂ ਪਾ ਦੇਣੀਆਂ । ਮੈਂ ਅੰਮ੍ਰਿਤਧਾਰੀ ਹੋ ਕੇ ਮਰਨਾ ਚਾਹੁੰਦਾ ਹਾਂ”।
ਗੰਗਾ ਸਿੰਘ ਢਿਲੋਂ – “ਫਿਟੇ ਮੂੰਹ ਤੇਰੇ, ਤੇਰਾ ਖਿਆਲ ਹੈ ਅੰਮ੍ਰਿਤ ਦੀਆਂ ਬੂੰਦਾਂ ਮਰੇ ਆਦਮੀ ਦੇ ਸੰਘ ਹੇਠੋਂ ਲੰਘ ਜਾਣਗੀਆਂ । ਜੇ ਅੰਮ੍ਰਿਤ ਛਕਣਾ ਹੈ ਤੇ ਜੀਊਂਦੇ ਜੀਅ ਛੱਕ, ਪਿਛੋਂ ਇਹ ਗਲੇ ਹੇਠੋਂ ਨਹੀਂ ਲੰਘਣੀਆਂ”।
ਡਾਕਟਰ ਢਿਲੋਂ ਨੇ ਮੈਨੂੰ ਜ਼ੋਰ ਲਾਇਆ ਕਿ ਮੈਂ ਵੀ ਉਸੇ ਸਮੇਂ ਡੈਲਸ ਭਾਈ ਹਰਬੰਸ ਲਾਲ ਦੇ ਘਰ ਪਹੁੰਚਾ, ਤਾਂ ਕਿ ਉਹ ਇਹ ਗਲ ਮੇਰੇ ਸਾਹਮਣੇ ਭਾਈ ਹਰਬੰਸ ਲਾਲ ਨੂੰ ਮੁੜ ਦੁਹਰਾ ਸਕਣ ।
ਡਾਕਟਰ ਗੰਗਾ ਸਿੰਘ ਢਿਲੋਂ ਦੀ ਪੰਥ ਨੂੰ ਇਕ ਹੋਰ ਬੜੀ ਵਡੀ ਦੇਣ ਇਹ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਵਾਉਣ ਵਿਚ ਇਕ ਅਹਿਮ ਯੋਗਦਾਨ ਪਾਇਆ, ਤਾਂ ਕਿ ਪਾਕਿਸਤਾਨ ਵਿਚ ਗੁਰਦੁਆਰਿਆਂ ਵਿਚ ਚੜ੍ਹਾਵੇ ਦਾ ਪੈਸਾ ਪਾਕਿਸਤਾਨ ਵਿਚਲੇ ਗੁਰਧਾਮਾਂ ਵਿਚ ਹੀ ਵਰਤਿਆ ਜਾ ਸਕੇ ਤੇ ਉਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਵਾਂਗ ਧਾਂਦਲੀਆਂ ਨਾ ਪਾ ਸਕੇ ।
ਸਿੱਖੀ ਦਾ ਦਰਦ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ, ਮਿਸਾਲ ਦੇ ਤੌਰ ਉਤੇ ਆਪਣੇ ਕਾਲਜ ਦੇ ਦਿਨਾਂ ਵਿਚ ਵੀ 1947 ਵਿਚ ਉਨ੍ਹਾਂ ਨੇ ਲਾਹੌਰ ਸ਼ਹਿਰ ਦੀਆਂ ਗਲੀਆਂ ਵਿਚ ਗ੍ਰਿਫ਼ਤਾਰੀ ਦਿਤੀ । ਡਾਕਟਰ ਢਿਲੋਂ ਦਾ ਜੀਵਨ ਨਾ ਕੇਵਲ ਲਗਾਤਾਰ ਇਕ ਜਦੋਜਹਿਦ ਵਾਲਾ ਜੀਵਨ ਰਿਹਾ, ਸਗੋਂ ਇਕ ਮਿਸਾਲ ਵਾਲਾ ਤੇ ਸਬਕ ਸਿਖਣ ਵਾਲਾ ਹੈ ।
ਉਨ੍ਹਾਂ ਦੇ ਇਸ ਫ਼ਾਨੀ ਦੁਨੀਆਂ ਤੋਂ ਸਦੀਵੀ ਤੁਰ ਜਾਣ ਨਾਲ ਜਿਥੇ ਉਨ੍ਹਾਂ ਦੇ ਪਰਿਵਾਰ ਨੂੰ ਇਕ ਅਸਿਹ ਸਦਮਾ ਪਹੁੰਚਿਆ ਹੈ, ਉਥੇ ਸਿਖ ਜਗਤ ਵਿਚ ਵੀ ਨਾ ਪੂਰਾ ਹੋ ਸਕਣ ਵਾਲਾ ਇਕ ਖਲਾਅ ਪੈਦਾ ਹੋਇਆ ਹੈ । ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਦੇਵੇ ਤੇ ਪਿਛੇ ਪਰਿਵਾਰ ਨੂੰ ਅਸਹਿ ਤੇ ਅਕਹਿ ਭਾਣਾ ਮੰਨਣ ਦਾ ਬਲ ਬਖ਼ਸ਼ੇ । ਡਾਕਟਰ ਢਿਲੋਂ ਆਪਣੇ ਪਿਛੇ ਆਪਣੀ ਸੁਪਤਨੀ ਇਕ ਸਪੁਤਰ ਕਾਹਨ ਸਿੰਘ ਤੇ ਇਕ ਸਪੁਤਰੀ ਨਿਹਾਲ ਕੌਰ ਛੱਡ ਗਏ ਹਨ ।