ਨਵੀਂ ਦਿੱਲੀ :- ਜੰਮੂ ਕਸ਼ਮੀਰ ਦੇ ਹੜ੍ਹ ਪੀੜ੍ਹਿਤਾਂ ਦੀ ਮਦਦ ਲਈ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ 2 ਲੱਖ ਰੁਪਏ ਦਾ ਚੈਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸੌਂਪਿਆਂ ਗਿਆ। ਵਿਦਿਆਰਥੀਆਂ ਵੱਲੋਂ ਆਪਣੀ ਜੇਬ ਖਰਚੀ ਚੋਂ ਕਟੌਤੀ ਕਰਦੇ ਹੋਏ ਇਸ ਨੇਕ ਕਾਰਜ ‘ਚ ਹਿੱਸਾ ਪਾਉਣ ਲਈ ਸਕੂਲ ਸਟਾਫ ਵੱਲੋਂ ਬੱਚਿਆਂ ਨੂੰ ਪ੍ਰੇਰਣ ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਕਿਸੇ ਦਾ ਦੁੱਖ ਵੰਢਣ ਨਾਲ ਦੁੱਖ ਘੱਟਦਾ ਹੈ ਤੇ ਕਿਸੇ ਨਾਲ ਸੁੱਖ ਵੰਢਣ ਨਾਲ ਸੁੱਖ ਵੱਧਦਾ ਹੈ।
ਬੱਚਿਆਂ ਵੱਲੋਂ ਕਸ਼ਮੀਰ ਦੇ ਲੋਕਾਂ ਦੀ ਮਦਦ ਲਈ ਇਸ ਚੈਕ ਨੂੰ ਲੈਣ ਮੌਕੇ ਜੀ.ਕੇ. ਨੇ ਦਿੱਲੀ ਕਮੇਟੀ ਵੱਲੋਂ ਜੰਮੂ ਕਸ਼ਮੀਰ ‘ਚ ਰਾਸ਼ਨ ਵੰਢਣ ਦੀ ਸ਼ੁਰੂ ਕੀਤੀ ਜਾ ਰਹੀ ਮੁਹਿੰਮ ‘ਚ ਇਸ ਸਹਾਇਤਾ ਨੂੰ ਵਰਤਨ ਦਾ ਭਰੋਸਾ ਦਿੱਤਾ। ਸਕੂਲ ਦੇ ਵਾਈਸ ਚੇਅਰਮੈਨ ਹਰਵਿੰਦਰ ਸਿੰਘ ਕੇ.ਪੀ., ਮੈਨੇਜਰ ਕੁਲਮੋਹਨ ਸਿੰਘ ਅਤੇ ਪ੍ਰਿੰਸੀਪਲ ਦਵਿੰਦਰਜੀਤ ਕੌਰ ਢੀਂਗਰਾ ਵੱਲੋਂ ਜੀ.ਕੇ. ਨੁੂੰ ਉਕਤ ਚੈਕ ਦਿੱਤਾ ਗਿਆ। ਕੁਲਮੋਹਨ ਸਿੰਘ ਨੇ ਵੰਡ ਛੱਕਣ ਦੇ ਗੁਰਮਤਿ ਸਿਧਾਂਤ ਦਾ ਹਵਾਲਾ ਦਿੰਦੇ ਹੋਏ ਦੁੱਖ ਦੀ ਘੜੀ ‘ਚ ਆਪਣੇ ਦੇਸ਼ ਦੇ ਵਸਨਿਕਾ ਦੀ ਮਦਦ ਲਈ ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਦਿੱਤੇ ਗਏ ਇਸ ਨਿਵੇਕਲੇ ਸਹਿਯੋਗ ਲਈ ਧੰਨਵਾਦ ਜਤਾਇਆ।