ਨਿਊਯਾਰਕ –ਭਾਰਤ ਦੇ ਪ੍ਰਧਾਨਮੰਤਰੀ ਮੋਦੀ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਆਪਣੇ ਪਹਿਲੇ ਭਾਸ਼ਣ ਦੌਰਾਨ ਨਰਵਸ ਹੋ ਕੇ ਬਹੁਤ ਸਾਰੀਆਂ ਗਲਤੀਆਂ ਕਰ ਗਏ, ਜਿਸ ਕਾਰਨ ਅੰਤਰਰਾਸ਼ਟਰੀ ਲੈਵਲ ਤੇ ਉਨ੍ਹਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਮਹਾਂਸਭਾ ਵਿੱਚ 12 ਸਾਲ ਬਾਅਦ ਹਿੰਦੀ ਵਿੱਚ ਭਾਸ਼ਣ ਦਿੱਤਾ ਗਿਆ, ਪਰ ਹਿੰਦੀ ਵਿੱਚ ਭਾਸ਼ਣ ਦੇਣ ਦੇ ਬਾਵਜੂਦ ਵੀ ਉਨ੍ਹਾਂ ਦੇ ਉਚਾਰਣ ਦੇ ਢੰਗ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਗਲਤੀਆਂ ਸਾਹਮਣੇ ਆਈਆਂ।
ਭਾਰਤੀ ਪ੍ਰਧਾਨਮੰਤਰੀ ਵੱਲੋਂ ਯੂਐਨ ਵਿੱਚ ਜੋ ਗਲਤੀਆਂ ਕੀਤੀਆਂ ਗਈਆਂ ਉਹ ਇਸ ਪ੍ਰਕਾਰ ਹਨ ;
* ਮੋਦੀ ਨੇ ਮਹਾਂਸਭਾ ਵਿੱਚ ਆਪਣੇ ਭਾਸ਼ਣ ਦੇ ਸ਼ੁਰੂ ਵਿੱਚ ਹੀ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਪ੍ਰਧਾਨ ਦੇ ਨਾਂ ਦਾ ਗਲਤ ਉਚਾਰਣ ਕੀਤਾ। ਉਨ੍ਹਾਂ ਨੇ ਸੈਮ ਕੁਟੇਸਾ (Sam Kutesa) ਨੂੰ ਸੈਮ ਕੁਰੇਸਾ ਕਰਕੇ ਸੰਬੋਧਨ ਕੀਤਾ।
* ਮਹਾਂਸਭਾ ਵਿੱਚ ਭਾਸ਼ਣ ਦੌਰਾਨ ਮੋਦੀ 69ਵੇਂ ਸ਼ਬਦ ਦਾ ਜਿਕਰ ਕਰਦੇ ਹੋਏ ਇੰਗਲਸ਼ ਅਤੇ ਹਿੰਦੀ ਮਿਲਾ ਕੇ ਬੋਲ ਗਏ। ਉਨ੍ਹਾਂ ਨੇ 69ਵੇਂ ਸ਼ਬਦ ਨੂੰ ‘ ਸਿਕਸਟੀ ਨਾਈਂਥਵੇਂ’ ਬੋਲ ਦਿੱਤਾ।
* ਭਾਰਤ ਦੀ ਆਬਾਦੀ ਦਾ ਜਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਭਾਰਤ ਵੰਨ ਪਵਾਂਇੰਟ ਟਵੰਟੀ ਫਾਈਵ (1.25) ਬਿਲੀਅਨ ਲੋਕਾਂ ਦਾ ਦੇਸ਼ ਹੈ। ਦਸ਼ਮਲਵ ਤੋਂ ਬਾਅਦ ਦੇ ਅੰਕਾਂ ਨੂੰ ਵੀ ਮੋਦੀ ਇੱਕਠਿਆਂ ਹੀ ਬੋਲ ਗਏ, ਜਦੋਂ ਕਿ ਇਸ ਨੂੰ ਵੰਨ ਪਵਾਂਇੰਟ ਟੂ ਫਾਈਵ (1.25) ਕਰਕੇ ਬੋਲਿਆ ਜਾਂਦਾ ਹੈ। ਇਸ ਸਮੇਂ ਉਹ ਕਾਫ਼ੀ ਲੜਖੜਾਂਉਂਦੇ ਹੋਏ ਨਜ਼ਰ ਆਏ।
* ਮੋਦੀ ਇੱਥੇ ਹੀ ਨਹੀਂ ਰੁਕੇ ਉਹ ਆਪਣੀ ਮਾਤਰ ਭਾਸ਼ਾ ਹਿੰਦੀ ਦੇ ਉਚਾਰਣ ਵਿੱਚ ਵੀ ਕਈ ਗਲਤੀਆਂ ਕਰ ਗਏ। ਪ੍ਰਕਿਰਤੀ ਨੂੰ ਉਹ ਦੋ ਵਾਰ ‘ਪ੍ਰਕੁਰਤੀ’ ਬੋਲ ਗਏ ।ਸਮੁਦਰ ਨੂੰ ‘ਸਮਿਦਰ’, ਸਮਰਿਦੀ ਨੂੰ ‘ਸਮੁਰਿਦੀ’ ਅਤੇ ਸੰਮਾਨ ਨੂੰ ‘ਸਨਮਾਨ’ ਬੋਲ ਗਏ।
* ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਹਰ ਰਾਸ਼ਟਰ ਦੇ ਪ੍ਰਤੀਨਿਧੀ ਨੂੰ ਸੰਬੋਧਨ ਕਰਨ ਦਾ 15 ਮਿੰਟ ਦਾ ਸਮਾਂ ਦਿੱਤਾ ਜਾਂਦਾ ਹੈ ਪਰ ਭਾਰਤ ਦੇ ਇਹ ਪ੍ਰਤੀਨਿਧੀ 35 ਮਿੰਟ ਤੱਕ ਆਪਣਾ ਭਾਸ਼ਣ ਦਿੰਦੇ ਰਹੇ।