ਤਲਵੰਡੀ ਸਾਬੋ – ਗੁਰੂ ਗੋਬਿੰਦ ਸਿੰਘ ਕਾਲਜ ਆੱਫ ਐਜੂਕੇਸ਼ਨ, ਤਲਵੰਡੀ ਸਾਬੋ ਵਿਖੇ ਵਿੱਤੀ ਮਾਮਲਿਆਂ ਦੀ ਯੁਵਕ ਪੀੜ੍ਹੀ ਨੂੰ ਜਾਣਕਾਰੀ ਦੇਣ ਹਿਤ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਡਾ. ਆਨੰਦ ਬਾਂਸਲ (ਪ੍ਰੋ. ਕਾੱਮਰਸ ਵਿਭਾਗ, ਗੁਰੂ ਕਾਸ਼ੀ ਕਾਲਜ, ਤਲਵੰਡੀ ਸਾਬੋ) ਮੁੱਖ ਬੁਲਾਰੇ ਦੇ ਤੌਰ ‘ਤੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ । ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਇਸ ਪ੍ਰੋਗਰਾਮ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਕੇ ਪ੍ਰੋਗਰਾਮ ਦੀ ਸ਼ੋਭਾ ਨੂੰ ਦੂਣ-ਸਵਾਇਆ ਕੀਤਾ ।
ਡਾ. ਬਾਂਸਲ ਨੇ ਵਿੱਤੀ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਅਤੇ ਸਟਾਫ ਨਾਲ ਕੁੱਝ ਅਜਿਹੇ ਨੁਕਤੇ ਸਾਂਝੇ ਕੀਤੇ ਜੋ ਕਿ ਵਿਦਿਆਰਥੀਆਂ ਨੂੰ ਪੈਸੇ ਦੀ ਬੱਚਤ ਲਈ ਪ੍ਰੋਤਸ਼ਾਹਨ ਕਰਨਗੇ ਅਤੇ ਫਜ਼ੂਲ ਖਰਚੀ ਤੇ ਨਕੇਲ ਪਾਉਣਗੇ । ਡਾ. ਬਾਂਸਲ ਨੇ ਵਿਦਿਆਰਥੀਆਂ ਨੂੰ ਗੋਲਕ ਰਾਹੀਂ ਬੱਚਤ ਅਤੇ ਬਾਅਦ ਵਿਚ ਅਗਲੇ ਪੱਧਰ ਤੱਕ ਦੀ ਬੱਚਤ ਬਾਰੇ ਵੀ ਕਈ ਉਸਾਰੂ ਸੁਝਾਅ ਦਿੱਤੇ । ਉਨ੍ਹਾਂ ਇੱਥੇ ਇਹ ਵੀ ਕਿਹਾ ਕਿ ਬੱਚਤ ਸੁਰੱਖਿਅਤ, ਲਚਕਦਾਰ ਅਤੇ ਸਹੀ ਵਾਧੇ ਵਾਲੀ ਹੋਣੀ ਚਾਹੀਦੀ ਹੈ ਤਾਂ ਹੀ ਅਸੀਂ ਬੱਚਤ ਦਾ ਸਹੀ ਅਰਥਾਂ ਵਿਚ ਲਾਹਾ ਲੈ ਸਕਦੇ ਹਾਂ । ਭਵਿੱਖ ਦੀ ਅਨਿਸ਼ਚਤਤਾ ਅਤੇ ਹੋਰ ਲੋੜਾਂ ਲਈ ਬੱਚਤ ਕਾਰਗਾਰ ਸਿੱਧ ਹੁੰਦੀ ਹੈ । ਅੱਜ ਦੇ ਇਨਫਰਮੇਸ਼ਨ ਯੁੱਗ ਨੂੰ ਮੱਦੇਨਜ਼ਰ ਰੱਖਦੇ ਹੋਏ ਡਾ. ਬਾਂਸਲ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇੰਟਰਨੈੱਟ ਬੈਂਕਿੰਗ ਦੀ ਸਹੂਲਤ ਨੂੰ ਵਰਤਣ ਲਈ ਵੀ ਜ਼ੋਰ ਦਿੱਤਾ ਜਿਸ ਸਦਕਾ ਬਿੱਲ ਭਰਨ ਜਾਂ ਹੋਰ ਭੁਗਤਾਨ ਸਬੰਧੀ ਲੰਬੀਆਂ ਕਤਾਰਾਂ ਵਿਚ ਖੜ੍ਹਨ ਦੀ ਲੋੜ ਨਹੀਂ ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲ੍ਹੀ ਨੇ ਡਾ. ਬਾਂਸਲ ਦੇ ਇਸ ਸੇਧ ਭਰੇ ਭਾਸ਼ਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿੱਤੀ ਉਦਾਹਰਨਾਂ ਭਰਿਆ ਇਹ ਪ੍ਰੋਗਰਾਮ ਹਰ ਸਰੋਤੇ ਦੇ ਵਿੱਤੀ ਮਾਮਲਿਆਂ ਵਿਚ ਬਹੁਤ ਸੁਧਾਰ ਲਿਆਵੇਗਾ ਜਿਸ ਸਦਕਾ ਹਰ ਕੋਈ ਆਪਣਾ ਜੀਵਨ ਸਰਲ, ਸੁਖਮਈ ਅਤੇ ਕਾਮਯਾਬ ਬਣਾ ਸਕਦਾ ਹੈ । ਇਸ ਨਾਲ ਬਹੁਮੁੱਲੇ ਸਮੇਂ ਦੀ ਸੁਚੱਜੀ ਵਰਤੋਂ ਵਿਚ ਵੀ ਵਾਧਾ ਹੁੰਦਾ ਹੈ ਅਤੇ ਨਾਲ ਹੀ ਬੱਚਤ ਵਿਚ ਵਾਧਾ ਕਰਕੇ, ਫਜ਼ੂਲ ਖਰਚੀ ਨੂੰ ਘਟਾ ਕੇ ਵਿੱਤੀ ਆਧਾਰ ਮਜਬੂਤ ਬਣਾਇਆ ਜਾ ਸਕਦਾ ਹੈ ।
ਕਾਲਜ ਦੇ ਪ੍ਰਿੰਸੀਪਲ ਡਾ. ਅਰੁਣ ਕੁਮਾਰ ਕਾਂਸਲ ਨੇ ਮੁੱਖ ਮਹਿਮਾਨ, ਬੁਲਾਰੇ, ਆਯੋਜਕਾਂ ਅਤੇ ਸਾਰੇ ਸਰੋਤਿਆਂ ਦਾ ਨਿੱਘੇ ਸ਼ਬਦਾਂ ਵਿਚ ਧੰਨਵਾਦ ਕੀਤਾ । ਗੁਰੂ ਕਾਸ਼ੀ ਯੂਨੀਵਰਸਿਟੀ ਦੇ ਲੋਕ ਸੰਪਰਕ ਅਧਿਕਾਰੀ ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ ਨੇ ਪ੍ਰੋਗਰਾਮ ਦਾ ਮੰਚ ਸੰਚਾਲਨ ਕੀਤਾ । ਪ੍ਰੋ. ਜਗਵਿੰਦਰ ਸਿੰਘ ਦਾ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਯੋਗਦਾਨ ਰਿਹਾ ।
ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਕਾਲਜ ਵਿਖੇ ਵਿੱਤੀ ਮਾਮਲਿਆਂ ਸਬੰਧੀ ਵਰਕਸ਼ਾਪ
This entry was posted in ਪੰਜਾਬ.