ਅਮਰੀਕਾ ਦੀ ਨੈਸ਼ਨਲ ਹਾਈਵੇ ਟਰੈਫਿੱਕ ਸੇਫਟੀ ਐਡਮਿਨਿਸਟ੍ਰੇਸ਼ਨ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਅਮਰੀਕਾ ਵਿਚ ਹਰ 10 ਸਕਿੰਟਾਂ ਵਿਚ ਇਕ ਬੰਦਾ ਸੜਕ ਐਕਸੀਡੈਂਟ ਵਿਚ ਜ਼ਖ਼ਮੀ ਹੋ ਰਿਹਾ ਹੈ ਪਰ ਇਨ੍ਹਾਂ ਵਿੱਚੋਂ ਬਹੁਤ ਘਟ ਲੋਕ ਮੌਤ ਦੇ ਮੂੰਹ ਵਿਚ ਜਾਂਦੇ ਹਨ। ਇਸਦੇ ਉਲਟ ਭਾਰਤ ਵਿਚ ਦੁਨੀਆ ਭਰ ਵਿੱਚੋਂ ਸਭ ਤੋਂ ਵਧ ਮੌਤਾਂ ਸੜਕ ਹਾਦਸਿਆਂ ਵਿਚ ਹੋ ਰਹੀਆਂ ਹਨ ਅਤੇ ਉਹ ਵੀ ਜ਼ਿਆਦਾਤਰ ਜਵਾਨ ਬੱਚਿਆਂ ਦੀਆਂ!
ਇੰਗਲੈਂਡ ਦੇ ਖੋਜੀਆਂ ਨੇ ਖੁਲਾਸਾ ਕੀਤਾ ਹੈ ਕਿ ਲਗਭਗ ਇਕ ਤਿਹਾਈ ਅਜਿਹੇ ਸੜਕ ਹਾਦਸਿਆਂ ਵਿੱਚੋਂ ਬਚੇ ਲੋਕਾਂ ਵਿਚ ਸਾਲਾਂ ਬੱਧੀ ਘਬਰਾਹਟ, ਢਹਿੰਦੀ ਕਲਾ ਦੇ ਅੰਸ਼, ਡਰ, ਤਣਾਓ ਆਦਿ ਵੇਖਣ ਨੂੰ ਮਿਲਦੇ ਹਨ।
ਆਕਸਫੋਰਡ ਯੂਨੀਵਰਸਿਟੀ ਇੰਗਲੈਂਡ ਦੇ ਸਾਈਕੈਟਰੀ ਦੇ ਪ੍ਰੋਫੈਸਰ ਰਿਚਰਡ ਨੇ ਕਈ ਅਜਿਹੇ ਕੇਸਾਂ ਵਿੱਚ ਸਦੀਵੀ ਮਾਨਸਿਕ ਰੋਗ ਹੁੰਦੇ ਵੀ ਲੱਭੇ ਹਨ। ਅਗਸਤ ਮਹੀਨੇ ਵਿਚ ‘ ਅਮੈਰੀਕਨ ਜਰਨਲ ਆਫ ਸਾਈਕੈਟਰੀ ’ ਵਿਚ ਛਪੇ ਉਸਦੇ ਖੋਜ-ਪੱਤਰ ਵਿਚ ਉਸਨੇ ਇਕ ਹਜ਼ਾਰ ਤੋਂ ਉੱਤੇ ਮਰਦ ਅਤੇ ਔਰਤਾਂ ਉੱਤੇ ਖੋਜ ਕਰ ਕੇ ਇਹ ਸਪਸ਼ਟ ਕੀਤਾ ਹੈ ਕਿ ਸਿਰਫ ਸੀਰੀਅਸ ਐਕਸੀਡੈਂਟ ਵਿਚ ਬਚੇ ਹੀ ਨਹੀਂ ਬਲਕਿ ਨਿੱਕੀਆਂ ਮੋਟੀਆਂ ਝਰੀਟਾਂ ਨਾਲ ਬਚੇ ਲੋਕਾਂ ਦੇ ਮਨਾਂ ਵਿਚ ਵੀ ਤਿੰਨ ਮਹੀਨੇ ਤੋਂ ਇਕ ਸਾਲ ਤਕ ਡਰ ਦਾ ਇਹਸਾਸ ਬਣਿਆ ਰਹਿੰਦਾ ਹੈ ਅਤੇ ਉਹ ਕਾਰ ਚਲਾਉਣ ਲੱਗਿਆਂ ਜਾਂ ਨਾਲ ਦੀ ਸੀਟ ਉੱਤੇ ਬਹਿ ਕੇ ਵੀ ਘਬਰਾਹਟ ਮਹਿਸੂਸ ਕਰਦੇ ਰਹਿੰਦੇ ਹਨ।
ਕਈਆਂ ਨੂੰ ਇਕਦਮ ਲੱਗੇ ਝਟਕੇ ਤੋਂ ਛੇਤੀ ਰਾਹਤ ਮਿਲ ਜਾਂਦੀ ਹੈ ਪਰ ਐਕਸੀਡੈਂਟ ਤੋਂ ਤਿੰਨ ਚਾਰ ਮਹੀਨੇ ਬਾਅਦ ਘਬਰਾਹਰਟ ਹੋਣੀ ਸ਼ੁਰੂ ਹੋ ਜਾਂਦੀ ਹੈ।
ਖੋਜ ਵਿਚਲੇ ਇਨ੍ਹਾਂ ਸਾਰੇ ਕੇਸਾਂ ਵਿਚ 90 ਪ੍ਰਤੀਸ਼ਤ ਦੇ ਨੇੜੇ ਲੋਕ ਡਰਾਈਵਰ ਨਹੀਂ ਸਨ ਬਲਕਿ ਨਾਲ ਦੀ ਸੀਟ ਜਾਂ ਪਿਛਲੀ ਸੀਟ ਉੱਤੇ ਬੈਠੇ ਲੋਕ ਸਨ ਜਿਨ੍ਹਾਂ ਦੇ ਮਨਾਂ ਵਿਚ ਡਰ ਸਦੀਵੀ ਵਾਸ ਕਰ ਗਿਆ ਸੀ। ਇਨ੍ਹਾਂ ਵਿੱਚੋਂ ਕਈ ਲੋਕ ਮਹੀਨਿਆਂ ਬ¤ਧੀ ਕਾਰ ਵਿਚ ਬੈਠੇ ਹੀ ਨਹੀਂ ਤੇ ਬਸ ਜਾਂ ਗੱਡੀ ਵਿਚ ਬੈਠਣ ਨੂੰ ਤਰਜੀਹ ਦਿੱਤੀ।
ਬਥੇਰਿਆਂ ਨੇ ਐਕਸੀਡੈਂਟ ਵਾਲੀ ਥਾਂ ਤੋਂ ਦੁਬਾਰਾ ਲੰਘਣ ਲੱਗਿਆਂ ਕਾਫ਼ੀ ਘਬਰਾਹਟ ਮਹਿਸੂਸ ਕੀਤੀ। ਕਈਆਂ ਨੂੰ ਉਸੇ ਕਾਰ ਵਿਚ ਬਹਿਣ ਲੱਗਿਆਂ ਤਕਲੀਫ਼ ਮਹਿਸੂਸ ਹੁੰਦੀ ਰਹੀ। ਕਈ ਉਸ ਪਾਸੇ ਦੇ ਰਸਤੇ ਜਾਂ ਉਸੇ ਰੰਗ ਦੀ ਕਾਰ ਵੇਖ ਕੇ ਵੀ ਸਹਿਮ ਜਾਂਦੇ ਰਹੇ।
ਜੇ ਅਜਿਹੇ ਡਰ ਜਾਂ ਘਬਰਾਹਟ ਦਾ ਇਲਾਜ ਨਾ ਕੀਤਾ ਜਾਵੇ ਤਾਂ ਕਈ ਵਾਰ ਇਹ ਮਨੋਰੋਗ ਬਣ ਜਾਂਦਾ ਹੈ ਜੋ ਕੰਮ ਕਾਰ ਦੀ ਥਾਂ ਉੱਤੇ ਕੰਮ ਠੀਕ ਨਾ ਕਰ ਸਕਣ ਦਾ ਕਾਰਣ ਤਾਂ ਬਣਦਾ ਹੀ ਹੈ ਪਰ ਰਿਸ਼ਤਿਆਂ ਵਿਚ ਵੀ ਤ੍ਰੇੜ ਪੈਣ ਦਾ ਕਾਰਣ ਬਣ ਜਾਂਦਾ ਹੈ। ਸਿਰਫ਼ ਇਹ ਹੀ ਨਹੀਂ, ਨੀਂਦਰ ਠੀਕ ਨਾ ਆਉਣੀ, ਤਣਾਓ, ਢਹਿੰਦੀ ਕਲਾ, ਘਬਰਾਹਟ ਦੇ ਦੌਰੇ, ਸਰੀਰਕ ਸੰਬੰਧਾਂ ਵਿਚ ਔਖਿਆਈ, ਆਦਿ ਵੀ ਆਮ ਹੀ ਵੇਖੇ ਗਏ ਲੱਛਣ ਹਨ।
ਟਰੌਮਾ ਸਾਈਕੈਟਰੀ ਵਿਭਾਗ ਦੇ ਡਾਇਰੈਕਟਰ ਐਲਨ ਸਟੀਨਬਰਗ ਨੇ ਕਈ ਮਹੀਨਿਆਂ ਤਕ ਅਜਿਹੇ ਕੇਸਾਂ ਦੇ ਸਰੀਰਾਂ ਅੰਦਰ ਤਣਾਓ ਦੇ ਹਾਰਮੋਨ ਵਧੇ ਵੇਖੇ। ਸਿਰਫ਼ ਹਲਕੀ ਝਰੀਟ ਵਾਲੇ ਕੇਸਾਂ ਵਿਚ ਵੀ ਅਜਿਹਾ ਹੀ ਵੇਖਣ ਨੂੰ ਮਿਲਿਆ। ਸਟੀਨਬਰਗ ਨੇ ਤਾਂ ਇਕ ਹੱਦ ਹੀ ਬੰਨ੍ਹ ਦਿੱਤੀ ਹੈ ਕਿ ਜੇ ਐਕਸੀਡੈਂਟ ਹੋਣ ਤੋਂ ਤਿੰਨ ਮਹੀਨੇ ਬਾਅਦ ਵੀ ਕਾਰ ਚਲਾਉਣ ਜਾਂ ਵਿਚ ਬੈਠਣ ਲੱਗਿਆਂ ਘਬਰਾਹਟ ਮਹਿਸੂਸ ਹੋਵੇ, ਸੁਫ਼ਨਿਆਂ ਵਿਚ ਐਕਸੀਡੈਂਟ ਦਿਸੇ ਜਾਂ ਇੱਕਲੇ ਬੈਠੇ ਉਸੇ ਐਕਸੀਡੈਂਟ ਦਾ ਖ਼ਿਆਲ ਆਵੇ ਤਾਂ ਇਲਾਜ ਕਰਵਾਉਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਇਹ ਮਨੋਰੋਗ ਨਾ ਬਣ ਜਾਵੇ।
ਇਸਦਾ ਮਤਲਬ ਇਹ ਨਹੀਂ ਹੈ ਕਿ ਐਕਸੀਡੈਂਟ ਤੋਂ ਹਫ਼ਤੇ ਬਾਅਦ ਹੀ ਡਾਕਟਰ ਕੋਲ ਭੱਜੇ ਜਾਓ ਕਿਉਂਕਿ ਦੋ ਤਿੰਨ ਹਫ਼ਤਿਆਂ ਤਕ ਘਬਰਾਹਟ ਮਹਿਸੂਸ ਹੁੰਦੀ ਰਹਿਣੀ ਅਤੇ ਆਤਮਵਿਸ਼ਵਾਸ ਦਾ ਖ਼ਤਮ ਹੋਣਾ ਆਮ ਜਿਹੀ ਗੱਲ ਹੈ।
ਇਸਦੇ ਇਲਾਜ ਲਈ ਜਿੱਥੇ ਮਨੋਵਿਗਿਆਨੀ ਡਾਕਟਰ ਦੀ ਸਲਾਹ ਜ਼ਰੂਰੀ ਹੋ ਜਾਂਦੀ ਹੈ, ਉੱਥੇ ਤਣਾਓ ਘਟਾਉਣ ਲਈ ਸੰਗੀਤ, ਕਸਰਤ, ਯੋਗ, ਸਾਹ ਉੱਤੇ ਕੇਂਦ੍ਰਿਤ ਕਸਰਤਾਂ ਆਦਿ ਦੇ ਨਾਲ ਹਲਕੀ ਮਾਲਿਸ਼ ਵੀ ਅਸਰਦਾਰ ਸਾਬਤ ਹੋਏ ਹਨ।
ਅਜਿਹੇ ਲੱਛਣ ਸਿਰਫ਼ ਵੱਡਿਆਂ ਵਿਚ ਹੀ ਨਹੀਂ ਬਲਕਿ ਬੱਚਿਆਂ ਵਿਚ ਵੀ ਆਮ ਹੀ ਵੇਖਣ ਨੂੰ ਮਿਲਦੇ ਹਨ, ਪਰ ਉਹ ਆਪਣੀ ਘਬਰਾਹਟ ਬਾਰੇ ਪੂਰਾ ਸਮਝਾ ਨਹੀਂ ਸਕਦੇ ਅਤੇ ਕਾਰ ਵਿਚ ਨਾ ਬਹਿਣ ਜਾਂ ਸਫਰ ਨਾ ਕਰਨ ਦੇ ਬਹਾਨੇ ਬਣਾਉਣ ਲੱਗ ਪੈਂਦੇ ਹਨ।
ਬਹੁਤੇ ਛੋਟੇ ਬੱਚੇ ਰੋਣ ਲੱਗ ਪੈਂਦੇ ਹਨ ਜਾਂ ਮਾਂ ਨਾਲ ਚਿੰਬੜ ਕੇ ਦੁੱਧ ਪੀਣ ਲਈ ਜ਼ਿੱਦ ਕਰਦੇ ਹਨ ਜਿਸ ਨਾਲ ਉਨ੍ਹਾਂ ਦੀ ਘਬਰਾਹਟ ਕੁੱਝ ਘੱਟ ਜਾਏ।
ਬਹੁਤੀ ਵਾਰ ਮਾਪੇ ਆਪ ਹੀ ਕਾਰ ਜਾਂ ਗੱਡੀ ਵਿਚ ਬਹਿੰਦਿਆਂ ਬੱਚੇ ਸਾਹਮਣੇ ਆਪਣਾ ਡਰ ਜ਼ਾਹਿਰ ਕਰਨ ਲੱਗ ਪੈਂਦੇ ਹਨ ਜਿਸ ਨਾਲ ਬੱਚਾ ਹੋਰ ਸਹਿਮ ਜਾਂਦਾ ਹੈ ਅਤੇ ਆਪਣਾ ਡਰ ਮਾਪਿਆਂ ਨਾਲ ਸਾਂਝਾ ਹੀ ਨਹੀਂ ਕਰ ਸਕਦਾ। ਇੰਜ ਬੱਚਿਆਂ ਦੇ ਮਨਾਂ ਵਿਚ ਡਰ ਅਤੇ ਘਬਰਾਹਟ ਪੱਕਾ ਘਰ ਕਰਨ ਲੱਗ ਪੈਂਦੇ ਹਨ ਜੋ ਕਈ ਚਿਰਾਂ ਤਕ ਪਰੇਸ਼ਾਨ ਕਰ ਸਕਦੇ ਹਨ।
ਦੋਸਤਾਂ ਮਿਤਰਾਂ ਨਾਲ ਜਾਂਦਿਆਂ ਵੀ ਤੇਜ਼ ਰਫਤਾਰੀ ਤੋਂ ਅਜਿਹੇ ਬੱਚੇ ਘਬਰਾ ਜਾਂਦੇ ਹਨ ਅਤੇ ਸਹਿਮ ਕੇ ਚੁੱਪ ਕਰ ਕੇ ਬਹਿ ਜਾਂਦੇ ਹਨ ਜਾਂ ਲਗਾਤਾਰ ਕਾਰ ਹੌਲੀ ਕਰਨ ਨੂੰ ਕਹਿਣ ਲੱਗ ਪੈਂਦੇ ਹਨ। ਕਈ ਬੱਚੇ ਆਪਣੇ ਇਸ ਡਰ ਨੂੰ ਲੁਕਾਉਣ ਖ਼ਾਤਰ ਸਫ਼ਰ ਵਿਚ ਆਉਂਦੇ ਚੱਕਰਾਂ ਬਾਰੇ ਕਹਿ ਕੇ ਅੱਖਾਂ ਬੰਦ ਕਰ ਕੇ ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹਨ।
ਹੋਰ ਤਾਂ ਹੋਰ, ਜਾਨਵਰਾਂ ਵਿਚ ਵੀ ਅਜਿਹੀ ਘਬਰਾਹਟ ਵੇਖਣ ਨੂੰ ਮਿਲਦੀ ਹੈ। ਕਈ ਐਕਸੀਡੈਂਟ, ਜਿਨ੍ਹਾਂ ਵਿਚ ਕਾਰ ਵਿਚ ਕੁੱਤਾ ਵੀ ਸੀ, ਵੇਖਣ ਵਿਚ ਆਇਆ ਕਿ ਕੁੱਤਾ ਦੁਬਾਰਾ ਕਾਰ ਵਿਚ ਚੜ੍ਹਨ ਨੂੰ ਤਿਆਰ ਹੀ ਨਹੀਂ ਹੋਇਆ। ਇੰਜ ਹੀ ਪੰਛੀ ਵੀ ਬੰਦ ਪਿੰਜਰੇ ਵਿਚ ਹੋਣ ਦੇ ਬਾਵਜੂਦ ਕਾਰ ਵਿਚ ਦੁਬਾਰਾ ਵਾੜਨ ਉੱਤੇ ਚੀਕ ਚਿਹਾੜਾ ਮਚਾਉਣ ਲੱਗ ਪਏ। ਬੰਦ ਪਿੰਜਰੇ ਵਿਚ ਲਿਜਾਏ ਚੂਹੇ ਵੀ ਦੁਬਾਰਾ ਕਾਰ ਵਿਚ ਲਿਜਾਉਣ ਵੇਲੇ ਸਹਿਮ ਕੇ ਇਕ ਕੋਨੇ ਵਿਚ ਦੁਬਕ ਗਏ।
ਇਨ੍ਹਾਂ ਖੋਜਾਂ ਨਾਲ ਇਹ ਤਾਂ ਪੱਕੀ ਤੌਰ ਉੱਤੇ ਸਾਬਤ ਹੋ ਗਿਆ ਕਿ ਐਕਸੀਡੈਂਟ ਵਿਚ ਸਿਰਫ਼ ਸੀਰੀਅਸ ਤੌਰ ਉੱਤੇ ਜ਼ਖ਼ਮੀ ਲੋਕ ਹੀ ਨਹੀਂ ਬਲਕਿ ਮਾਮੂਲੀ ਝਰੀਟਾਂ ਨਾਲ ਬਚੇ ਲੋਕਾਂ ਅਤੇ ਜਾਨਵਰਾਂ ਵਿਚ ਵੀ ਮਾਨਸਿਕ ਤਰਥੱਲੀ ਮਚ ਜਾਂਦੀ ਹੈ ਜੋ ਛੇਤੀ ਮਨ ਵਿੱਚੋਂ ਨਿਕਲਦੀ ਨਹੀਂ।
ਜਿਨ੍ਹਾਂ ਐਕਸੀਡੈਂਟਾਂ ਵਿਚ ਕਿਸੇ ਇਕ ਸਾਥੀ ਦੀ ਮੌਤ ਹੋ ਗਈ ਹੋਵੇ ਤਾਂ ਅਜਿਹੇ ਕੇਸਾਂ ਵਿਚ ਇਹ ਕੌੜੀ ਯਾਦ ਜ਼ਿੰਦਗੀ ਭਰ ਲਈ ਦਿਮਾਗ਼ ਵਿਚ ਛਪ ਜਾਂਦੀ ਹੈ ਤੇ ਇਹ ਯਾਦ ਕਾਰ, ਬਸ ਜਾਂ ਗੱਡੀ ਵੇਖਦੇ ਸਾਰ ਤਾਜ਼ਾ ਹੋ ਜਾਂਦੀ ਹੈ। ਇਨ੍ਹਾਂ ਐਕਸੀਡੈਂਟਾਂ ਵਿਚ ਬਚੇ ਲੋਕਾਂ ਵਿਚ ਡਰ, ਸਹਿਮ, ਘਬਰਾਹਟ ਤੋਂ ਇਲਾਵਾ ਬੇਯਕੀਨੀ, ਗੁੱਸਾ, ਕੁੱਝ ਕਰ ਨਾ ਸਕਣ ਦੀ ਬੇਬਸੀ, ਉਦਾਸੀ, ਨਿਕੰਮਾ ਮਹਿਸੂਸ ਹੋਣਾ, ਸੁੰਨ ਹੋ ਜਾਣਾ, ਚਿੜਚਿੜਾਪਨ, ਮਾਯੂਸੀ ਆਦਿ ਵੀ ਘਰ ਕਰ ਜਾਂਦੇ ਹਨ ਕਿ ਮੈਂ ਜਾਨ ਬਚਾਉਣ ਵਿਚ ਕੋਈ ਰੋਲ ਅਦਾ ਕਿਉਂ ਨਾ ਕਰ ਸਕਿਆ। ਮੌਤ ਮੇਰੀ ਵੀ ਹੋ ਸਕਦੀ ਸੀ, ਵਰਗੀ ਸੋਚ ਸਦਕਾ ਨੀਂਦਰ ਨਾ ਆਉਣੀ, ਡਰਾਵਨੇ ਸੁਫ਼ਨੇ ਆਉਣੇ, ਧੜਕਨ ਵਧਣੀ, ਥਕਾਵਟ ਰਹਿਣੀ, ਸਰੀਰ ਵਿਚ ਪੀੜਾਂ ਮਹਿਸੂਸ ਹੋਣੀਆਂ, ਟੱਟੀਆਂ ਲੱਗਣੀਆਂ ਜਾਂ ਕਬਜ਼ ਰਹਿਣੀ, ਸਿਰ ਪੀੜ ਰਹਿਣੀ, ਰੋਣ ਨੂੰ ਦਿਲ ਕਰਨਾ, ਥੱਕਿਆ ਮਹਿਸੂਸ ਹੋਣਾ, ਹਲਕੇ ਖੜਾਕ ਉੱਤੇ ਦਹਿਲ ਜਾਣਾ, ਵਾਰ ਵਾਰ ਜੰਦਰਾ ਜਾਂ ਕੁੰਡੀਆਂ ਚੈਕ ਕਰਨਾ, ਹਨ੍ਹੇਰੇ ਤੋਂ ਡਰਨਾ, ਧਿਆਨ ਨਾ ਲਾ ਸਕਣਾ, ਯਾਦਾਸ਼ਤ ਘਟਣੀ, ਨਿੱਕੀ ਜਿਹੀ ਗੱਲ ਉੱਤੇ ਫਿਸ ਪੈਣਾ, ਆਦਿ ਵੇਖਣ ਵਿਚ ਆਉਂਦੇ ਹਨ।
ਆਪਣੇ ਆਪ ਨੂੰ ਐਕਸੀਡੈਂਟ ਅਤੇ ਦੂਜੇ ਦੀ ਮੌਤ ਦਾ ਕਾਰਣ ਮੰਨ ਲੈਣ ਵਾਲੇ ਛੇਤੀ ਨਾਰਮਲ ਹੋ ਹੀ ਨਹੀਂ ਸਕਦੇ।
ਅਜਿਹੇ ਕੇਸਾਂ ਵਿਚ ਜਿੱਥੇ ਟੱਬਰ ਵੱਲੋਂ ਮਿਲਦੇ ਸਹਾਰੇ ਦੀ ਲਗਾਤਾਰ ਲੋੜ ਹੁੰਦੀ ਹੈ, ਉੱਥੇ ਮਰੀਜ਼ ਦੀ ਖ਼ੁਰਾਕ, ਕਸਰਤ ਅਤੇ ਚੰਗੀ ਨੀਂਦਰ ਵੱਲ ਵੀ ਲਗਾਤਾਰ ਧਿਆਨ ਦੇਣ ਦੀ ਲੋੜ ਹੁੰਦੀ ਹੈ। ਦੋਸਤਾਂ ਨਾਲ ਮਨ ਖੋਲ੍ਹਣ ਨਾਲ ਛੇਤੀ ਨਾਰਮਲ ਹੋਇਆ ਜਾ ਸਕਦਾ ਹੈ। ਜੇ ਬਿਲਕੁਲ ਵੀ ਫ਼ਰਕ ਨਾ ਦਿਸੇ ਤਾਂ ਮਨੋਵਿਗਿਆਨੀ ਕੋਲ ਜ਼ਰੂਰ ਜਾਣਾ ਚਾਹੀਦਾ ਹੈ ਤਾਂ ਜੋ ਮਾਨਸਿਕ ਰੋਗੀ ਬਣਨ ਤੋਂ ਬਚਿਆ ਜਾ ਸਕੇ।
ਸ਼ਰਾਬ ਜਾਂ ਨਸ਼ੇ ਕਰ ਕੇ ਐਕਸੀਡੈਂਟ ਨੂੰ ਭੁਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਸਰੀਰ ਦਾ ਹੋਰ ਨਾਸ ਵੱਜ ਜਾਂਦਾ ਹੈ।
ਭਾਰਤ ਵਿਚ ਦਰਅਸਲ ਮਾਨਸਿਕ ਪਰੇਸ਼ਾਨੀਆਂ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ ਤੇ ਅਜਿਹੇ ਕੇਸਾਂ ਵਿਚ ਝਿੜਕਾਂ ਜਾਂ ਸਲਾਹਾਂ ਦੇ ਕੇ ਸਾਰ ਲਿਆ ਜਾਂਦਾ ਹੈ ਜੋ ਠੀਕ ਨਹੀਂ ਹੈ। ਸਾਨੂੰ ਕੰਮਾਂ ਵਿਚ ਰੁੱਝਿਆਂ ਨੂੰ ਪਿਆਰ ਦੁਲਾਰ ਦੀ ਕੀਮਤ ਬਹੁਤੀ ਰਹੀ ਹੀ ਨਹੀਂ ਕਿ ਇਹ ਕੀ ਜਾਦੂਈ ਅਸਰ ਵਿਖਾ ਸਕਦਾ ਹੈ। ਦਿਲ ਖੋਲ੍ਹ ਕੇ ਅਨੇਕ ਵਾਰ ਧਰਵਾਸ ਦੇਣ ਨਾਲ ਅਜਿਹੇ ਕੇਸ ਛੇਤੀ ਨਾਰਮਲ ਹੋ ਜਾਂਦੇ ਹਨ।
ਮਾਨਸਿਕ ਸਹਾਰੇ ਦੀ ਅਣਹੋਂਦ ਸਦਕਾ ਭਾਰਤ ਵਿਚ ਬਹੁਤ ਸਾਰੇ ਅਜਿਹੇ ਕੇਸ ਜ਼ਿੰਦਗੀ ਭਰ ਲਈ ਮਾਨਸਿਕ ਰੋਗੀ ਬਣ ਕੇ ਰਹਿ ਜਾਂਦੇ ਹਨ ਅਤੇ ਇਹ ਘੁਟਣ ਮਨ ਅੰਦਰ ਹੀ ਸਾਂਭ ਕੇ ਰਖ ਲੈਂਦੇ ਹਨ ਕਿਉਂਕਿ ਗੱਲ ਕਰਦੇ ਸਾਰ ਉਨ੍ਹਾਂ ਦੀ ਖਿੱਲੀ ਉਡ ਜਾਂਦੀ ਹੈ।
ਇਹ ਲੇਖ ਸਿਰਫ਼ ਅਜਿਹੇ ਕੇਸਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਪਿਆਰ ਨਾਲ ਵਾਪਸ ਨਾਰਮਲ ਰੂਟੀਨ ਵਿਚ ਲਿਆਉਣ ਅਤੇ ਮਨੋਰੋਗੀ ਹੋਣ ਤੋਂ ਬਚਾਉਣ ਦਾ ਹੀ ਜਤਨ ਹੈ ਤਾਂ ਜੋ ਅੱਗੇ ਤੋਂ ਹੋਰ ਧਿਆਨ ਨਾਲ ਕਾਰਾਂ ਚਲਾਉਣ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰ ਕੇ ਕਈ ਕੀਮਤੀ ਜਾਨਾਂ ਵੀ ਬਚਾਈਆਂ ਜਾ ਸਕਣ ਅਤੇ ਬਚੇ ਹੋਇਆਂ ਨੂੰ ਵੀ ਮਾਨਸਿਕ ਪਰੇਸ਼ਾਨੀ ਵਿੱਚੋਂ ਨਾਂ ਲੰਘਣਾ ਪਵੇ।
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
This entry was posted in ਲੇਖ.