ਪਟਨਾ – ਬਿਹਾਰ ਦੇ ਪਟਨਾ ਸ਼ਹਿਰ ਦੀ ਗਾਂਧੀ ਗਰਾਂਊਂਡ ਵਿੱਚ ਰਾਵਣ ਸਾੜਨ ਤੋਂ ਬਾਅਦ ਮੱਚੀ ਭਗਦੜ ਵਿੱਚ 33 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜਖਮੀ ਹੋ ਗਏ। ਅੱਖੀਂ ਵੇਖਣ ਵਾਲਿਆਂ ਅਨੁਸਾਰ ਬਿਜਲੀ ਦੇ ਖੰਬੇ ਵਿੱਚੋਂ ਸਪਾਰਕ ਹੋਣ ਨਾਲ ਜੋਰਦਾਰ ਆਵਾਜ਼ ਨਿਕਲੀ ਤਾਂ ਉਥੇ ਮੌਜੂਦ ਲੋਕਾਂ ਨੂੰ ਲਗਿਆ ਕਿ ਬੰਬ ਧਮਾਕਾ ਹੋਇਆ ਹੈ। ਜਿਸ ਕਰਕੇ ਮੈਦਾਨ ਵਿੱਚ ਸਾਰੇ ਪਾਸੇ ਭਾਜੜ ਪੈ ਗਈ ਤੇ ਲੋਕ ਜਾਨਾਂ ਬਚਾਉਣ ਲਈ ਉਥੋਂ ਭੱਜਣ ਲਗ ਪਏ ਅਤੇ ਮਿੱਧੇ ਗਏ। ਇਸ ਹਾਦਸੇ ਦਾ ਸਿ਼ਕਾਰ ਜਿਆਦਾਤਰ ਔਰਤਾਂ ਅਤੇ ਬੱਚੇ ਹੋਏ।
ਰਾਜ ਦੇ ਪੁਲਿਸ ਅਧਿਕਾਰੀਆਂ ਅਨੁਸਾਰ ਗਾਂਧੀ ਮੈਦਾਨ ਵਿੱਚ ਰਾਵਣ ਸਾੜਨ ਤੋਂ ਬਾਅਦ ਰਾਮ ਗੁਲਾਮ ਚੌਂਕ ਦੇ ਕੋਲ ਮੱਚੀ ਭਗਦੜ ਵਿੱਚ 27 ਔਰਤਾਂ ਅਤੇ 6 ਬੱਚਿਆਂ ਦੀ ਮੌਤ ਹੋ ਗਈ। ਜਖਮੀਆਂ ਵਿੱਚੋਂ 15 ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਜਖਮੀਆਂ ਨੂੰ ਪਟਨਾ ਦੇ ਪੀਐਮਸੀਐਚ ਵਿੱਚ ਭਰਤੀ ਕਰਵਾਇਆ ਗਿਆ ਹੈ। ਗੁੱਸੇ ਵਿੱਚ ਭੜਕੇ ਲੋਕਾਂ ਨੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖਿਲਾਫ਼ ਹੰਗਾਮਾ ਸ਼ੁਰੂ ਕੀਤਾ। ਇਸ ਮੇਲੇ ਵਿੱਚ 5 ਲੱਖ ਦੇ ਕਰੀਬ ਲੋਕ ਮੌਜੂਦ ਸਨ। ਕੇਂਦਰ ਸਰਕਾਰ ਨੇ ਮਰਨ ਵਾਲਿਆਂ ਦੇ ਪਰੀਵਾਰਾਂ ਨੂੰ 2-2 ਲੱਖ ਰੁਪੈ ਅਤੇ ਜਖਮੀਆਂ ਨੂੰ 50-50 ਹਜ਼ਾਰ ਰੁਪੈ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।