ਨਵੀ ਦਿੱਲੀ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਵੱਲੋ ਸਿੱਖ ਨੌਜਵਾਨਾਂ ਦੀ ਕਾਲੀ ਸੂਚੀ ਖਤਮ ਕਰਾਉਣ ਦੇ ਦਿੱਤੇ ਗਏ ਬਿਆਨ ਤੇ ਹੈਰਾਨਗੀ ਪ੍ਰਗਟ ਕਰਦਿਆ ਕਿਹਾ ਕਿ ਇੱਕ ਪਾਸੇ ਤਾਂ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਨੂੰ ਪੰਜਾਬ ਦੀ ਕਿਸੇ ਜੇਲ• ਵਿੱਚ ਰੱਖਣ ਤੋ ਬਾਦਲ ਸਰਕਾਰ ਨੇ ਉਸ ਨੂੰ ਖੁੰਖਾਰ ਅੱਤਵਾਦੀ ਦੱਸਦਿਆ ਕਿਹਾ ਸੀ ਕਿ ਉਸ ਦੇ ਪੰਜਾਬ ਦੀ ਕਿਸੇ ਜੇਲ• ਵਿੱਚ ਤਬਦੀਲ ਕਰਨ ਨਾਲ ਮਾਹੌਲ ਖਰਾਬ ਹੋ ਸਕਦਾ ਹੈ ਪਰ ਦੂਸਰੇ ਪਾਸੇ ਕਾਲੀ ਸੂਚੀ ਖਤਮ ਕਰਾਉਣ ਲਈ ਪ੍ਰਧਾਨ ਮੰਤਰੀ ਨੂੰ ਮਿਲਣ ਦੀਆ ਬਾਤਾਂ ਪਾਈਆ ਜਾ ਰਹੀਆ ਹਨ ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਕਾਲੀ ਸੂਚੀ ਖਤਮ ਕਰਾਉਣ ਲਈ ਉਪਰਾਲਾ ਸ੍ਰ ਪਰਮਜੀਤ ਸਿੰਘ ਸਰਨਾ ਜਦੋ 2007 ਵਿੱਚ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ ਉਸ ਵੇਲੇ ਸ਼ੁਰੂਹੋਇਆ ਸੀ । ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਰਿਕਾਰਡ ਵਿੱਚ ਅੱਜ ਵੀ ਉਹ ਚਿੱਠੀ ਮੌਜੂਦ ਹੈ ਜਿਸ ਵਿੱਚ ਕੇਦਰ ਸਰਕਾਰ ਨੇ 2010-11 ਵਿੱਚ ਦਿੱਲੀ ਕਮੇਟੀ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਸੀ ਕਿ ਸ੍ਰ ਪਰਮਜੀਤ ਸਿੰਘ ਸਰਨਾ ਨੇ ਉਪਰਾਲਿਆ ਨਾਲ ਸਿੱਖ ਨੌਜਵਾਨਾਂ ਦੀ ਕਾਲੀ ਸੂਚੀ ਵਿੱਚ ਸ਼ਾਮਲ ਨਾਮ ਹੱਟਾ ਦਿੱਤੇ ਗਏ ਹਨ ਪਰ ਪੰਜਾਬ ਦੀ ਬਾਦਲ ਸਰਕਾਰ ਨੂੰ ਇਹ ਨਹੀ ਭਾਉਦਾ ਸੀ ਤੇ ਬਾਦਲ ਸਰਕਾਰ ਨੇ ਬਹੁਤ ਸਾਰੇ ਉਹਨਾਂ ਸਿੱਖ ਨੌਜਵਾਨਾਂ ਦੇ ਨਾਮ ਫਿਰ ਲਿਖ ਕੇ ਕਾਲੀ ਸੂਚੀ ਵਿੱਚ ਸ਼ਾਮਲ ਕਰਨ ਦੀ ਕੇਂਦਰ ਸਰਕਾਰ ਨੂੰ ਲਿਖਤੀ ਪੱਤਰ ਭੇਜਿਆ ਸੀ ਕਿ ਇਹਨਾਂ ਵਿਅਕਤੀਆ ਦੇ ਪੰਜਾਬ ਵਿੱਚ ਆਉਣ ਨਾਲ ਸੂਬੇ ਦਾ ਮਾਹੌਲ ਫਿਰ ਖਰਾਬ ਹੋ ਸਕਦਾ ਹੈ। ਉਹਨਾਂ ਕਿਹਾ ਕਿ ਇਹ ਚਿੱਠੀ ਵੀ ਸਾਰੇ ਦਿੱਲੀ ਦੇ ਰਿਪੋਰਟਰਾਂ ਦੇ ਕੋਲ ਤੇ ਦਿੱਲੀ ਕਮੇਟੀ ਦੇ ਰਿਕਾਰਡ ਵਿੱਚ ਮੌਜੂਦ ਹੈ।
ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਬਾਦਲ ਵੱਲੋ ਇੱਕ ਵਾਰੀ ਧੋਖਾ ਕਰਕੇ ਸੂਚੀ ਘਟਾਈ ਨਹੀ ਸਗੋ ਵਧਾਈ ਜਰੂਰ ਜਾਵੇਗੀ। ਉਹਨਾਂ ਕਿਹਾ ਕਿ ਜਦੋ ਉਹਨਾਂ ਨੇ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਸੀ ਤਾਂ ਮਹਾਰਾਣੀ ਪ੍ਰਨੀਤ ਕੌਰ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ ਅਤੇ ਵਿਦੇਸ਼ਾਂ ਵਿੱਚ ਜਾ ਕੇ ਕਾਲੀ ਸੂਚੀ ਦਾ ਜਾਇਜਾ ਵੀ ਲਿਆ ਸੀ। ਉਹਨਾਂ ਕਿਹਾ ਕਿ ਬਾਦਲ ਵੱਲੋ ਇਹ ਗੱਲ ਕਹਿਣੀ ਕਿ ਉਹ ਕਾਲੀ ਸੂਚੀ ਖਤਮ ਕਰਾਉਣ ਲਈ ਪ੍ਰਧਾਨ ਮੰਤਰੀ ਨੂੰ ਮਿਲਣਗੇ ਗਲੇ ਤੇ ਥੱਲੇ ਨਹੀ ਉਤਰ ਰਹੀ ਕਿਉਕਿ ਬਾਦਲ ਸਰਕਾਰ ਨੇ ਤਾਂ ਅੱਜ ਤੱਕ ਉਹ ਸਿੱਖ ਨੌਜਵਾਨ ਵੀ ਰਿਹਾਅ ਨਹੀ ਕੀਤੇ ਜਿਹੜੇ ਆਪਣੀਆ ਸਜਾਵਾਂ ਪੂਰੀਆ ਕਰ ਚੁੱਕੇ ਹਨ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਾਲੀ ਸੂਚੀ ਵਿੱਚ ਸ਼ਾਮਲ ਵਿਅਕਤੀਆ ਦੇ ਨਾਵਾਂ ਨੂੰ ਜਨਤਕ ਕਰਨ ਦੇ ਨਾਲ ਨਾਲ ਉਸ ਪੱਤਰ ਨੂੰ ਵੀ ਜਨਤਕ ਕਰੇ ਜਿਹੜਾ ਬਾਦਲ ਸਰਕਾਰ ਨੇ ਕੇਂਦਰ ਨੂੰ ਲਿਖ ਕੇ ਖਤਮ ਕੀਤੀ ਗਈ ਕਾਲੀ ਸੂਚੀ ਨੂੰ ਮੁੜ ਸੁਰਜੀਤ ਕਰਨ ਲਈ ਲਿਖੀ ਸੀ।