ਨਵੀਂ ਦਿੱਲੀ : ਨਿਜੀ ਯਾਤਰਾ ਤੇ ਕੈਨੇਡਾ ਦੇ ਦੌਰੇ ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਤਨਾਮ ਐਜੂਕੇਸ਼ਨ ਸੋਸਾਇਟੀ ਵੱਲੋਂ ਉਸਾਰੇ ਗਏ ਖਾਲਸਾ ਸੈਕੇਂਡਰੀ ਸਕੂਲ, ਸਰੇ, ਬ੍ਰਿਟੀਸ਼ ਕੋਲੰਬੀਆ ਦਾ ਉਦਘਾਟਨ ਕੀਤਾ। ਸੋਸਾਇਟੀ ਦੇ ਡਾਇਰੈਕਟਰ ਰਿਪੂਦਮਨ ਸਿੰਘ ਮਲਿਕ ਦੇ ਵਿਸ਼ੇਸ਼ ਸੱਦੇ ਤੇ ਉਦਘਾਟਨ ਦੌਰਾਨ ਪੁੱਜੇ ਜੀ.ਕੇ. ਨੇ ਸਕੂਲ ਵਿਚ ਵਧੀਆ ਤਰੀਕੇ ਨਾਲ ਬਣਾਏ ਗਏ ਆਡੀਟੋਰੀਅਮ, ਜਿਮ, ਫੁਟਬਾਲ ਦਾ ਮੈਦਾਨ, 400 ਮੀਟਰ ਦਾ ਅਥਲੈਟਿਕ ਟ੍ਰੈਕ ਅਤੇ ਕਲਾਸ ਰੂਮ ਦਾ ਜਾਇਜ਼ਾ ਲੈਣ ਉਪਰੰਤ ਮਿਆਰੀ ਪੰਥਕ ਸਿੱਖਿਆ ਦੇਣ ਲਈ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਕਈ ਦਹਾਕਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਆਗੂ ਨੂੰ ਕੈਨੇਡਾ ਦੀ ਧਰਤੀ ਤੇ ਮਿਲੇ ਭਰਵੇਂ ਪਿਆਰ ਅਤੇ ਸਤਿਕਾਰ ਲਈ ਧੰਨਵਾਦ ਜਤਾਉਂਦੇ ਹੋਏ ਜੀ.ਕੇ. ਨੇ ਜਿਥੇ ਖਾਲਿਸਤਾਨ ਸਮਰਥਕ ਸਿੱਖਾਂ ਵੱਲੋਂ ਅਕਾਲੀ ਦਲ ਦੀ ਮੌਜੂਦਾ ਲੀਡਰਸ਼ੀਪ ਦੀ ਪੰਥਕ ਕਾਰਗੁਜ਼ਾਰੀ ਤੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਪ੍ਰਤਿ ਗੰਭੀਰਤਾ ਸਬੰਧੀ ਪੂੱਛੇ ਗਏ ਸਵਾਲਾ ਦੇ ਡੱਟਵੇਂ ਜਵਾਬ ਦਿੱਤੇ, ਉਥੇ ਨਾਲ ਹੀ ਭਾਰਤ ਦੇ ਸਵਿਧਾਨ ‘ਚ ਆਸਥਾ ਜਤਾਉਣ ਵਾਲੇ ਸਿੱਖਾਂ ਨੂੰ ਦੇਸ਼ ਪਰਤਨ ਦਾ ਸੱਦਾ ਵੀ ਦਿੱਤਾ। ਵੱਖ-ਵੱਖ ਜਥੇਬੰਦੀਆਂ ਵੱਲੋਂ ਜੀ.ਕੇ. ਨਾਲ ਮੁਲਾਕਾਤ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਵਿਦੇਸ਼ ‘ਚ ਕਰਨ ਵਾਸਤੇ ਲਗਾਏ ਜਾਣ ਵਾਲੇ ਸੰਭਾਵੀ ਛਾਪੇਖਾਨੇ ਲਈ ਵੀ ਧੰਨਵਾਦ ਜਤਾਇਆ ਗਿਆ।