ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨੀ ਜਪੁਜੀ ਸਾਹਿਬ ਦੀ ਬਾਣੀ ਦੇ ਸਟੀਕ ਦੀ ਇਕ ਪਰਿਵਾਰ ਦੇ ਦੋ ਪਰਿਵਾਰਿਕ ਮੈਂਬਰਾਂ ਵੱਲੋਂ ਦਿੱਤੀ ਗਈ ਗੁਰੂ ਪਿਆਰਾ ਪਰਿਵਾਰ ਪ੍ਰਿਖਿਆਂ ਦੇ ਜੇਤੂਆਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ। ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਯੂਥ ਅਤੇ ਐਜੁਕੇਸ਼ਨ ਵਿੰਗ ਵਲੋਂ ਕਰਵਾਏ ਗਏ ਇਸ ਉਪਰਾਲੇ ਦੌਰਾਨ ਲਗਭਗ 7200 ਪ੍ਰਾਣੀਆਂ ਨੇ ਪ੍ਰਿਖਿਆ ਦਿੱਤੀ ਸੀ। ਜਿਸ ਵਿਚ ਗੁਰਪ੍ਰੀਤ ਸਿੰਘ ਨੂੰ ਪਹਿਲਾ ਇਨਾਮ 1 ਲੱਖ ਰੁਪਏ ਨਗਦ, ਸੰਦੀਪ ਸਿੰਘ 50,000 ਦੂਜਾ ਇਨਾਮ, ਤੇਜਪ੍ਰੀਤ ਸਿੰਘ 25,000 ਤੀਜਾ ਇਨਾਮ, ਚੌਥੇ ਇਨਾਮ ਵਜੋਂ 5000 ਰੁਪਏ ਦੇ 10 ਇਨਾਮ, ਪੰਜਵੇ ਇਨਾਮ ਵਜੋਂ 2500 ਦੇ 25 ਇਨਾਮ ਅਤੇ 500 ਵਿਸ਼ੇਸ਼ ਇਨਾਮ ਸਣੇ ਲਗਭਗ 3 ਲੱਖ ਦੀ ਇਨਾਮੀ ਰਾਸ਼ੀ ਕਮੇਟੀ ਪ੍ਰਬੰਧਕਾਂ ਵੱਲੋਂ ਤਕਸੀਮ ਕੀਤੀ ਗਈ।
ਧਰਮ ਪ੍ਰਚਾਰ ਕਮੇਟੀ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਮੌਂਟੀ, ਦਿੱਲੀ ਕਮੇਟੀ ਮੈਂਬਰ ਦਰਸ਼ਨ ਸਿੰਘ, ਯੂਥ ਅਤੇ ਐਜੂਕੇਸ਼ਨ ਵਿੰਗ ਦੇ ਚੇਅਰਮੈਨ ਪਰਮਜੋਤ ਸਿੰਘ, ਵਿੰਗ ਦੇ ਵੱਖ-ਵੱਖ ਜ਼ੋਨਾ ਦੇ ਵਾਈਸ ਚੇਅਰਮੈਨ ਜਿਸ ਵਿਚ ਨੋਰਥ ਜ਼ੋਨ ਤੋਂ ਗੁਰਵਿੰਦਰ ਸਿੰਘ ਕੋਹਾਟ, ਸੈਂਟ੍ਰਲ ਜ਼ੋਨ ਤੋਂ ਜਗਜੀਤ ਸਿੰਘ, ਸਾਉਥ ਜ਼ੋਨ ਤੋਂ ਹਰਜੀਤ ਸਿੰਘ, ਇਸਟ ਜ਼ੋਨ ਤੋਂ ਦਵਿੰਦਰ ਸਿੰਘ, ਵੈਸਟ ਤੋਂ ਪਰਮਜੀਤ ਸਿੰਘ ਠੇਠੀ ਅਤੇ ਫਰੀਦਾਬਾਦ ਜ਼ੋਨ ਤੋਂ ਬੀਬੀ ਜਤਿੰਦਰ ਕੌਰ ਰੂਬੀ ਆਦਿਕ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਜੇਤੂ ਪ੍ਰਤਿਭਾਗੀਆਂ ਵਲੋਂ ਦਿੱਲੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਪਰਿਵਾਰਾਂ ਵਿਚ ਆਪਣੀ ਮੇਲਜੋਲ ਵਧਾਉਣ ਅਤੇ ਗੁਰਮਤਿ ਦਾ ਪ੍ਰਸਾਰ ਕਰਨ ਦੇ ਮਕਸਦ ਨਾਲ ਇਸ ਤਰ੍ਹਾਂ ਦੇ ਉਪਰਾਲੇ ਅੱਗੇ ਵੀ ਜਾਰੀ ਰੱਖਣ ਦੀ ਅਪੀਲ ਕੀਤੀ ਗਈ।ਇਸ ਮੌਕੇ ਰਾਜਾ ਹਰਵਿੰਦਰਜੀਤ ਸਿੰਘ ਅਤੇ ਰਾਜਾ ਸਿੰਘ ਚਾਵਲਾ ਮੌਜੂਦ ਸਨ।