ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਗਪੁਰ ‘ਚ ਦੋ ਧੜਿਆਂ ਵਿੱਚ ਹੋਈ ਲੜਾਈ ਤੇ ਪੰਚਸ਼ੀਲ ਨਗਰ ਦੇ ਗੁਰਦੁਆਰਾ ਸਾਹਿਬ ਦੀ ਭੰਨ ਤੋੜ ਕਰਨ ਨੂੰ ਸ਼ਰਮਨਾਕ ਕਾਰਾ ਦੱਸਿਆ ਹੈ।ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨ ਸਭ ਦੇ ਸਾਂਝੇ ਹੁੰਦੇ ਹਨ ਤੇ ਇਨ੍ਹਾਂ ਤੇ ਹਮਲੇ ਕਰਨਾ ਜਾਂ ਕਰਵਾਉਣਾ ਇਨਸਾਨੀਅਤ ਦਾ ਨਹੀਂ ਹੈਵਾਨੀਅਤ ਦਾ ਕਾਰਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਕਿਸੇ ਵੀ ਜਾਨੀ-ਮਾਨੀ ਸਖ਼ਸ਼ੀਅਤ ਦੀ ਮੂਰਤੀ ਤੇ ਕਾਲਖ ਆਦਿ ਮਲਨਾ ਜ਼ਰੂਰ ਸ਼ਰਾਰਤੀ ਲੋਕਾਂ ਦੀ ਚਾਲ ਹੈ ਤਾਂ ਕਿ ਸੁੱਖ ਸ਼ਾਂਤੀ ਨਾਲ ਰਹਿ ਰਹੇ ਆਪਸੀ ਫਿਰਕਿਆਂ ‘ਚ ਪਾੜ ਪਾਇਆ ਜਾ ਸਕੇ।ਉਨ੍ਹਾਂ ਸਾਰੇ ਲੋਕਾਂ ਨੂੰ ਜੋਰ ਦੇ ਕੇ ਕਿਹਾ ਕਿ ਅਫਵਾਹਾਂ ਤੇ ਇਤਬਾਰ ਨਾ ਕੀਤਾ ਜਾਵੇ ਤੇ ਆਪਸੀ ਸਾਂਝ ਬਰਕਰਾਰ ਰੱਖੀ ਜਾਵੇ।
ਉਨ੍ਹਾਂ ਕਿਹਾ ਕਿ ਦੋ ਧੜਿਆਂ ਦੀ ਆਪਸੀ ਲੜਾਈ ਵਿੱਚ ਫਿਰਕੂ ਧੜੇ ਦੇ ਸ਼ਰਾਰਤੀ ਅਨਸਰਾਂ ਵੱਲੋਂ ਜਾਣ-ਬੁੱਝ ਕੇ ਧਾਰਮਿਕ ਰੰਗਤ ਦੇ ਦਿੱਤੀ ਗਈ ਅਤੇ ਗੁਰਦੁਆਰਾ ਸਾਹਿਬ ਦੀ ਭੰਨ ਤੋੜ ਕਰਨ ਅਤੇ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਘਿਨਾਉਣੀ ਕਰਤੂਤ ਕੀਤੀ ਗਈ।ਉਨ੍ਹਾਂ ਕਿਹਾ ਕਿ ਅਖਬਾਰਾਂ ਵਿੱਚ ਲਿਖੀਆਂ ਖਬਰਾਂ ਅਨੁਸਾਰ ਜਦ ਇਕ ਸਿੱਖ ਬੀਬੀ ਵੱਲੋਂ ਵਿਰੋਧ ਕੀਤਾ ਤਾਂ ਉਸਦੀ ਵੀ ਕੁੱਟਮਾਰ ਕਰਨ ਲਗਿਆਂ ਕਿਸੇ ਨੂੰ ਸ਼ਰਮ ਨਾ ਆਈ। ਉਨ੍ਹਾਂ ਕਿਹਾ ਕਿ ਆਪਣੇ ਹੀ ਦੇਸ਼ ਵਿੱਚ ਸਿੱਖਾਂ ਅਤੇ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਤੇ ਹੋ ਰਹੇ ਨਿੱਤ ਦੇ ਹਮਲਿਆਂ ਕਾਰਨ ਸਿੱਖਾਂ ਦੀ ਜਾਨ-ਮਾਲ ਮਹਿਫੂਜ ਨਹੀਂ ਤੇ ਸਿੱਖਾਂ ਨੂੰ ਆਪਣੇ ਹੀ ਦੇਸ਼ ਵਿੱਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।ਜਥੇ: ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਬਹਾਦਰ,ਨਿਡਰ ਅਤੇ ਅਮਨਪਸੰਦ ਕੌਮ ਹੈ ਤੇ ਇਹ ਕੌਮ ਸਾਰੇ ਧਰਮਾਂ ਦਾ ਬਰਾਬਰ ਦਾ ਸਤਿਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਅਤੇ ੳੁਨ੍ਹਾਂ ਦੇ ਧਾਰਮਿਕ ਅਸਥਾਨਾ ਤੇ ਹਮਲਾ ਕਰਨਾ ਅਤੀ ਚਿੰਤਾਜਨਕ ਵਿਸ਼ਾ ਹੈ ਜਿਸ ਨੂੰ ਸਰਕਾਰ ਵੱਲੋਂ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਕੌਮਾਂ ਨੂੰ ਆਪਸ ਵਿੱਚ ਲੜਾ ਕੇ ਤਮਾਸ਼ਾ ਦੇਖਣ ਵਾਲੇ ਅਨਸਰਾਂ ਦਾ ਕੋਈ ਵੀ ਧਰਮ ਨਹੀਂ ਹੁੰਦਾ ਤੇ ਐਸੇ ਵਿਅਕਤੀਆਂ ਨੂੰ ਕਦਾਚਿੱਤ ਵੀ ਮੁਆਫ਼ ਨਹੀਂ ਕੀਤਾ ਜਾਣਾ ਚਾਹੀਦਾ ਫਿਰ ਚਾਹੇ ਉਹ ਕਿਸੇ ਵੀ ਫਿਰਕੇ ਜਾਂ ਧਰਮ ਨਾਲ ਸਬੰਧ ਕਿਉਂ ਨਾ ਰੱਖਦਾ ਹੋਵੇ।ਉਨ੍ਹਾਂ ਮਹਾਂਰਾਸ਼ਟਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਐਸੇ ਸ਼ਰਾਰਤੀ ਜੋ ਦੇਸ਼ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਕਰਕੇ ਫਿਰਕਾਪ੍ਰਸਤੀ ਦੀ ਆੜ ਹੇਠ ਦੰਗੇ ਫਸਾਦ ਕਰਵਾਉਣਾ ਚਾਹੁੰਦੇ ਹਨ, ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰੇ ਤਾਂ ਜੋ ਅੱਗੇ ਤੋਂ ਕੋਈ ਵੀ ਅਨਸਰ ਆਪਸੀ ਭਾਈਚਾਰਕ ਸਾਂਝ ਨਾਲ ਖਿਲਵਾੜ ਕਰਕੇ ਦੇਸ਼ ਵਿੱਚ ਅਸ਼ਾਂਤੀ ਨਾ ਫੈਲਾਏ।