-ਹਰਦਮ ਸਿੰਘ ਮਾਨ
ਥਲਾਂ ਦੀ ਰੇਤ ਇਹ ਗ਼ਜ਼ਲਾਂ, ਨਦੀ ਦਾ ਵਹਿਣ ਇਹ ਗ਼ਜ਼ਲਾਂ।
ਬੜਾ ਖਾਮੋਸ਼ ਰਹਿ ਕੇ ਵੀ ਬੜਾ ਕੁਝ ਕਹਿਣ ਇਹ ਗ਼ਜ਼ਲਾਂ।
ਸਮੇਂ ਦੀ ਤਪਸ਼ ਆਪਣੇ ਜਿਸਮ ਉਤੇ ਸਹਿਣ ਇਹ ਗ਼ਜ਼ਲਾਂ।
ਖ਼ੁਦਾਇਆ ਫੇਰ ਵੀ ਇਉਂ ਹਸਦੀਆਂ ਹੀ ਰਹਿਣ ਇਹ ਗ਼ਜ਼ਲਾਂ।
ਇਨ੍ਹਾਂ ਦੇ ਹਰ ਸ਼ਿਅਰ ਅੰਦਰ ਮੇਰਾ ਹੀ ਖੂਨ ਵਗਦਾ ਹੈ
ਮੇਰੇ ਹੀ ਵਾਂਗ ਟਿਕ ਕੇ ਨਾ ਕਦੇ ਵੀ ਬਹਿਣ ਇਹ ਗ਼ਜ਼ਲਾਂ।
ਫਹਾ ਬਣ ਕੇ ਹੀ ਲੱਗੀਆਂ ਨੇ ਕਿਤੇ ਵੀ ਜ਼ਖ਼ਮ ਜਦ ਡਿੱਠਾ
ਸੁਨੇਹਾ ਜ਼ਿੰਦਗੀ ਦਾ ਵੰਡਦੀਆਂ ਹੀ ਰਹਿਣ ਇਹ ਗ਼ਜ਼ਲਾਂ।
ਹਵਾਵਾਂ ਖਚਰੀਆਂ ਨੇ ਹਰ ਘੜੀ ਕੰਨ ਭਰਨ ਮੌਸਮ ਦੇ
ਹਮੇਸ਼ਾ ਮਸਤ ਆਪਣੀ ਚਾਲ ਵਿਚ ਹੀ ਰਹਿਣ ਇਹ ਗ਼ਜ਼ਲਾਂ।
ਇਨ੍ਹਾਂ ਦੇ ਹਰਫ਼ ਕੂਲੇ ਨੇ, ਇਨ੍ਹਾਂ ਦੇ ਅਰਥ ਸੂਖਮ ਨੇ
ਬੜੇ ਬੇਰਹਿਮ ਮੌਸਮ ਨਾਲ ਫਿਰ ਵੀ ਖਹਿਣ ਇਹ ਗ਼ਜ਼ਲਾਂ।