- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਉਹ ਕਾਗਜ਼ ਦੇ ਸੀਨੇ ਉੱਪਰ ਬਗਾਵਤੀ ਲੀਕਾਂ ਵਾਹੁੰਦੇ ਨੇ
ਪਰ ਕਿਉਂ ਲਗਦੈ ਅੱਖਰ ਸਾਰੇ ਜਿਵੇਂ ਲਏ ਉਧਾਰੇ ਹੁੰਦੇ ਨੇ
ਕਿਉਂ ਸੋਚ ਉਹਨਾਂ ਦੀ ਪੂਰੀ ਬਾਹਰੀ ਗੱਠੜ ਢੋਣੇ ਵਰਗੀ
ਸਭ ਖ਼ਾਨਾ ਪੂਰਨ ਨੂੰ ਹੀ ਜਿੱਦਾਂ ਲਫ਼ਜ਼ ਜਿਹੇ ਭਾਰੇ ਹੁੰਦੇ ਨੇ
ਕਿਉਂ ਨਾਅਰੇ ਉਨ੍ਹਾਂ ਦੇ ਸਾਰੇ ਬਸ ਸੰਘ ਦੇ ਜ਼ੋਰ ਹੀ ਟਿੱਕਦੇ
ਸਭ ਕਥਨੀਂ ਦੇ ਹਵਾਈ ਸੂਰੇ ਕਿਉਂ ਕਰਨੀ ਦੇ ਮਾੜੇ ਹੁੰਦੇ ਨੇ
ਉਹ ਸੂਰਿਆਂ ਦੀਆਂ ਡਾਰਾਂ ਭਲੇ ਦਿਨਾਂ ‘ਚ ਚਾਂਘ ਬਹਾਰਾਂ
ਭੀੜ ਸਚਮੁੱਚ ਜੇ ਸਿਰ ਬਣਦੀ ਨਾ ਕੱਖੋਂ ਵੱਧ ਭਾਰੇ ਹੁੰਦੇ ਨੇ
ਬੋਲਾਂ ਦੀ ਮਿਸ਼ਰੀ ਸਾਰੀ ਹੱਥਾਂ ਤੱਕ ਪੁੱਜ ਮੈਲ ਹੈ ਬਣਦੀ
ਕਿਉਂ ਜ਼ੁਬਾਂ ਦੇ ਮਿੱਠੇ ਲੋਕੀਂ ਉੰਨੇ ਹੀ ਦਿੱਲ ਦੇ ਖਾਰੇ ਹੁੰਦੇ ਨੇ
ਹਰ ਪਲ ਕ਼ਿਰਦਾਰ ਇਉਂ ਬਦਲੇ ਚਿਹਰਾ ਮਖੌਟਾ ਰਹਿ ਜਾਵੇ
ਇਸ ਮਖੌਟੇ ਦੇ ਉੱਪਰ ਵੀ ਹੋਰ ਮਖੌਟੇ ਕਈ ਚਾੜ੍ਹੇ ਹੁੰਦੇ ਨੇ