ਪੰਜਾਬ ਪ੍ਰਦੇਸ਼ ਕਾਂਗਰਸ,ਅਕਾਲੀ ਦਲ ਅਤੇ ਅਕਾਲੀ ਬੀ.ਜੇ.ਪੀ.ਸਰਕਾਰ ਵੱਲੋਂ ਦਿੱਤੇ ਅਨੋਕਾਂ ਮੁਦਿਆਂ ਦਾ ਲਾਭ ਹੀ ਨਹੀਂ ਉਠਾ ਸਕੀ। ਇਹ ਪਹਿਲਾ ਮੌਕਾ ਹੈ,ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ,ਕੁਲਜੀਤ ਸਿੰਘ ਨਾਗਰਾ ਵਿਧਾਨਕਾਰ ਅਤੇ ਪੂਜਾ ਸਿਆਲ ਗਰੇਵਾਲ ਸਬ ਡਵੀਜ਼ਨਲ ਮੈਜਿਸਟਰੇਟ ਫ਼ਤਿਹਗੜ੍ਹ ਸਾਹਿਬ ਵਾਦ ਵਿਵਾਦ,ਖ਼ਖ਼ੜੀਆਂ-ਖ਼ਖ਼ੜੀਆਂ ਹੋਈ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਲਈ ਸੰਜੀਵਨੀ ਬੂਟੀ ਸਾਬਤ ਹੋ ਰਿਹਾ ਹੈ। ਪਿਛਲੇ 10 ਸਾਲਾਂ ਵਿਚ ਇਹ ਪਹਿਲੀ ਵਾਰ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੀ ਲੀਡਰਸ਼ਿਪ ਕਿਸੇ ਇੱਕ ਮੁਦੇ ਤੇ ਇੱਕਮੁਠਤਾ ਦਾ ਸਬੂਤ ਦੇ ਰਹੀ ਹੈ। ਭਾਵੇਂ ਇਹ ਘਟਨਾ ਬਹੁਤ ਹੀ ਗੰਭੀਰ ਅਤੇ ਮੰਦਭਾਗੀ ਕਿਸਮ ਦੀ ਹੈ,ਸਿਆਸਤਦਾਨਾਂ ਦੇ ਵਕਾਰ ਦੇ ਅਸਤਿਤਵ ਦਾ ਸਵਾਲ ਹੈ,ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਹੋਣ,ਪ੍ਰੰਤੂ ਕਾਂਗਰਸ ਪਾਰਟੀ ਲਈ ਇਹ ਘਟਨਾ ਵਰਦਾਨ ਸਾਬਤ ਹੋ ਰਹੀ ਹੈ। ਮਾਰਚ 2013 ਜਦੋਂ ਤੋਂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ, ਉਦੋਂ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ,ਕਦੀਂ ਵੀ ਕਿਸੇ ਇੱਕ ਮੁੱਦੇ ਤੇ ਬਾਜਵਾ ਨਾਲ ਇਕਸੁਰ ਨਹੀਂ ਹੋਏ। ਇਸ ਮੁੱਦੇ ਤੇ ਸਮੁਚੀ ਪੰਜਾਬ ਪ੍ਰਦੇਸ਼ ਕਾਂਗਰਸ ਲੀਡਰਸ਼ਿਪ ਕੁਲਜੀਤ ਸਿੰਘ ਨਾਗਰਾ ਦੀ ਸਪੋਰਟ ਤੇ ਆ ਗਈ ਹੈ। ਹੁਣ ਤੱਕ ਕੈਪਟਨ ਅਮਰਿੰਦਰ ਸਿਘ ਅਤੇ ਵਿਧਾਨ ਸਭਾ ਵਿਚ ਵਿਰੋਧੀ ਪਾਰਟੀ ਦੇ ਲੀਡਰ ਸੁਨੀਲ ਜਾਖ਼ੜ ਕਦੀਂ ਵੀ ਪਰਤਾਪ ਸਿੰਘ ਬਾਜਵਾ ਦੇ ਬਿਆਨ ਨਾਲ ਸਹਿਮਤ ਨਹੀਂ ਹੋਏ। ਇਹ ਪਹਿਲਾ ਮੌਕਾ ਹੈ,ਜਦੋਂ ਸਮੁਚੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਇੱਕਮੁਠ ਹੋ ਕੇ ਕੁਲਜੀਤ ਸਿੰਘ ਨਾਗਰਾ ਦਾ ਪੱਖ ਪੂਰ ਰਹੀ ਹੈ। ਕਾਂਗਰਸ ਪਾਰਟੀ ਲਈ ਇਹ ਮੁੱਦਾ ਸੰਜੀਵਨੀ ਬੂਟੀ ਸਿੱਧ ਹੋਵੇਗਾ। ਇਸ ਤੋਂ ਪਹਿਲਾਂ ਕਾਂਗਰਸੀ ਇੱਕ ਦੂਜੇ ਦੇ ਬਿਆਨਾਂ ਨੂੰ ਕੱਟਦੇ ਰਹਿੰਦੇ ਹਨ। ਇਹ ਮੁੱਦਾ ਸੰਵਿਧਾਨਿਕ ਅਹੁਦਿਆਂ ਦੀ ਮਾਣ ਮਰਿਆਦਾ ਅਤੇ ਵਕਾਰ ਦਾ ਸਵਾਲ ਹੈ। ਇਸ ਤੋਂ ਪਹਿਲਾਂ ਵੀ ਮਈ 2014 ਦੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸ ਦੀ ਨੇਤਾ ਅਤੇ ਸਾਬਕ ਕੇਂਦਰੀ ਮੰਤਰੀ ਅੰਬਿਕਾ ਸੋਨੀ,ਜੋ ਕਿ ਉਦੋਂ ਰਾਜ ਸਭਾ ਦੀ ਮੈਂਬਰ ਸੀ,ਬਾਰੇ ਇਤਰਾਜ਼ਯੋਗ ਟਿਪਣੀ ਕੀਤੀ ਸੀ। ਉਦੋਂ ਚੋਣਾਂ ਵਿਚ ਸਾਰੇ ਨੇਤਾਵਾਂ ਦੇ ਉਲਝੇ ਹੋਣ ਕਰਕੇ ਇਹ ਮੁੱਦਾ ਬਹੁਤਾ ਉਭਾਰਿਆ ਨਹੀਂ ਗਿਆ ਸੀ ਅਤੇ ਨਾ ਹੀ ਮੁੱਖ ਮੰਤਰੀ ਨੇ ਕੋਈ ਪੜਤਾਲ ਦੇ ਹੁਕਮ ਦਿੱਤੇ ਸਨ। ਇਹ ਤੀਜੀ ਘਟਨਾ ਹੈ ਜਦੋਂਕਿ ਸੰਵਿਧਾਨਿਕ ਅਹੁਦਿਆਂ ਤੇ ਬੈਠੇ ਸਿਆਸਤਦਾਨਾਂ ਦੇ ਵਕਾਰ ਦਾ ਸਵਾਲ ਉਠਿਆ ਹੈ। ਸਹੀ ਮਾਅਨਿਆਂ ਵਿਚ ਕਾਂਗਰਸ ਵਿਰੋਧੀ ਧਿਰ ਦਾ ਰੋਲ ਨਿਭਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੜ੍ਹੇ ਲਿਖੇ ਅਤੇ ਸੁਲਝੇ ਹੋਏ ਲੀਡਰ ਦਾ ਸਬੂਤ ਦਿੰਦਿਆਂ ਮੁੱਖ ਮੰਤਰੀ ਨੂੰ ਘੇਰਦਿਆਂ ਕਿਹਾ ਹੈ ਕਿ ਪ੍ਰੋਟੋਕਲ ਵਿਚ ਵਿਧਾਇਕ ਦਾ ਸਟੇਟਸ ਮੁੱਖ ਸਕੱਤਰ ਤੋਂ ਵੀ ਉਪਰ ਹੁੰਦਾ ਹੈ ਤਾਂ ਡਵੀਜ਼ਨਲ ਕਮਿਸ਼ਨਰ,ਉਸਦੀ ਪੜਤਾਲ ਕਿਵੇਂ ਕਰ ਸਕਦਾ ਹੈ। ਇਹ ਬੜਾ ਠੋਸ ਨੁਕਤਾ ਹੈ,ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਉਠਾਇਆ ਹੈ। ਉਨ੍ਹਾਂ ਅੱਗੋਂ ਕਿਹਾ ਕਿ ਇਸ ਕੇਸ ਵਿਚ ਵਿਧਾਨ ਸਭਾ ਦਾ ਸਪੀਕਰ ਹੀ ਇੱਕੋ ਇੱਕ ਵਿਅਕਤੀ ਹੈ,ਜਿਹੜਾ ਦਖ਼ਲ ਦੇਣ ਦਾ ਹੱਕਦਾਰ ਹੈ। ਇਸ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਲੀਡਰਸ਼ਿਪ ਕਦੀਂ ਵੀ ਕਿਸੇ ਮੁੱਦੇ ਤੇ ਇੱਕਮੁਠ ਵਿਖਾਈ ਨਹੀਂ ਦਿੱਤੀ। ਇੱਥੋਂ ਤੱਕ ਕਿ ਜਦੋਂ ਪੰਜਾਬ ਵਿਚ ਨਸ਼ਿਆਂ ਦੇ ਵਿਓਪਾਰ ਵਿਚ ਨਸ਼ੇ ਦੇ ਵਿਓਪਾਰੀਆਂ,ਅਫ਼ਸਰਾਂ ਅਤੇ ਸਿਆਸਤਦਾਨਾਂ ਦੀ ਮਿਲੀਭੁਗਤ ਸੰਬੰਧੀ ਗ੍ਰਿਫ਼ਤਾਰ ਪ੍ਰਸਿਧ ਨਸ਼ਾ ਤਸਕਰ ਜਗਦੀਸ਼ ਸਿੰਘ ਭੋਲਾ ਨੇ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਮ ਲਿਆ ਸੀ ਤਾਂ ਪਰਤਾਪ ਸਿੰਘ ਬਾਜਵਾ ਨੇ ਉਸਦੀ ਸੀ.ਬੀ.ਆਈ. ਤੋਂ ਪੜਤਾਲ ਕਰਾਉਣ ਦੀ ਮੰਗ ਕੀਤੀ ਸੀ । ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਠੋਕ ਵਜਾ ਕੇ ਇਸ ਮੰਗ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਇਸ ਕੇਸ ਵਿਚ ਸੀ.ਬੀ.ਆਈ. ਪੜਤਾਲ ਦੀ ਲੋੜ ਨਹੀਂ ਕਿਉਂਕਿ ਕੇਸ ਹੋਰ ਲਮਕ ਜਾਵੇਗਾ ਅਤੇ ਨਿਆਂ ਮਿਲਣ ਵਿਚ ਦੇਰੀ ਹੋਵੇਗੀ। ਹਾਲਾਂਕਿ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਪੰਜਾਬ ਦੇ ਮਾਮਲਿਆਂ ਦੇ ਇਨਚਾਰਜ ਜਨਰਲ ਸਕੱਤਰ ਸ਼ਕੀਲ ਅਹਿਮਦ ਨੇ ਵੀ ਬਾਜਵਾ ਦੀ ਸਪੋਰਟ ਕੀਤੀ ਸੀ। ਕਾਂਗਰਸ ਲਈ ਇਹ ਮੁੱਦਾ ਸਰਕਾਰ ਨੂੰ ਆੜੇ ਹੱਥੀਂ ਲੈਣ ਲਈ ਬੜਾ ਹੀ ਢੁਕਵਾਂ ਸੀ,ਇਸ ਮੁੱਦੇ ਦਾ ਪੰਜਾਬ ਕਾਂਗਰਸ ਰਾਜਨੀਤਕ ਲਾਭ ਉਠਾ ਸਕਦੀ ਸੀ,ਫ਼ਿਰ ਵੀ ਕੈਪਟਨ ਅਮਰਿੰਦਰ ਸਿੰਘ ਦੀ ਸੁਰ ਬਾਜਵਾ ਤੋਂ ਵੱਖ਼ਰੀ ਰਹੀ। ਏਸੇ ਤਰ੍ਹਾਂ ਜਦੋਂ ਪਰਤਾਪ ਸਿੰਘ ਬਾਜਵਾ ਨੇ ਲੋਕ ਸਭਾ ਦੇ ਸਿਟਿੰਗ ਮੈਂਬਰਾਂ ਨੂੰ,ਮਈ 2014 ਦੀਆਂ ਚੋਣਾਂ ਲਈ ਟਿਕਟਾਂ ਦੇਣ ਬਾਰੇ ਬਿਆਨ ਦਿੱਤਾ ਸੀ ਤਾਂ ਵੀ ਕੈਪਟਨ ਸਾਹਿਬ ਨੇ ਉਸਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਟਿਕਟਾਂ ਦੇਣਾ ਕਾਂਗਰਸ ਹਾਈ ਕਮਾਂਡ ਦਾ ਅਧਿਕਾਰ ਖ਼ੇਤਰ ਹੈ। ਜਦੋਂ ਮਾਰਚ 2013 ਵਿਚ ਪਰਤਾਪ ਸਿੰਘ ਬਾਜਵਾ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ,ਉਦੋਂ ਵੀ ਕੈਪਟਨ ਨੇ ਕਿਹਾ ਸੀ ਜੇਕਰ ਹਾਈ ਕਮਾਂਡ ਉਸਤੋਂ ਪੁਛਦੀ ਤਾਂ ਉਹ ਬਾਜਵਾ ਨਾਲੋਂ ਵਧੀਆ ਪ੍ਰਧਾਨ ਦੇ ਸਕਦਾ ਸੀ। ਪਰਤਾਪ ਸਿੰਘ ਬਾਜਵਾ ਨੇ ਜਦੋਂ ਆਪਣੀ ਕਮੇਟੀ ਦੀ ਜੁੰਬੋ ਕਾਰਜਕਾਰਨੀ ਬਣਾਈ ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਧੜੇ ਨੇ ਡੱਟਕੇ ਵਿਰੋਧ ਕੀਤਾ ਸੀ। ਦੱਸਣ ਤੋਂ ਭਾਵ ਹੈ ਕਿ ਕੈਪਟਨ ਅਤੇ ਬਾਜਵਾ ਦਾ ਹਮੇਸ਼ਾ ਹੀ ਹਰ ਮੁੱਦੇ ਤੇ ਛੱਤੀ ਦਾ ਆਂਕੜਾ ਰਿਹਾ ਹੈ। ਪੰਜਾਬ ਵਿਚ ਵਰਤਮਾਨ ਸਰਕਾਰ ਦੇ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਦੀ ਮਿਲੀ ਭੁਗਤ ਕਰਕੇ ਪੰਜਾਬ ਦੇ ਲੋਕ ਤਰਾਹ ਤਰਾਹ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ,ਅਜੇ ਭਾਰਤੀ ਜਨਤਾ ਪਾਰਟੀ ਦੇ ਮੰਤਰੀ,ਮੁੱਖ ਮੰਤਰੀ ਕੋਲ ਅਧਿਕਾਰੀਆਂ ਵੱਲੋਂ ਅਣਗਹਿਲੀ ਕਰਨ ਦੀਆਂ ਸ਼ਿਕਾਇਤਾਂ ਲਗਾਉਂਦੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਸੰਵਿਧਾਨਿਕ ਅਧਿਕਾਰਾਂ ਦੀ ਪੂਰੀ ਜਾਣਕਾਰੀ ਹੈ। ਉਹ ਆਪਣੇ ਅਧਿਕਾਰ ਬਾਰੇ ਸਜਿਗ ਹਨ। ਪਿਛੇ ਜਹੇ ਜ¦ਧਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਮਦਨ ਮੋਹਨ ਮਿਤਲ ਨੇ ਵੀ ਇੱਕ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦਾ ਮੁੱਦਾ ਉਠਾਇਆ ਸੀ ਕਿਉਂਕਿ ਉਹ ਅਧਿਕਾਰੀ ਉਨ੍ਹਾਂ ਦਾ ਗੇਟ ਤੇ ਸਵਾਗਤ ਕਰਨ ਲਈ ਆਇਆ ਨਹੀਂ ਸੀ ਅਤੇ ਪਬਲੀਕਲੀ ਉਸ ਅਧਿਕਾਰੀ ਦੀ ਬੇਇਜ਼ਤੀ ਕੀਤੀ ਸੀ। ਉਦੋਂ ਤਾਂ ਮੁੱਖ ਮੰਤਰੀ ਮਦਨ ਮੋਹਨ ਮਿਤਲ ਦੇ ਵਿਵਹਾਰ ਬਾਰੇ ਪੜਤਾਲ ਦਾ ਹੁਕਮ ਨਹੀਂ ਦਿੱਤਾ ਸੀ। ਹੁਣ ਕਿਉਂਕਿ ਵਿਰੋਧੀ ਪਾਰਟੀ ਦੇ ਵਿਧਾਨਕਾਰ ਦਾ ਵਾਦਵਿਵਾਦ ਹੈ, ਇਸ ਲਈ ਉਸ ਤੇ ਦਬਾਅ ਪਾਉਣ ਲਈ ਪੜਤਾਲ ਦਾ ਹਊਆ ਖੜ੍ਹਾ ਕੀਤਾ ਹੈ। ਉਦੋਂ ਵੀ ਮੰਤਰੀ ਵੱਲੋਂ ਅਧਿਕਾਰੀ ਦੀ ਬੇਇਜ਼ਤੀ ਕਰਨ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੀਆਂ ਸਨ। ਇਸ ਕੇਸ ਵਿਚ ਤਾਂ ਅਧਿਕਾਰੀ ਨੇ ਗੇਟ ਤੇ ਰੀਸੀਵ ਕਰਨ ਤਾਂ ਕੀ ਆਉਣਾ ਸੀ,ਉਹ ਤਾਂ ਆਪਦੇ ਦਫ਼ਤਰ ਵਿਚ ਹੀ ਨਹੀਂ ਸੀ। ਅਧਿਕਾਰੀ ਨੇ ਵਿਧਾਨਕਾਰ ਦੇ ਸਾਮ੍ਹਣੇ ਹੀ ਲੋਕਾਂ ਨੂੰ ਵਿਧਾਨਕਾਰ ਦੀ ਥਾਂ ਉਸ ਕੋਲ ਆਉਣ ਲਈ ਕਿਹਾ ਸੀ। ਅਕਾਲੀ ਦਲ ਦੇ ਮੰਤਰੀ ਤਾਂ ਅਧਿਕਾਰੀਆਂ ਦੇ ਥੱਲੇ ਹੀ ਲੱਗੇ ਹੋਏ ਹਨ,ਉਹ ਤਾਂ ਆਪਣੇ ਨਿੱਕੇ ਮੋਟੇ ਨਿੱਜੀ ਮੁਫ਼ਾਦਾਂ ਕਰਕੇ ਅਧਿਕਾਰੀਆਂ ਦੀਆਂ ਵਧੀਕੀਆਂ ਸਹੀ ਜਾਂਦੇ ਹਨ। ਕਾਂਗਰਸ ਪਾਰਟੀ ਦੇ ਸਿਆਸਤਦਾਨ ਤਾਂ ਬਹੁਤਾ ਲੰਮਾਂ ਸਮਾਂ ਕੇਂਦਰ ਅਤੇ ਰਾਜਾਂ ਵਿਚ ਰਾਜ ਭਾਗ ਕਰਨ ਕਰਕੇ ਆਪਣੀਆਂ ਤਾਕਤਾਂ ਤੋਂ ਭਲੀ ਭਾਂਤ ਜਾਣੂੰ ਹਨ,ਇਸ ਲਈ ਉਹ ਅਧਿਕਾਰੀਆਂ ਦੀਆਂ ਜ਼ਿਆਦਤੀਆਂ ਬਰਦਾਸ਼ਤ ਨਹੀਂ ਕਰਦੇ। ਅਕਾਲੀ ਦਲ ਦੇ ਸਿਆਸਤਦਾਨ ਤਾਂ ਅਜੇ ਰਾਜ ਪ੍ਰਬੰਧ ਬਾਰੇ ਬਹੁਤਾ ਜਾਣਦੇ ਨਹੀਂ,ਮੈਂ ਲੰਮਾਂ ਸਮਾਂ ਲੋਕ ਸੰਪਰਕ ਵਿਭਾਗ ਵਿਚ ਨੌਕਰੀ ਕਰਦਿਆਂ ਖ਼ੁਦ ਵੇਖਿਆ ਹੈ ਕਿ ਕੁਝ ਮੰਤਰੀ ਤਾਂ ਆਪਣੇ ਅੰਡਰ ਕੰਮ ਕਰ ਰਹੇ ਅਧਿਕਾਰੀਆਂ ਨੂੰ ਸਰ ਕਹਿਕੇ ਬੁਲਾਉਂਦੇ ਹਨ। ਇਸ ਸੰਬੰਧੀ ਇੱਕ ਵਾਰ ਮੇਰੇ ਸਾਮ੍ਹਣੇ ਇੱਕ ਮੰਤਰੀ ਨੇ ਆਪਣੇ ਹੀ ਵਿਭਾਗ ਦੇ ਅਧਿਕਾਰੀ ਨੂੰ ਸਰ ਕਹਿਕੇ ਬੁਲਾਇਆ ਸੀ। ਅਜਿਹੇ ਮੰਤਰੀ ਬਾਰੇ ਜਦੋਂ ਮੈਂ ਕੈਪਟਨ ਕੰਵਲਜੀਤ ਸਿੰਘ ਨੂੰ ਦੱਸਿਆ ਸੀ ਤਾਂ ਉਸਨੇ ਸੰਬੰਧਤ ਮੰਤਰੀ ਨੂੰ ਆਪਣੇ ਘਰ ਬੁਲਾਕੇ ਸਮਝਾਇਆ ਸੀ ਕਿ ਸੰਵਿਧਾਨਕ ਅਹੁਦੇ ਦੀ ਇੱਜਤ ਤੇ ਮਾਣ ਮਰਿਆਦਾ ਬਰਕਰਾਰ ਰੱਖੀ ਜਾਵੇ। ਕਾਂਗਰਸ ਪਾਰਟੀ ਦੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਸੁਨੀਲ ਕੁਮਾਰ ਜਾਖ਼ੜ ਨੇ ਇਸ ਮੁੱਦੇ ਦੀ ਗ਼ੰਭੀਰਤਾ ਨੂੰ ਮਹਿਸੂਸ ਕਰਦਿਆਂ ਕਾਂਗਰਸ ਲੈਜਿਸਲੇਚਰ ਪਾਰਟੀ ਦੀ ਮੀਟਿੰਗ ਬੁਲਾਕੇ ਵਿਚਾਰਿਆ ਹੈ ਅਤੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਮਿਲਕੇ ਸੰਬੰਧਤ ਅਧਿਕਾਰੀ ਵਿਰੁਧ ਕਾਰਵਾਈ ਕਰਨ ਲਈ ਕਿਹਾ ਹੈ। ਕਾਂਗਰਸ ਪਾਰਟੀ ਵਿਚ ਧੜੇਬੰਦੀ ਦੇ ਨਵੇਂ ਸਮੀਕਰਨ ਬਣ ਰਹੇ ਹਨ,ਹੁਣ ਤੱਕ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਿੰਦਰ ਕੌਰ ਭੱਠਲ ਦਾ ਹਮੇਸ਼ਾ ਹੀ ਛੱਤੀ ਦਾ ਆਂਕੜਾ ਰਿਹਾ ਹੈ,ਇਸ ਸਮੇਂ ਉਹ ਦੋਵੇਂ ਇੱਕਸੁਰ ਹੋ ਗਏ ਹਨ ,ਜਿਸ ਨਾਲ ਬਾਜਵਾ ਧੜਾ ਚਿੰਤਾ ਵਿਚ ਹੋ ਗਿਆ ਹੈ। ਜੇਕਰ ਸਾਰੀਆਂ ਸਿਆਸੀ ਪਾਰਟੀਆਂ ਦੇ ਮੈਂਬਰਾਂ ਨੇ ਇਸ ਮੁੱਦੇ ਤੇ ਸੰਜੀਦਗੀ ਨਾਲ ਇੱਕਮਤ ਹੋ ਕੇ ਕਾਰਵਾਈ ਨਾ ਕੀਤੀ ਤਾਂ ਸੰਵਿਧਾਨਿਕ ਅਹੁਦਿਆਂ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚੇਗੀ,ਸਿਆਸਤਦਾਨਾ ਦੀ ਸਰਵਉਚਤਾ ਨੂੰ ਖ਼ੋਰਾ ਲੱਗ ਜਾਵੇਗਾ ,ਕਿਉਂਕਿ ਅਧਿਕਾਰੀ ਤਾਂ ਵਿਧਾਨਕਾਰਾਂ ਦੇ ਫ਼ੋਨ ਸੁਣਨ ਨੂੰ ਹੀ ਤਿਆਰ ਨਹੀਂ ਹਨ। ਅਕਾਲੀ ਦਲ ਦੇ ਵਿਧਾਨਕਾਰ ਅਤੇ ਮੰਤਰੀ ਤਜਰਬੇ ਦੀ ਅਣਹੋਂਦ ਕਰਕੇ ਆਪਣੀਆਂ ਬੇੜੀਆਂ ਵਿਚ ਵੱਟੇ ਪਾ ਰਹੇ ਹਨ। ਇਹ ਸਮਝੌਤਾ ਵੀ ਲਗਪਗ ਡਿਪਟੀ ਕਮਿਸ਼ਨਰ ਨੇ ਕਰਵਾ ਦਿੱਤਾ ਸੀ ਪ੍ਰੰਤੂ ਨਾਗਰਾ ਤੋਂ ਹਾਰਿਆ ਹੋਇਆ ਸਿਆਸਤਦਾਨ ਪੂਜਾ ਸਿਆਲ ਗਰੇਵਾਲ ਰਾਹੀਂ ਆਪਣੀ ਕਿੜ ਕੱਢ ਰਿਹਾ ਹੈ। ਮੁੱਖ ਮੰਤਰੀ ਸੁਲਿਝਿਆ ਅਤੇ ਹੰਢਿਆ ਵਰਤਿਆ ਸਿਆਸਤਦਾਨ ਹੈ,ਉਸਨੂੰ ਸੰਜੀਦਗੀ ਤੋਂ ਕੰਮ ਲੈਂਦਿਆਂ ਆਪ ਦਖ਼ਲ ਦੇ ਕੇ ਹਨ ਲੱਭਣਾ ਚਾਹੀਦਾ ਹੈ। ਥੋੜ੍ਹਾ ਸਮਾਂ ਪਹਿਲਾਂ ਇੱਕ ਜਿਲ੍ਹੇ ਦੇ ਪੁਲਿਸ ਮੁਖੀ ਨੇ ਵੀ ਇੱਕ ਵਿਧਾਨਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਬਾਰੇ ਵੀ ਇਤਰਾਜਯੋਗ ਟਿਪਣੀ ਕੀਤੀ ਸੀ। ਜੇਕਰ ਅਜਿਹੀਆਂ ਘਟਨਾਵਾਂ ਨੂੰ ਸੰਜੀਦਗੀ ਨਾਲ ਨਾ ਲਿਆ ਤਾਂ ਸਿਆਸਤਦਾਨਾਂ ਨੂੰ ਆਪਣੇ ਥੱਲੇ ਲਗਾਉਣ ਵਿਚ ਅਧਿਕਾਰੀ ਸਫਲ ਹੋ ਜਾਣਗੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਨਾਗਰਾ ਅਤੇ ਗਰੇਵਾਲ ਵਾਦਵਿਵਾਦ ਕਾਂਗਰਸ ਲਈ ਵਰਦਾਨ
This entry was posted in ਲੇਖ.