ਫ਼ਤਹਿਗੜ੍ਹ ਸਾਹਿਬ – ਦੋ ਦਿਨ ਪਹਿਲਾ ਜੈਤੋਂ ਅਤੇ ਬਰਨਾਲਾ ਵਿਖੇ ਆਰ.ਐਸ.ਐਸ. ਅਤੇ ਬੀਜੇਪੀ ਨੇ ਖਾਕੀ ਨਿੱਕਰਾਂ ਪਾ ਕੇ ਨਜ਼ਾਇਜ ਹਥਿਆਰਾਂ ਅਤੇ ਅਸਲੇ ਸਮੇਤ ਬਜ਼ਾਰ ਵਿਚ ਮਾਰਚ ਕੀਤੇ ਹਨ । ਇਹ ਸਿੱਖ ਕੌਮ ਦੀ ਬਹੁਤ ਵੱਡੀ ਤੋਹੀਨ ਹੈ । ਸਿੱਖ ਕੌਮ ਇਹਨਾਂ ਤੋ ਪੁੱਛਦੀ ਹੈ ਕਿ ਤੁਹਾਡੀ ਦੁਸ਼ਮਣੀ ਤਾਂ ਪਾਕਿਸਤਾਨ ਅਤੇ ਚੀਨ ਨਾਲ ਹੈ । ਸਿੱਖਾਂ ਦੇ ਇਲਾਕਿਆ ਵਿਚ ਅਸਲੇ ਸਮੇਤ ਪਰੇਡਾਂ ਕਰਨ ਦਾ ਤੁਹਾਡਾ ਕੀ ਮਤਲਬ ਹੈ ?
ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਹੈ ਕਿ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਵਰਕਰਾਂ ਨੂੰ ਸਖਤੀ ਨਾਲ ਹਦਾਇਤ ਕਰਦੀ ਹੈ ਕਿ ਇਹ ਖਾਕੀ ਨਿੱਕਰ ਵਾਲਿਆਂ ਤੇ ਪੂਰੀ ਨਿਗਾਹ ਰੱਖੀ ਜਾਵੇ ਕਿਉਂਕਿ ਇਹ ਸਾਡੇ ਵਿਚ ਬਦ-ਅਮਨੀ ਫੈਲਾਉਣਾ ਚਾਹੁੰਦੇ ਹਨ। ਜਦੋ ਵੀ ਇਹ ਕਿੱਧਰੇ ਵੀ ਪਰੇਡਾਂ ਕਰਨ ਤਾਂ ਇਹਨਾਂ ਦਾ ਅਸਲਾ ਖੋਹਕੇ ਜ਼ਬਤ ਕੀਤਾ ਜਾਵੇ ਅਤੇ ਨੇੜ੍ਹੇ ਲੱਗਦੇ ਥਾਣੇ ਵਿਚ ਇਹ ਅਸਲਾ ਜਮ੍ਹਾਂ ਕਰਵਾਕੇ ਥਾਣੇ ਦੇ ਰੋਜ਼ਨਾਮਚੇ ਵਿਚ ਲਿਖਤ ਕਰਵਾਕੇ ਰਸ਼ੀਦ ਹਾਸਿ਼ਲ ਕੀਤੀ ਜਾਵੇ । ਬਾਦਲ ਸਰਕਾਰ ਬੀਜੇਪੀ ਤੇ ਆਰ.ਐਸ.ਐਸ. ਦੀਆਂ ਨਜ਼ਾਇਜ ਪਰੇਡਾਂ ਨੂੰ ਨਹੀਂ ਰੋਕ ਸਕਦੀ । ਇਸ ਕਾਰਜ ਦੀ ਜਿ਼ੰਮੇਵਾਰੀ ਸਿੱਖ ਕੌਮ ਦੇ ਸਿਰ ਆ ਪਈ ਹੈ ਅਤੇ ਆਓ ਅਸੀਂ ਇਹ ਆਪਣਾ ਫਰਜ਼ ਨਿਭਾਈਏ ਤਾਂ ਕਿ ਅਮਨ ਤੇ ਸ਼ਾਂਤੀ ਭੰਗ ਨਾ ਹੋ ਸਕੇ । ਸਾਨੂੰ ਸਿੱਖਾਂ ਨੂੰ ਪੜ੍ਹਾਇਆ ਜਾਂਦਾ ਹੈ ਕਿ ਹਿੰਦੂ-ਸਿੱਖ ਦਾ ਨਹੁੰ-ਮਾਸ ਦਾ ਰਿਸ਼ਤਾ ਹੈ । ਸ. ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹਨ ਕਿ ਉਹਨਾਂ ਦਾ ਤੇ ਬੀਜੇਪੀ ਦਾ ਪਤੀ-ਪਤਨੀ ਦਾ ਰਿਸ਼ਤਾ ਹੈ ਤਾਂ ਫਿਰ ਇਹ ਸਾਡੇ ਜੈਤੋਂ ਅਤੇ ਮੋਗਾ ਏਰੀਆ ਜੋ ਸਿੱਖਾਂ ਦਾ ਗੜ੍ਹ ਹੈ, ਉਥੇ ਪਰੇਡਾਂ ਕਿਉਂ ਕੱਢ ਰਹੇ ਹਨ ? ਬਾਦਲ ਸਰਕਾਰ ਪੰਜਾਬ ਵਿਚ ਅਮਨ ਅਤੇ ਸ਼ਾਂਤੀ ਕਾਇਮ ਰੱਖਣ ਵਿਚ ਨਾ ਕਾਮਯਾਬ ਹੋ ਗਈ ਹੈ ।
ਜਦੋਂ ਚੀਨ ਭਾਰਤ ਦੇ ਬਾਰਡਰ ਅੰਦਰ ਆ ਜਾਂਦਾ ਹੈ ਤਾਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਚੀਨ ਦੇ ਪ੍ਰਧਾਨ ਨਾਲ ਗੱਲੀਂ ਬਾਂਤੀਂ ਸਾਰਦੇ ਹਨ, ਜਦੋਂ ਹੁਣ ਪਾਕਿਸਤਾਨ ਹਮਲਾ ਕਰਦਾ ਹੈ ਤਾਂ ਉਸਦਾ ਮੂੰਹ ਜੁਬਾਨੀ ਭਬਕੀਆ ਮਾਰਕੇ ਹੀ ਜੁਆਬ ਦਿੰਦੇ ਹਨ, ਉਦੋ ਇਹਨਾਂ ਦਾ ਇਹ ਅਸਲਾ ਕਿੱਥੇ ਜਾਂਦਾ ਹੈ ? ਬੜੀ ਸ਼ਰਮ ਦੀ ਗੱਲ ਹੈ ਕਿ ਇਹਨਾਂ ਨੇ ਕਦੀ ਕਿਸੇ ਨੂੰ ਹੱਥ ਨਹੀਂ ਪਾਇਆ । ਸਾਡੀ ਪਾਰਟੀ ਨੂੰ ਪਤਾ ਲੱਗਿਆ ਹੈ ਕਿ ਇਹ ਖੁਫ਼ੀਆਂ ਤੌਰ ਤੇ ਫੌ਼ਜੀ ਟ੍ਰੇਨਿੰਗ ਕਰਦੇ ਹਨ । ਜਿਵੇ ਰਾਜਪੁਰਾ ਤੇ ਗੋਬਿੰਦਗੜ੍ਹ ਵਿਚ ਕੀਤੀ ਹੈ । ਅਸੀਂ ਆਪਣੀ ਪਾਰਟੀ ਦੇ ਵਰਕਰਾਂ ਨੂੰ ਹਦਾਇਤ ਕਰਦੇ ਹਾਂ ਕਿ ਜਿਥੇ ਕਿਤੇ ਵੀ ਪਤਾ ਲੱਗੇ ਇਹਨਾਂ ਨੂੰ ਪੈ ਜਾਵੋ ਅਤੇ ਇਹਨਾਂ ਦੇ ਹਥਿਆਰ ਖੋਹਕੇ ਥਾਣੇ ਜਮ੍ਹਾਂ ਕਰਵਾ ਦੇਵੋ । ਸੀ.ਆਈ.ਡੀ, ਆਈ.ਬੀ ਅਤੇ ਰਾਅ ਵੀ ਇਹਨਾਂ ਨਾਲ ਮਿਲ ਗਈ ਹੈ, ਉਹਨਾਂ ਨੇ ਕਿਸੇ ਨੂੰ ਕੋਈ ਖ਼ਬਰ ਨਹੀਂ ਦੇਣੀ । ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਜਿਨ੍ਹਾਂ ਦਾ ਪਹਿਲਾ ਵੀ ਅਕਸ ਸਾਫ਼ ਨਹੀਂ ਹੈ, ਜਾਣ ਬੁੱਝ ਕੇ ਇਹ ਫ਼ਸਾਦ ਪਵਾ ਰਹੇ ਹਨ ।