ਕੋਬਾਨੀ – ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਸੀਰੀਆ ਦੇ ਕੁਰਦ ਬਹੁਲਤਾ ਵਾਲੇ ਕਸਬੇ ਕੋਬਾਨੀ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। ਉਨ੍ਹਾਂ ਨੇ ਸ਼ਹਿਰ ਦੀਆਂ ਮਹੱਤਵਪੂਰਣ ਇਮਾਰਤਾਂ ਤੇ ਕਬਜ਼ਾ ਕਰਕੇ ਹਮਲੇ ਕਰਨ ਲਈ ਆਪਣੇ ਆਪ ਨੂੰ ਹੋਰ ਵੀ ਤਾਕਤਵਰ ਕਰ ਲਿਆ ਹੈ। ਹਜ਼ਾਰਾਂ ਦੀ ਸੰਖਿਆ ਵਿੱਚ ਸੀਰੀਆਈ ਕੁਰਦ ਸ਼ਹਿਰ ਛੱਡ ਕੇ ਤੁਰਕੀ ਵੱਲ ਪਲਾਇਨ ਕਰ ਰਹੇ ਹਨ।
ਸੀਰੀਆ ਵਿੱਚ ਕੁਰਦ ਲੜਾਕਿਆਂ ਅਤੇ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਵਿੱਚਕਾਰ ਤਿੰਨ ਹਫ਼ਤੇ ਤੋਂ ਚੱਲੀ ਆ ਰਹੀ ਲੜਾਈ ਵਿੱਚ ਘੱਟ ਤੋਂ ਘੱਟ 400 ਲੋਕ ਮਾਰੇ ਗਏ ਹਨ। ਕੋਬਾਨੀ ਸ਼ਹਿਰ ਦੀਆਂ ਇਮਾਰਤਾਂ ਤੇ ਇਸਲਾਮਿਕ ਸਟੇਟ ਦੇ ਝੰਡੇ ਲਹਿਰਾ ਰਹੇ ਹਨ। ਕੁਰਦ ਅਧਿਕਾਰੀਆਂ ਅਨੁਸਾਰ ਅੱਤਵਾਦੀਆਂ ਨੇ ਭਾਰੀ ਹੱਥਿਆਰਾਂ ਦਾ ਇਸਤੇਮਾਲ ਕਰਕੇ ਗੋਲੀਬਾਰੀ ਕੀਤੀ। ਘਮਾਸਾਨ ਲੜਾਈ ਤੋਂ ਬਾਅਦ ਕੁਰਦ ਲੜਾਕੇ ਆਈਐਸ ਦੇ ਅੱਤਵਾਦੀਆਂ ਸਾਹਮਣੇ ਬੇਬੱਸ ਹੋ ਗਏ ਤੇ ਉਨ੍ਹਾਂ ਨੇ ਇਸ ਇਲਾਕੇ ਵਿੱਚ ਆਪਣੇ ਪੈਰ ਜਮਾ ਲਏ। ਇਹ ਸੰਗਠਨ ਕੋਬਾਨੀ ਤੇ ਕਬਜ਼ਾ ਕਰਕੇ ਸੀਰੀਆ ਅਤੇ ਇਰਾਕ ਦੇ ਪੂਰੇ ਉਤਰੀ ਇਲਾਕੇ ਤੇ ਆਪਣਾ ਕੰਟਰੋਲ ਕਰਕੇ ਇੱਥੇ ਸੁੰਨੀ ਇਸਲਾਮ ਦੀ ਸਥਾਪਨਾ ਕਰਨਾ ਚਾਹੁੰਦੇ ਹਨ।
ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੀ ਲਗਾਤਾਰ ਚੜ੍ਹਤ ਨੂੰ ਵੇਖ ਕੇ ਇੱਕ ਲੱਖ 80 ਹਜ਼ਾਰ ਦੇ ਕਰੀਬ ਲੋਕ ਤੁਰਕੀ ਭੱਜ ਗਏ ਹਨ। ਹਾਲ ਹੀ ਵਿੱਚ ਹੋਈ ਲੜਾਈ ਤੋਂ ਬਾਅਦ 2000 ਸੀਰੀਆਈ ਕੁਰਦ ਸ਼ਹਿਰ ਛੱਡ ਗਏ ਹਨ।