ਅੰਮ੍ਰਿਤਸਰ – ਅੰਮ੍ਰਿਤਸਰ ਸ਼ਹਿਰ ਦੇ ਸੰਸਥਾਪਕ ਚੌਥੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਭਾ ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਗਿਆ।ਅੰਮ੍ਰਿਤ ਵੇਲੇ ਤੋਂ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਵਿੱਤਰ ਸਰੋਵਰ ‘ਚ ਇਸ਼ਨਾਨ ਕੀਤੇ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ।
ਇਸ ਪਵਿੱਤਰ ਦਿਹਾੜੇ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਸਵੇਰੇ ੮.੩੦ ਤੋਂ ਦੁਪਹਿਰ ੧੨ ਵਜੇ ਤੀਕ ਸੁੰਦਰ ਜਲੌ ਸਜਾਏ ਗਏ।ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ।ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਭਰ ਤੋਂ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਬੱਚਿਆਂ ਦੇ ਕਰਵਾਏ ਗਏ ਸ਼ਬਦ ਗਾਇਨ , ਪੇਂਟਿੰਗ, ਕੁਇਜ਼, ਕਵੀਸ਼ਰੀ, ਭਾਸ਼ਨ ਪ੍ਰਤੀਯੋਗਤਾ ਆਦਿ ਸਬੰਧੀ ਕਰਵਾਏ ਗਏ ਮੁਕਾਬਲਿਆਂ ਦੌਰਾਨ ਜਿਹੜੇ ਬੱਚਿਆਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਸੀ, ਉਨ੍ਹਾਂ ਬੱਚਿਆਂ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਸਨਮਾਨ ਚਿੰਨ੍ਹ, ਪ੍ਰਮਾਣ ਪੱਤਰ ਤੇ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਨਾਲ ਸਨਮਾਨਿਤ ਕੀਤਾ।ਰਾਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਮੋਹਕ ਦੀਪਮਾਲਾ ਕੀਤੀ ਗਈ ਅਤੇ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਆਤਿਸ਼ਬਾਜੀ ਵੀ ਚਲਾਈ ਗਈ।ਇਸ ਪਾਵਨ ਦਿਹਾੜੇ ਨੂੰ ਸਮਰਪਿਤ ਸ਼ਹਿਰ ਦੀਆਂ ਵੱਖ=ਵੱਖ ਸਭਾ ਸੁਸਾਇਟੀਆਂ ਤੇ ਧਾਰਮਿਕ ਜਥੇਬੰਦੀਆਂ ਨੇ ਬੜੀ ਸ਼ਰਧਾ ਭਾਵਨਾ ਨਾਲ ਥਾਂ-ਥਾਂ ਲੰਗਰ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂੰਹ ਵਿੱਚ ਸੰਗਤਾਂ ਦੀ ਸਿਹਤ ਸਹੂਲਤ ਲਈ ਮੈਡੀਕਲ ਕੈਂਪ ਵੀ ਲਗਾਏ ਗਏ।
ਜ਼ਿਕਰਯੋਗ ਹੈ ਕਿ ਹਰ ਸਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਅਵਤਾਰ ਦਿਹਾੜੇ ਤੇ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਦੀ ਕਾਰਜ ਕੁਸ਼ਲਤਾ ਨੂੰ ਨਿਖਾਰਨ ਅਤੇ ਗੁਰਮਤਿ ਵਿਦਿਆ ਵਿੱਚ ਪਰਪੱਕ ਕਰਨ ਵਾਸਤੇ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਹਨ।ਇਨ੍ਹਾਂ ਮੁਕਾਬਲਿਆਂ ਵਿੱਚ ਡਾ: ਇੰਦਰਜੀਤ ਸਿੰਘ ਗੋਗੋਆਣੀ, ਸ. ਗੁਰਜੰਟ ਸਿੰਘ, ਬੀਬੀ ਰੂਪਿੰਦਰ ਕੌਰ, ਬੀਬੀ ਮਨਮੋਹਨ ਕੌਰ, ਸ. ਸੁਰਿੰਦਰ ਸਿੰਘ ਨਿਮਾਣਾ, ਸ. ਗੁਰਿੰਦਰਪਾਲ ਸਿੰਘ ਬੈਂਕਾ, ਭਾਈ ਰਵੇਲ ਸਿੰਘ, ਭਾਈ ਜਸਪਿੰਦਰ ਸਿੰਘ, ਬੀਬੀ ਹਰਲੀਨ ਕੌਰ, ਬੀਬੀ ਮਨਜੀਤ ਕੌਰ, ਬੀਬੀ ਅਮਰਜੀਤ ਕੌਰ, ਬੀਬੀ ਰਣਜੀਤ ਕੌਰ, ਸ. ਸਤਵਿੰਦਰ ਸਿੰਘ, ਬੀਬੀ ਕਿਰਨਦੀਪ ਕੌਰ ਅਤੇ ਸਟੇਜ ਸਕੱਤਰ ਭਾਈ ਤਰਸੇਮ ਸਿੰਘ, ਸ. ਬਖਸ਼ੀਸ਼ ਸਿੰਘ, ਸ. ਹਰਿੰਦਰਪਾਲ ਸਿੰਘ, ਸ. ਭੂਪਿੰਦਰਜੀਤ ਸਿੰਘ, ਸ. ਬਲਵਿੰਦਰ ਸਿੰਘ, ਸ. ਬਰਿੰਦਰਪਾਲ ਸਿੰਘ ਆਦਿ ਜੱਜਾਂ ਦੀ ਮੁੱਖ ਭੂਮਿਕਾ ਨਿਭਾਉਂਦੇ ਹਨ ਇਨ੍ਹਾਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਸ. ਮਨਜੀਤ ਸਿੰਘ ਸਕੱਤਰ ਨੇ ਸਨਮਾਨਿਤ ਕੀਤਾ।
ਇਸ ਮੌਕੇ ਸ. ਸਕੱਤਰ ਸਿੰਘ ਮੀਤ ਸਕੱਤਰ, ਸ. ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ, ਸ. ਬੇਅੰਤ ਸਿੰਘ ਅਨੰਦਪੁਰੀ ਅਤੇ ਸ. ਜਤਿੰਦਰ ਸਿੰਘ ਐਡੀ: ਮੈਨੇਜਰ, ਸ. ਹਰਮਿੰਦਰ ਸਿੰਘ ਮੂਧਲ ਸੁਪ੍ਰਿੰਟੈਂਡੈਂਟ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਸੁਪਰਵਾਈਜ਼ਰ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।