ਨਵੀਂ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਵਿਚਕਾਰ ਤਰੇੜਾਂ ਜਿਸ ਪੱਧਰ ਤੇ ਪੁੱਜ ਗਈਆਂ ਹਨ ਉਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਬਣਨੀ ਲੱਗਭੱਗ ਤਹਿ ਹੈ ਕਿਉਂਕਿ ਮੋਦੀ ਦੀ ਹਨੇਰੀ ਥੰਮ ਹੀ ਨਹੀਂ ਚੁੱਕੀ ਸਗੋਂ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਹੋਵੇਗਾ ਜਿਸ ਦਾ ਵਕਾਰ ਤਿੰਨ ਮਹੀਨਿਆਂ ਵਿੱਚ ਹਾਸ਼ੀਏ ਤੇ ਆ ਗਿਆ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਹਰਿਆਣਾ ਤੇ ਮਹਾਂਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਮਹਾਂਰਾਸ਼ਟਰ ਵਿੱਚ ਤਾਂ ਸ਼ਿਵ ਸੈਨਾ ਤੇ ਭਾਜਪਾ ਦਾ ਕਰੀਬ ਢਾਈ ਦਹਾਕੇ ਪੁਰਾਣਾ ਗਠਜੋੜ ਕੱਚੇ ਭਾਂਡੇ ਵਾਂਗ ਟੁੱਟ ਚੁੱਕਾ ਹੈ ਪਰ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਿਸ ਤਰੀਕੇ ਨਾਲ ਅਕਾਲੀ ਭਾਜਪਾ ਵਾਲੇ ਇੱਕ ਦੂਜੇ ਉਪਰ ਦੂਸ਼ਣਬਾਜੀ ਕਰ ਰਹੇ ਹਨ ਉਸ ਨੂੰ ਲੈ ਕੇ ਪੰਜਾਬ ਵਿੱਚ ਵੀ ਦੋਹਾਂ ਧਿਰਾਂ ਦਾ ਤਲਾਕ ਕਿਸੇ ਵੇਲੇ ਵੀ ਹੋ ਸਕਦਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਜਿੰਨੇ ਵੀ ਵਾਅਦੇ ਕੀਤੇ ਹਨ ਸਾਰੇ ਹੀ ਸ਼ੇਖ ਚਿੱਲੀ ਵਾਂਗ ਝੂਠੇ ਸਾਬਤ ਹੋਏ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਉਹ ਸਰਕਾਰ ਬਣਨ ਤੋਂ ਬਾਅਦ ਸੌ ਦਿਨਾਂ ਦੇ ਅੰਦਰ ਅੰਦਰ ਵਿਦੇਸ਼ੀ ਬੈਕਾਂ ਵਿੱਚ ਪਿਆ ਕਾਲਾ ਧੰਨ ਦੇਸ਼ ਵਿੱਚ ਵਾਪਸ ਲੈ ਕੇ ਆਉਣਗੇ ਅਤੇ ਨਾਲ ਹੀ ਇਹ ਵੀ ਐਲਾਨ ਕੀਤਾ ਸੀ ਕਿ ਜੇਕਰ ਉਹ ਅਜਿਹਾ ਨਾਂ ਕਰ ਸਕੇ ਤਾਂ ਉਹ ਆਪਣੀ ਸਜਾ ਖੁਦ ਫਾਂਸੀ ਨਿਰਧਾਰਿਤ ਕਰ ਲੈਣਗੇ। ਉਹਨਾਂ ਕਿਹਾ ਕਿ ਸੌ ਦਿਨ ਤੋਂ ਵੀ ਵਧੇਰੇ ਦਿਨ ਲੰਘ ਚੁੱਕੇ ਹਨ ਪਰ ਵਿਦੇਸ਼ੀ ਬੈਂਕਾਂ ਵਿੱਚੋਂ ਇੱਕ ਪੈਨੀ ਵੀ ਵਾਪਸ ਨਹੀ ਆਈ। ਹੁਣ ਇਸ ਬਾਰੇ ਪ੍ਰਧਾਨ ਮੰਤਰੀ ਨੂੰ ਹਰਿਆਣਾ ਤੇ ਮਹਾਂਰਾਸ਼ਟਰ ਦੀਆਂ ਚੋਣ ਰੈਲੀਆਂ ਦੌਰਾਨ ਆਪਣੇ ਭਾਸ਼ਣਾਂ ਵਿੱਚ ਲੋਕਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹਨਾਂ ਦਾ ਅਗਲਾ ਪ੍ਰੋਗਰਾਮ ਕੀ ਹੈ?
ਉਹਨਾਂ ਪੰਜਾਬ ਵਿੱਚ ਕਾਬਜ ਧਿਰ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦਿਆਂ ਕਿਹਾ ਕਿ ਉਹਨਾਂ ਨੇ ਚੋਣਾਂ ਸਮੇਂ ਪੰਜਾਬ ਦੇ ਲੋਕਾਂ ਨਾਲ ਕਈ ਪ੍ਰਕਾਰ ਦੇ ਵਾਅਦੇ ਕੀਤੇ ਸਨ ਪਰ ਉਹਨਾਂ ਵਿੱਚੋਂ ਇੱਕ ਵੀ ਵਫਾ ਨਹੀਂ ਹੋਇਆ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਗਠਜੋੜ ਸਰਕਾਰ ਚਲਾ ਰਿਹਾ ਹੈ ਅਤੇ ਹਰਿਆਣਾ ਵਿੱਚ ਦੋਵੇ ਆਹਮੋ ਸਾਹਮਣੇ ਹਨ। ਉਹਨਾਂ ਕਿਹਾ ਕਿ ਹੁਣ ਤਾਂ ਪੰਜਾਬ ਵਿੱਚ ਬਾਦਲ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਧਾਂਦਲੀਆ ਦਾ ਕੋਈ ਵੀ ਪਰਦਾ ਨਹੀਂ ਰਿਹਾ ਸਗੋ ਸੱਚਾਈ ਸਾਹਮਣੇ ਆ ਚੁੱਕੀ ਹੈ ਕਿਉਕਿਂ ਭਾਜਪਾ ਦਾ ਸਟਾਰ ਕੈਂਪੇਨਰ ਤੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਜਨਤਕ ਤੌਰ ਤੇ ਅਕਾਲੀ ਦਲ ਬਾਦਲ ਦੀ ਲੁੱਟ ਦਾ ਭਾਂਡਾ ਚੁਹਾਹੇ ਵਿੱਚ ਫੋੜਦਿਆਂ ਦੋਸ਼ ਲਗਾ ਰਿਹਾ ਹੈ ਕਿ ਬਾਦਲਾਂ ਨੇ ਪੰਜਾਬ ਵਿੱਚ ਭੂ ਮਾਫੀਆ,ਰੇਤ ਮਾਫੀਆ, ਟਰਾਂਸਪੋਰਟ ਮਾਫੀਆ , ਸ਼ਰਾਬ ਮਾਫੀਆ ਆਦਿ ਚਲਾਇਆ ਹੋਇਆ ਜਿਸ ਨਾਲ ਪੰਜਾਬ ਕੰਗਾਲ ਹੋ ਰਿਹਾ ਹੈ ਪਰ ਬਾਦਲ ਪਰਿਵਾਰ ਤੇ ਉਸ ਦੇ ਕਰਿੰਦੇ ਅਮੀਰ ਹੋ ਰਹੇ ਹਨ।ਸ੍ਰੀ ਸਿੱਧੂ ਨੇ ਤਾਂ ਬਾਦਲਾਂ ਦੀਆ ਚੋਰੀਆਂ ਡਾਕਿਆਂ ਦੀ ਬਿੱਲੀ ਨੂੰ ਥੈਲਿਉ ਬਾਹਰ ਲਿਆਂਉਦਿਆ ਹਰਿਆਣੇ ਦੇ ਲੋਕਾਂ ਨੂੰ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਜੇਕਰ ਹਰਿਆਣਾ ਦੇ ਲੋਕਾਂ ਨੇ ਖੁਦਾ ਨਾ ਖਾਸਤਾ ਸਰਕਾਰ ਬਣਾਉਣ ਦਾ ਫਤਵਾ ਬਾਦਲ ਗੈਂਗ ਦੇ ਹੱਕ ਵਿੱਚ ਦੇ ਦਿੱਤਾ ਤਾਂ ਫਿਰ ਇਹਨਾਂ ਨੇ ਰਲ ਕੇ ਪੰਜਾਬ ਦੀ ਤਰਾਂ ਹਰਿਆਣੇ ਨੂੰ ਵੀ ਰੱਜ ਕੇ ਲੁੱਟਣਾ ਹੈ ਤੇ ਵਿਰੋਧ ਕਰਨ ਤੇ ਦੱਬ ਕੇ ਕੁੱਟਣਾ ਹੈ। ਹੁਣ ਫੈਸਲਾ ਹਰਿਆਣੇ ਦੇ ਲੋਕਾਂ ਨੇ ਕਰਨਾ ਹੈ ਕਿ ਹਰਿਆਣੇ ਨੂੰ ਕੰਗਾਲ ਕਰਨਾ ਹੈ ਜਾਂ ਵਿਕਾਸ ਕਰਨਾ ਹੈ।
ਉਹਨਾਂ ਗੁਜਰਾਤ ਦੇ ਅਖੌਤੀ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਹਰਿਆਣਾ ਸਰਕਾਰ ਦੀ ਹੁੱਡਾ ਸਰਕਾਰ ਵੱਲੋ ਕੀਤੇ ਗਏ ਹਰਿਆਣੇ ਦੇ ਵਿਕਾਸ ਦੇ ਸਾਹਮਣੇ ਮੋਦੀ ਦੀ ਗੁਜਤਾਰ ਦੀ ਵਿਕਾਸ ਪੂਰੀ ਤਰਾਂ ਜੀਰੋ ਹੈ। ਉਹਨਾਂ ਕਿਹਾ ਕਿ ਹਰਿਆਣਾ ਅੱਜ ਦੇਸ਼ ਦੇ ਅੰਨਦਾਤਾ ਅਖਵਾਂਉਦੇ ਪੰਜਾਬ ਨੂੰ ਹਰ ਖੇਤਰ ਵਿੱਚ ਅੱਗੇ ਲੰਘ ਚੁੱਕਾ ਹੈ ਕਿ ਸਨਅੱਤੀ ਖੇਤਰ ਦੇ ਵਿਕਾਸ ਵਿੱਚ ਹਰਿਆਣੇ ਨੇ ਦੇਸ਼ ਦੇ ਸਭ ਸੂਬਿਆਂ ਨਾਲੋਂ ਵੱਧ ਵਿਕਾਸ ਹੁੱਡਾ ਸਰਕਾਰ ਦੇ ਸਮੇਂ ਹੀ ਕੀਤਾ ਹੈ। ਉਹਨਾਂ ਕਿਹਾ ਕਿ ਕੰਧ ਤੇ ਲਿਖੇ ਵਾਂਗ ਹੁਣ ਤਾਂ ਸਪੱਸ਼ਟ ਹੋ ਚੁੱਕਾ ਹੈ ਕਿ ਹੁੱਡਾ ਸਰਕਾਰ ਹੈਟਰਿਕ ਬਣਾ ਕੇ ਲੋਕ ਸੇਵਾ ਕਰੇਗੀ ਤੇ ਬਾਦਲਾਂ ਤੇ ਮੋਦੀਆਂ ਦੇ ਪੱਲੇ ਸਿਵਾਏ ਨਮੋਸ਼ੀ ਦੇ ਹੋਰ ਕੁਝ ਨਹੀਂ ਪਵੇਗਾ।