ਨਵੀਂ ਦਿੱਲੀ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਦੀ ਪ੍ਰੀਮੀਅਰ ਬੀਬੀ ਕ੍ਰਿਸਟੀ ਕਲਾਰਕ ਨੇ ਉਚਪਧੱਰੀ ਵਫ਼ਦ ਦੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਕਾਲ ਪੁਰਖ ਦੇ ਚਰਣਾ ‘ਚ ਆਪਣਾ ਆਕਿਦਾ ਭੇਂਟ ਕਰਨ ਦੌਰਾਨ ਸਿੱਖ ਧਰਮ ਤੋਂ ਪ੍ਰਭਾਵਿਤ ਹੋਣ ਦੀ ਵੀ ਗੱਲ ਕੀਤੀ। ਗੁਰਦੁਆਰਾ ਸਾਹਿਬ ਪੁੱਜਣ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਕਾਰਜਕਾਰੀ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ ਅਤੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ ਨੇ ਕਲਾਰਕ ਨੂੰ ਸਿਰੋਪਾ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ। ਦੋ ਦਿਨ ਦੀ ਭਾਰਤ ਯਾਤਰਾ ਤੇ ਆਏ ਕਲਾਰਕ ਨੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ‘ਚ ਹਾਜ਼ਰੀ ਭਰਣ ਦੌਰਾਨ ਕੀਰਤਨ ਅਤੇ ਹੁਕਮਨਾਮਾਂ ਵੀ ਸਰਵਣ ਕੀਤਾ।
ਬਾਬਾ ਬਘੇਲ ਸਿੰਘ ਸਿੱਖ ਵਿਰਾਸਤੀ ਮਲਟੀ ਮੀਡੀਆ ਅਜਾਇਬ ਘਰ ‘ਚ ਕਲਾਰਕ ਨੇ ਸਿੱਖ ਧਰਮ ਨਾਲ ਸਬੰਧਿਤ ਇਤਿਹਾਸਿਕ ਦਸਤਾਂਵੇਜਾਂ ਨੂੰ ਧਿਆਨ ਨਾਲ ਵੇਖਦੇ ਹੋਏ ਸਿੱਖ ਧਰਮ ਨੂੰ ਇਨਸਾਫ ਅਤੇ ਭਾਈਚਾਰੇ ਦੇ ਰਾਹ ਤੇ ਚਲਣ ਵਾਲਾ ਧਰਮ ਵੀ ਦੱਸਿਆ। ਕੈਨੇਡਾ ‘ਚ ਵਸਦੇ ਪੰਜਾਬੀਆਂ ਨੂੰ ਕੈਨੇਡਾ ਦੀ ਤਰੱਕੀ ‘ਚ ਵੱਡਾ ਯੋਗਦਾਨ ਪਾਉਣ ਵਾਲੀ ਕੌਮ ਦੱਸਦੇ ਹੋਏ ਭਾਰਤੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਕੈਨੇਡਾ ਆਉਣ ਦਾ ਵੀ ਸੱਦਾ ਦਿੱਤਾ।
ਕਲਾਰਕ ਦੇ ਨਾਲ ਆਏ ਬ੍ਰਿਟਿਸ਼ ਕੋਲੰਬੀਆਂ ਦੇ ਅਗਾਹਵੱਧੂ ਸਿੱਖਿਆ ਦੇ ਮੰਤਰੀ ਅੰਮ੍ਰਿਤ ਸਿੰਘ ਵਿਰਕ, ਬੀਬੀ ਸੈਂਡੀ ਕੈਰੋਲ ਮੀਤ ਅਗਾਹਵੱਧੂ ਸਿੱਖਿਆ ਮੰਤਰੀ, ਉੱਚ ਪ੍ਰਸ਼ਾਸਨਿਕ ਅਧਿਕਾਰੀ ਫੈਜ਼ਲ ਮੀਲਹਰ, ਜੋਰਡਨ ਮੀਸਪੀ, ਬੈਨ ਚਿਨ, ਬਰਿੰਦਰ ਸਿੰਘ ਭੁੂਲਰ, ਮਨਜੀਤ ਸਿੰਘ ਗਿੱਲ, ਮਾਰਟਿਨ ਸਿਮਪੰਸਨ, ਸਟ੍ਰੀਵਰਟ ਬੈਕ ਅਤੇ ਭਾਰਤ ‘ਚ ਕੈਨੇਡਾ ਦੇ ਕਾਰਜਕਾਰੀ ਸਫੀਰ ਜੈਸ ਡੂਟਨ ਵੀ ਇਸ ਵਫ਼ਦ ‘ਚ ਸ਼ਾਮਿਲ ਸਨ।
ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ, ਦਿੱਲੀ ਕਮੇਟੀ ਦੇ ਕੌਮਾਂਤਰੀ ਮਾਮਲਿਆਂ ਦੇ ਸਲਾਹਕਾਰ ਪੁਨੀਤ ਸਿੰਘ ਚੰਢੋਕ ਅਤੇ ਵਿਕ੍ਰਮਜੀਤ ਸਿੰਘ ਸਾਹਨੀ ਨੇ ਆਏ ਹੋਏ ਸਾਰੇ ਮਹਿਮਾਨਾ ਨੂੰ ਜੀ ਆਇਆਂ ਕਹਿੰਦੇ ਹੋਏ ਸਿੱਖ ਵਿਰਾਸਤ ਤੋਂ ਜਾਣੁੂੰ ਕਰਵਾਇਆ।
ਕ੍ਰਿਸਟੀ ਕਲਾਰਕ ਹੋਈ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ
This entry was posted in ਭਾਰਤ.