ਲੁਧਿਆਣਾ: ਭੂਮੀ ਵਿੱਚ ਆ ਰਹੇ ਨਿਘਾਰ ਅਤੇ ਪਾਏ ਜਾਣ ਵਾਲੇ ਖੁਰਾਕੀ ਤੱਤਾਂ ਵਿੱਚ ਅਸੰਤੁਲਨ ਖੇਤੀਬਾੜੀ ਦੇ ਭਵਿੱਖ ਲਈ ਇੱਕ ਚੁਣੌਤੀ ਬਣ ਕੇ ਉੱਭਰ ਰਹੀ ਹੈ। ਇਹ ਵਿਚਾਰ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਸਹਾਇਕ ਡਾਇਰੈਕਟਰ ਜਨਰਲ ਡਾ: ਐਸ ਕੇ ਚੌਧਰੀ ਨੇ ਕਹੇ। ਡਾ: ਚੌਧਰੀ ਨੇ ਵਿਸੇਸ਼ ਤੌਰ ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ 13ਵੇਂ ਡਾ: ਆਰ ਐਸ ਮੂਰਥੀ ਯਾਦਗਾਰੀ ਲੈਕਚਰ ਦੌਰਾਨ ਇਹ ਸ਼ਬਦ ਕਹੇ। ਇਹ ਲੈਕਚਰ ਯੂਨੀਵਰਸਿਟੀ ਦੇ ਸਾਇਲ ਸਾਇੰਸਜ਼ ਵਿਭਾਗ ਦੀ ਉੱਘੀ ਜਥੇਬੰਦੀ ਵੱਲੋਂ ਆਯੋਜਿਤ ਕੀਤਾ ਗਿਆ। ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਖੋਜ ਡਾ: ਜਗਤਾਰ ਸਿੰਘ ਧੀਮਾਨ ਵਿਸ਼ੇਸ਼ ਤੌਰ ਲੈਕਚਰ ਦੌਰਾਨ ਹਾਜ਼ਰ ਸਨ।
ਡਾ: ਚੌਧਰੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਮਿੱਟੀ ਦੀ ਘਣਤਾ, ਚਿਕਨਾਈ ਦੇ ਤੱਤ, ਪਾਣੀ ਨੂੰ ਜਜ਼ਬ ਕਰਨ ਦੀ ਸਮਰੱਥਾ ਆਦਿ ਪੈਮਾਨਿਆਂ ਪੱਖੋਂ ਚੰਗੀ ਮਿੱਟੀ ਵਿੱਚ ਨਿਘਾਰ ਆ ਰਿਹਾ ਹੈ। ਉਨ੍ਹਾਂ ਚੰਗੀ ਪੈਦਾਵਾਰ ਲਈ ਤੁਪਕਾ ਸਿੰਚਾਈ, ਲੇਜ਼ਰ ਲੈਂਡ ਕਰਾਹਾ ਅਤੇ ਜ਼ੀਰੋ ਟਿੱਲੇਜ਼ ਰਾਹੀਂ ਬਿਜਾਈ ਨੂੰ ਅਪਨਾਉਣ ਨੂੰ ਕਿਹਾ । ਡਾ: ਧੀਮਾਨ ਨੇ ਡਾ: ਮੂਰਥੀ ਦਾ ਮਿੱਟੀ ਦੀ ਸੰਭਾਲ ਸੰਬੰਧੀ ਆਯੋਜਿਤ ਲੈਕਚਰ ਵਿੱਚ ਪ੍ਰਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਣ ਤੇ ਧੰਨਵਾਦ ਕੀਤਾ। ਵਿਭਾਗ ਦੇ ਮੁਖੀ ਡਾ: ਹਰਮੀਤ ਸਿੰਘ ਥਿੰਦ ਨੇ ਜਥੇਬੰਦੀ ਵੱਲੋਂ ਕੀਤੇ ਜਾ ਖੋਜ ਕਾਰਜਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।