ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੁੂਲ ਹਰੀ ਨਗਰ, ਤਿਲਕ ਨਗਰ ਤੇ ਫਤਿਹ ਨਗਰ ਜਿਨ੍ਹਾਂ ਦੀ ਮਾਨਤਾ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਕਾਰਜਕਾਲ ਦੌਰਾਨ ਫਰਵਰੀ 2011 ‘ਚ ਸਿੱਖਿਆ ਵਿਭਾਗ ਵੱਲੋਂ ਸਟਾਫ ਨੂੰ 6ਵੇਂ ਪੈ ਕਮੀਸ਼ਨ ਦੇ ਹਿਸਾਬ ਨਾਲ ਵੇਤਨ ਨਾ ਦੇਣ ਕਰਕੇ ਖਾਰਿਜ ਹੋਈ ਸੀ, ਦੀ ਮਾਨਤਾ ਨੂੰ ਸਿੱਖਿਆਂ ਵਿਭਾਗ ਵੱਲੋਂ ਕਮੇਟੀ ਨੇ ਜੱਦੋਜਹਿਦ ਸਦਕਾ ਆਉਂਦੇ 3 ਸਾਲਾਂ ਲਈ ਮੁੜ ਤੋਂ ਬਹਾਲ ਕਰਵਾ ਲਈ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਮੇਟੀ ਦੀ ਲੀਗਲ ਐਕਸ਼ਨ ਕਮੇਟੀ ਦੇ ਕੋ-ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਮੇਟੀ ਚੋਣਾਂ ਦੌਰਾਨ ਦਿੱਲੀ ਦੀ ਸੰਗਤ ਨੂੰ ਕਮੇਟੀ ਦੇ ਵਿਦਿਅਕ ਅਦਾਰਿਆਂ ‘ਚ ਮਿਆਰੀ ਸਿੱਖਿਆ ਦੇਣ, ਨਵੀਂ ਨੁਹਾਰ ਲਿਆਉਣ ਅਤੇ ਸਟਾਫ ਨੂੰ ਤਮਾਮ ਸੁਵਿਧਾਵਾਂ ਦੇਣ ਦੇ ਭਰੋਸੇ ਨੂੰ ਸਿਰੇ ਚੜਾਉਣ ਲਈ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਜੰਗੀ ਪੱਧਰ ਤੇ ਕਾਰਜ ਕਰਦੇ ਹੋਏ ਜਿਥੇ ਸਟਾਫ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ, ਉਥੇ ਹੀ ਵਿਦਿਆਰਥੀਆਂ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਕੂਲਾਂ ਦੀ ਮਾਨਤਾਂ ਨੂੰ ਬਹਾਲ ਕਰਵਾਉਣ ਦੇ ਰਸਤੇ ‘ਚ ਆ ਰਹੀਆਂ ਔਂਕੜਾਂ ਨੂੰ ਦੂਰ ਕਰਨ ਲਈ ਪੂਰੀ ਤਨਦੇਹੀ ਨਾਲ ਕਾਰਜ ਕੀਤਾ।
ਜੌਲੀ ਨੇ ਇਸ ਮਸਲੇ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਦਿੱਲੀ ਹਾਈ ਕੋਰਟ ‘ਚ 2012 ਤੋਂ ਚਲ ਰਹੇ ਤਿੰਨਾਂ ਸਕੂਲਾਂ ਦੀ ਮਾਨਤਾ ਨੂੰ ਰੱਦ ਕਰਨ ਬਾਰੇ ਮੁਕਦਮਿਆਂ ‘ਚ ਸਕੂਲ ਸੋਸਾਇਟੀ ਵੱਲੋਂ ਬੀਤੇ ਦਿਨੀ ਸਟਾਫ ਨੂੰ 6ਵੇਂ ਪੈ ਕਮੀਸ਼ਨ ਦੇ ਹਿਸਾਬ ਨਾਲ ਮਿਤੀ 1 ਮਈ 2014 ਤੋਂ ਦਿੱਤੇ ਜਾ ਰਹੇ ਵੇਤਨ ਦੀ ਜਾਣਕਾਰੀ ਦੇਣ ਵਾਲੇ ਹਲਫ਼ਨਾਮੇ ਨੂੰ ਦਾਖਿਲ ਕਰਨ ਉਪਰੰਤ ਮਾਨਯੋਗ ਕੋਰਟ ਵੱਲੋਂ ਇਸ ਮਸਲੇ ਤੇ ਡਾਇਰੈਕਟਰ ਐਜੂਕੇਸ਼ਨ ਨਾਲ ਮੀਟਿੰਗ ਕਰਕੇ ਮਸਲੇ ਦਾ ਹੱਲ ਕੱਢਣ ਦੇ ਆਦੇਸ਼ ਦਿੱਤੇ ਗਏ ਸਨ।
ਜਿਸ ਉਪਰੰਤ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ ਦੀ ਅਗਵਾਈ ਹੇਠ ਗਏ ਇਕ ਵਫ਼ਦ ਨੇ ਡਾਇਰੈਕਟਰ ਐਜੁੂਕੇਸ਼ਨ ਪਦਮਨੀ ਸਿੰਗਲਾ ਨਾਲ ਮੁਲਾਕਾਤ ਕਰਕੇ ਸਟਾਫ ਨੂੰ ਮਈ ਮਹੀਨੇ ਤੋਂ 6ਵੇਂ ਪੈਅ ਕਮੀਸ਼ਨ ਦੇ ਹਿਸਾਬ ਨਾਲ ਵੇਤਨ ਦੇਣ ਸਣੇ ਸਕੂਲਾਂ ਦੇ ਮਾਲੀ ਹਾਲਾਤਾਂ ਅਤੇ ਫਤਹਿ ਨਗਰ ਸਕੂਲ ਦੀ ਨਵੀਂ ਉਸਾਰੀ ਗਈ ਬਿਲਡਿੰਗ ਦੀ ਵੀ ਜਾਣਕਾਰੀ ਦਿੱਤੀ। ਜਿਸ ਉਪਰੰਤ ਡਾਇਰੈਕਟਰ ਐਜੂਕੇਸ਼ਨ ਵੱਲੋਂ 31 ਮਾਰਚ 2017 ਤੱਕ ਤਿੰਨਾਂ ਸਕੁੂਲਾਂ ਦੀ ਮਾਨਤਾ ਨੂੰ ਬਹਾਲ ਕਰ ਦਿੱਤਾ ਗਿਆ। ਇਸ ਵਫ਼ਦ ‘ਚ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਐਜੂਕੇਸ਼ਨ ਵਿੰਗ ਦੇ ਚੇਅਰਮੈਨ ਗੁਰਵਿੰਦਰ ਪਾਲ ਸਿੰਘ, ਤਿਲਕ ਨਗਰ ਸਕੂਲ ਦੇ ਚੇਅਰਮੈਨ ਇੰਦਰਜੀਤ ਸਿੰਘ ਮੌਂਟੀ ਅਤੇ ਸਕੂਲ ਸੋਸਾਇਟੀ ਦੀ ਸਕੱਤਰ ਜਸਮੀਤ ਕੌਰ ਮੌਜੂਦ ਸਨ। ਜੌਲੀ ਨੇ ਸਿੰਗਲਾ ਦਾ ਵਿਦਿਆਰਥੀਆਂ ਦੇ ਵਡੇਰਾਂ ਹਿੱਤਾਂ ਨੂੰ ਧਿਆਨ ‘ਚ ਰੱਖਦੇ ਹੋਏ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕਰਨ ਦੇ ਨਾਲ ਹੀ ਕਮੇਟੀ ਤੇ ਇਸ ਬੇਲੋੜੀ ਮੁਕਦਮੇਬਾਜ਼ੀ ਕਰਕੇ ਪੈ ਰਹੇ ਖਰਚਿਆਂ ਤੋਂ ਪਿੰਡ ਛੁਟੱਣ ਤੇ ਵੀ ਖੁਸ਼ੀ ਜਤਾਈ।