ਸਿਹਤ ਮੰਤਰੀ ਪੰਜਾਬ ਦਾ ਕੁੱਝ ਦਿਨ ਪਹਿਲਾ ਬਿਆਨ ਆਇਆ ਸੀ ਕਿ ਮਿਲਾਵਟ ਖੋਰਾਂ ਤੇ ਕਾਰਵਾਈ ਕੀਤੀ ਜਾਵੇਗੀ ਪਰ ਸਿਹਤ ਮੰਤਰੀ ਦੇ ਬਿਆਨ ਦੇ ਬਾਵਜੂਦ ਪੰਜਾਬ ਭਰ ਵਿੱਚ ਮਿਲਾਵਟ ਦਾ ਧੰਦਾ ਪੁਰੇ ਜੋਰਾਂ ਨਾਲ ਜਾਰੀ ਹੈ ਅਤੇ ਇਸ ਨੂੰ ਰੋਕਣ ਦੇ ਨਾਮ ਤੇ ਮਹਿਕਮੇ ਵੱਲੋ ਮਹਿਜ ਕੁਝ ਸੈਂਪਲ ਭਰਨ ਦਾ ਡਰਾਮਾ ਜਰੂਰ ਹੋ ਰਿਹਾ ਹੈ। ਪੰਜਾਬ ਭਰ ਵਿੱਚ ਹੀ ਭਰੇ ਗਏ ਸੈਂਪਲਾਂ ਅਤੇ ਖਾਣ ਪੀਣ ਵਾਲਾ ਸਮਾਨ ਵੇਚਣ ਵਾਲੀਆਂ ਦੁਕਾਨਾਂ ਦੀ ਗਿਣਤੀ ਦੀ ਤੁਲਨਾ ਕੀਤੀ ਜਾਵੇ ਤਾਂ ਉਸ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਕਈ ਕਈ ਸਾਲ ਤਾਂ ਕਈ ਦੁਕਾਨਾਂ ਦੇ ਸੈਪਲ ਤਾਂ ਇੱਕ ਵਾਰ ਵੀ ਨਹੀਂ ਭਰੇ ਜਾਂਦੇ। ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਮਿਲਾਵਟੀ ਦੁੱਧ, ਦਹੀ, ਮਠਿਆਈਆਂ ਧੱੜਲੇ ਨਾਲ ਵਿੱਕ ਰਹੀਆਂ ਹਨ ਅਤੇ ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਇੱਕਾ ਦੁੱਕਾ ਦਿਖਾਵਾ ਕਾਰਵਾਈ ਤੋ ਇਲਾਵਾਂ ਮਿਲਾਵਟਖੋਰਾਂ ਨੂੰ ਫੜਨ ਨੂੰ ਕੋਈ ਤਿਆਰ ਨਹੀਂ। ਇਹ ਡਰਾਮਾ ਹਰ ਸਾਲ ਹੁੰਦਾ ਹੈ ਅਤੇ ਹਰ ਸਾਲ ਲੋਕਾਂ ਨੂੰ ਕਰੋੜਾਂ ਰੁਪਏ ਦਾ ਮਿਲਾਵਟੀ ਸਮਾਨ ਖਾਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ ਅਤੇ ਲੋਕਾਂ ਦੇ ਜੀਵਨ ਨਾਲ ਇਹ ਖਿਲਵਾੜ ਲਗਾਤਾਰ ਹੋ ਰਿਹਾ ਹੈ।
ਆਰ ਟੀ ਆਈ ਰਾਹੀਂ ਪ੍ਰਾਪਤ ਸੂਚਨਾ ਵਿੱਚ ਦੱਸਿਆ ਗਿਆ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਸਿਹਤ ਵਿਭਾਗ ਆਪਣੀ ਅਸਲੀ ਡਿਉਟੀ ਹੀ ਭੁੱਲ ਜਾਂਦਾ ਹੈ ਤੇ ਦੁਸਹਿਰੇ ਅਤੇ ਦਿਵਾਲੀ ਤੋਂ ਕੁੱਝ ਦਿਨ ਪਹਿਲਾਂ ਸੈਂਪਲ ਭਰਣ ਤੇ ਜਾਂਚ ਕਰਨ ਦਾ ਕੰਮ ਇੱਕ ਸ਼ਹਿਰ ਵਿੱਚ ਤਾਂ ਪੂਰਾ ਹੀ ਬੰਦ ਕਰ ਦਿੱਤਾ ਜਾਂਦਾ ਹੈ। ਜਦੋਂ ਕਿ ਇਹਨਾਂ ਦਿਨਾਂ ਵਿੱਚ ਹੀ ਤਾਂ ਸੱਭ ਤੋਂ ਵੱਧ ਜਾਂਚ ਜਰੁਰੀ ਹੁੰਦੀ ਹੈ। ਜਿਵੇਂਕਿ 2009 ਵਿੱਚ ਦੁਸਹਿਰੇ ਅਤੇ ਦਿਵਾਲੀ ਦੇ ਦਿਨਾਂ ਵਿੱਚ ਮਿਠਾਈਆਂ ਵਿੱਚ ਮਿਲਾਵਟ ਕਰਨ ਦੀ ਖੁੱਲੀ ਛੂਟ ਦੇ ਦਿੱਤੀ ਗਈ ਤੇ ਦੁਸਹਿਰੇ ਤੋਂ ਮਹੀਨਾ ਪਹਿਲਾਂ ਤੋਂ ਹੀ ਕਿਸੇ ਮਠਿਆਈ ਵਾਲੇ ਦਾ ਕੋਈ ਸੈਂਪਲ ਨਹੀਂ ਭਰਿਆ ਗਿਆ। ਇਸੇ ਤਰ੍ਹਾਂ ਦਿਵਾਲੀ ਤੋਂ 15 ਦਿਨ ਪਹਿਲਾਂ ਸਿਰਫ 3 ਮਠਿਆਈ ਵਾਲਿਆਂ ਦੇ ਸੈਂਪਲ ਭਰੇ ਗਏ ਤੇ ਮੁੜ ਦਿਵਾਲੀ ਤੱਕ ਕਿਸੇ ਮਠਿਆਈ ਵਾਲੇ ਦਾ ਕੋਈ ਸੈਂਪਲ ਨਹੀਂ ਲਿਆ ਗਿਆ।
2010 ਵਿੱਚ ਦੁਸਹਿਰਾ 17 ਅਕਤੂਬਰ ਦਾ ਸੀ ਤੇ ਦੁਸਹਿਰੇ ਤੋਂ 20 ਦਿਨ ਪਹਿਲਾਂ ਹੀ ਸਿਹਤ ਵਿਭਾਗ ਨੇ ਮਿਠਾਈਆਂ ਵਾਲਿਆਂ ਵਲੋਂ ਆਪਣੀਆਂ ਅੱਖਾਂ ਮੀਟ ਲਈਆਂ ਸਨ ਤੇ ਦੁਸਹਿਰੇ ਤੱਕ ਕਿਸੇ ਵੀ ਮਠਿਆਈ ਵਾਲੇ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਸੈਂਪਲ ਨਹੀਂ ਭਰਿਆ ਗਿਆ। ਇਸੇ ਤਰ੍ਹਾਂ ਦਿਵਾਲੀ ਸੀ 5 ਨਵੰਬਰ ਦੀ ਤੇ ਦਿਵਾਲੀ ਤੋਂ ਚਾਰ ਦਿਨ ਪਹਿਲਾਂ ਜੋ ਸੈਂਪਲ ਭਰੇ ਗਏ ਉਹਨਾਂ ਦੀ ਸੂਚਨਾ ਵੀ ਹੈਰਾਨੀਜਨਕ ਸੀ ਕਿ ਉਹਨਾਂ ਵਿੱਚ ਸਿਰਫ ਦੋ ਹੀ ਮਠਿਆਈ ਵਾਲਿਆਂ ਦੇ ਸੈਂਪਲ ਭਰੇ ਗਏ। 2010 ਵਿੱਚ ਦੁਸਹਿਰੇ ਤੋਂ 20 ਦਿਨ ਪਹਿਲਾਂ ਤੋਂ ਸਾਲ ਮੁੱਕਣ ਤੱਕ ਤਕਰੀਬਨ ਤਿੰਨ ਸਵਾ ਤਿੰਨ ਮਹੀਨਿਆਂ ਵਿੱਚ ਬਸ ਦੋ ਮਿਠਾਈਆਂ ਵਾਲੇ ਦੇ ਹੀ ਸੈਂਪਲ ਭਰੇ ਗਏ ਤੇ ਬਾਕੀ ਖਾਣ ਪੀਣ ਤੇ ਸਮਾਨ ਦੇ ਵੀ ਨਾਮ ਮਾਤਰ ਹੀ ਸੈਂਪਲ ਭਰੇ ਗਏ।
2011 ਵਿੱਚ ਦੁਸਹਿਰਾ ਸੀ 6 ਅਕਤੂਬਰ ਦਾ ਤੇ ਦਿਵਾਲੀ 26 ਅਕਤੂਬਰ ਦੀ। ਵਿਭਾਗ ਵਲੋਂ 15 ਸਤੰਬਰ ਨੂੰ 4 ਦੁਕਾਨਦਾਰਾਂ ਦੇ ਤੇ 21 ਸਤੰਬਰ ਨੂੰ ਸਿਰਫ 7 ਦੁਕਾਨਦਾਰਾਂ ਦੇ ਸੈਂਪਲ ਭਰੇ ਗਏ। ਇਸ ਤੋਂ ਬਾਦ 3 ਅਕਤੂਬਰ ਨੂੰ 8 ਦੁਕਾਨਦਾਰਾਂ ਦੇ ਸੈਂਪਲ ਭਰੇ ਗਏ ਜਿਹਨਾਂ ਵਿੱਚੋਂ ਇੱਕ ਵੀ ਕਿਸੇ ਮਠਿਆਈਆਂ ਵਾਲੇ ਦਾ ਨਹੀਂ ਸੀ। ਇਸੇ ਤਰ੍ਹਾਂ ਦਿਵਾਲੀ ਤੋਂ ਪੰਜ ਦਿਨ ਪਹਿਲਾਂ 21 ਅਕਤੂਬਰ ਤੋਂ ਬਾਦ ਦਿਵਾਲੀ ਤੱਕ ਕੋਈ ਸੈਂਪਲ ਨਹੀਂ ਭਰਿਆ ਗਿਆ। 15 ਸਤੰਬਰ ਤੋਂ 30 ਅਕਤੂਬਰ ਤੱਕ ਡੇਢ ਮਹੀਨੇ ਵਿੱਚ ਬੱਸ ਸ਼ਹਿਰ ਤੋਂ ਸਿਰਫ 4 ਸੈਂਪਲ ਹੀ ਮਠਿਆਈਆਂ ਦੇ ਸਨ।
2012 ਦੀ ਸਥਿਤੀ ਤਾਂ ਪਹਿਲਾਂ ਤੋਂ ਵੀ ਜਿਆਦਾ ਮਾੜੀ ਸੀ। ਇਸ ਵਾਰ ਮਠਿਆਈ ਵਾਲਿਆਂ ਦੇ ਨਾਲ ਨਾਲ ਸ਼ਹਿਰ ਦੇ ਸਾਰੇ ਹੀ ਖਾਣ ਪੀਣ ਵਾਲਿਆਂ ਨੂੰ ਸਿਹਤ ਵਿਭਾਗ ਵਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਪੂਰੀ ਛੂਟ ਦਿੱਤੀ ਗਈ ਤੇ ਦੁਸਹਿਰੇ ਦਿਵਾਲੀ ਦੇ ਤਿਓਹਾਰਾਂ ਦੇ ਦਿਨਾਂ ਵਿੱਚ ਸ਼ਹਿਰ ਤੋਂ ਕਿਸੇ ਵੀ ਖਾਣ ਪੀਣ ਵਾਲੀ ਚੀਜ ਦਾ ਕੋਈ ਵੀ ਸੈਂਪਲ ਨਹੀਂ ਭਰਿਆ ਗਿਆ।
2013 ਵਿੱਚ ਫਿਰ ਹਾਲ ਉਹੀ ਢਾਕ ਕੇ ਤੀਨ ਪਾਤ। ਦੁਸਹਿਰੇ ਤੋਂ 2 ਮਹੀਨੇ ਪਹਿਲਾਂ ਤੋਂ ਲੈ ਕੇ ਹੀ ਕਿਸੇ ਖਾਣ ਪੀਣ ਵਾਲੀ ਕਿਸੀ ਵੀ ਵਸਤੂ ਦਾ ਕੋਈ ਵੀ ਸੈਂਪਲ ਨਹੀਂ ਲਿਆ ਗਿਆ ਤੇ ਦਿਵਾਲੀ ਤੋਂ ਵੀ ਚਾਰ ਦਿਨ ਪਹਿਲਾਂ ਤੋਂ ਕੋਈ ਸੈਂਪਲ ਨਹੀਂ ਭਰਿਆ ਗਿਆ। ਇਸ ਸਾਲ ਦੁਸਹਿਰੇ ਤੇ ਦਿਵਾਲੀ ਦੇ ਦੌਰਾਨ ਸ਼ਹਿਰ ਦੇ ਬਸ 8 ਹੀ ਮਠਿਆਈ ਦੇ ਸੈਂਪਲ ਭਰੇ ਗਏ।
ਆਏ ਸਾਲ ਤਿਉਹਾਰਾਂ ਦੇ ਸਮੇਂ ਹੀ ਮਠਿਆਈਆਂ ਦੇ ਸੈਂਪਲ ਨਾ ਭਰੇ ਜਾਣਾ ਆਪਣੇ ਆਪ ਵਿੱਚ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਦੀ ਦਰਦਨਾਕ ਕਹਾਣੀ ਬਿਆਨ ਕਰਦਾ ਹੈ ਜਿਸਦੀ ਕਿ ਉੱਚ ਪੱਧਰੀ ਜਾਂਚ ਦੀ ਜਰੂਰਤ ਹੈ। ਹੁਣ ਵੇਖਣਾ ਇਹ ਹੈ ਕਿ ਇਸ ਵਾਰ ਵੀ ਦਿਵਾਲੀ ਤੇ ਕੋਈ ਮਠਿਆਈ ਦੇ ਸੈਂਪਲ ਭਰੇ ਜਾਂਦੇ ਹਨ ਜਾਂ ਫਿਰ ਮਿਲਾਵਟਖੋਰਾਂ ਨੂੰ ਇੱਕ ਵਾਰ ਫਿਰ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਣ ਦੀ ਖੁੱਲੀ ਛੂਟ ਦਿੱਤੀ ਜਾਂਦੀ ਹੈ। ਨਾਲ ਹੀ ਹੁਣ ਸੋਚਣਾ ਲੋਕਾਂ ਨੇ ਵੀ ਹੈ ਕਿ ਉਹਨਾਂ ਇਹ ਮਿਲਾਵਟੀ ਸਮਾਨ ਖਾ ਆਪਣੇ ਤਿਉਹਾਰਾਂ ਦੀਆਂ ਖੁਸ਼ੀਆਂ ਨੂੰ ਗਮ ਵਿੱਚ ਬਦਲਣਾ ਹੈ ਜਾਂ ਇਹਨਾਂ ਤੋਂ ਪਰਹੇਜ ਕਰਦੇ ਹੋਂਏ ਘਰ ਹੀ ਮਿੱਠਾ ਬਣਾ ਕੇ ਆਪਣੇ ਤਿਉਹਾਰ ਵਿੱਚ ਮਿਠਾਸ ਭਰਨੀ ਹੈ। ਜਦੋਂ ਤੱਕ ਲੋਕ ਮਿਲਾਵਟੀ ਸਮਾਨ ਦਾ ਬਾਈਕਾੱਟ ਨਹੀਂ ਕਰਦੇ ਇਹਨਾਂ ਮਿਲਾਵਟਖੋਰਾਂ ਨੂੰ ਸਬਕ ਵੀ ਨਹੀਂ ਮਿਲਨਾ।