ਤਲਵੰਡੀ ਸਾਬੋ : ਨੈਸ਼ਨਲ 4-ਐੱਚ ਕਲੱਬ ਐਸ਼ੋਸ਼ੀਏਸ਼ਨ ਦੇ ਪ੍ਰਸਿੱਧ ਮੈਂਬਰ ਹੁਆਂਗ ਚੰਗ-ਹਾਓ ਨੇ ਭਾਰਤੀ ਮੈਂਬਰ ਗੌਰਵ ਸਹਾਰਨ ਅਤੇ ਭਾਵੁਕ ਬਿਸ਼ਨੋਈ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ ਕੀਤਾ । ਹੁਆਂਗ ਚੰਗ-ਹਾਓ ਨੇ ਤਲਵੰਡੀ ਸਾਬੋ ਪਹੁੰਚ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ । ਯੂਨੀਵਰਸਿਟੀ ਵਿਖੇ ਪਹੁੰਚਣ ਤੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਵਫਦ ਦਾ ਨਿੱਘਾ ਸਵਾਗਤ ਕੀਤਾ ਗਿਆ ।
ਖੇਤੀਬਾੜੀ ਨਾਲ ਸਬੰਧਿਤ ਹੋਣ ਕਰਕੇ ਇਸ ਤਿੰਨ ਮੈਂਬਰੀ ਟੀਮ ਨੇ ਖੇਤੀਬਾੜੀ ਕਾਲਜ ਦੀਆਂ ਪ੍ਰਯੋਗਸ਼ਾਲਾਵਾਂ ਦੇ ਨਾਲ-ਨਾਲ ਖੇਤੀਬਾੜੀ ਫਾਰਮ ਦਾ ਦੌਰਾ ਕੀਤਾ । ਸਬੰਧਿਤ ਕਾਲਜ ਦੇ ਖੇਤੀਬਾੜੀ ਮਾਹਿਰਾਂ ਨੇ ਹੁਆਂਗ ਚੰਗ-ਹਾਓ ਨਾਲ ਨਵੀਆਂ ਖੇਤੀ ਤਕਨੀਕਾਂ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ, ਜਿਸ ਵਿਚ ਬਾਗਬਾਨੀ ਦੇ ਨਾਲ-ਨਾਲ ਤਾਈਵਾਨ ਦੀ ਚਾਹ ਦੀ ਖੇਤੀ ਕਾਫੀ ਚਰਚਾ ਵਿਚ ਰਹੀ । ਆਧੁਨਿਕ ਢੰਗ ਅਤੇ ਤਕਨੀਕੀ ਸਹੂਲਤਾਂ ਨਾਲ ਲੈਸ ਇਸ ਵਿੱਦਿਅਕ ਢਾਂਚੇ ਦੀ ਇਸ ਵਫਦ ਨੇ ਪੁਰਜ਼ੋਰ ਸ਼ਬਦਾਂ ਨਾਲ ਸ਼ਲਾਘਾ ਕੀਤੀ । ਉਨ੍ਹਾਂ ਇਹ ਵੀ ਦੱਸਿਆ ਕਿ ਇਸ ਨੈਸ਼ਨਲ 4-ਐੱਚ ਕਲੱਬ ਐਸ਼ੋਸ਼ੀਏਸ਼ਨ ਵਿਚ ਭਾਰਤ ਸਮੇਤ ਕੋਰੀਆ, ਤਾਈਵਾਨ ਅਤੇ ਇਜ਼ਰਾਈਲ ਦੇਸ਼ ਵੀ ਸ਼ਾਮਲ ਹਨ ਜੋ ਕਿ ਯੁਵਕ ਪੀੜ੍ਹੀ ਦੀਆਂ ਖੇਤੀਬਾੜੀ ਤਕਨੀਕਾਂ ਦੇ ਵਿਚਾਰ ਵਟਾਂਦਰੇ ‘ਤੇ ਕੰਮ ਕਰ ਰਹੀ ਹੈ । ਇਸ ਐਸ਼ੋਸ਼ੀਏਸ਼ਨ ਦੇ ਜ਼ਰੀਏ ਯੁਵਕ ਕਿਸਾਨ ਇਕ ਮਹੀਨੇ ਲਈ ਇਨ੍ਹਾਂ ਦੇਸ਼ਾਂ ਵਿਚ ਜਾਂਦੇ ਹਨ ਅਤੇ ਦੂਜੇ ਦੇਸ਼ਾਂ ਦੀਆਂ ਖੇਤੀਬਾੜੀ ਤਕਨੀਕਾਂ ਨਾਲ ਰੂ-ਬ-ਰੂ ਹੁੰਦੇ ਹਨ । ਜਿਸ ਸਦਕਾ ਖੇਤੀਬਾੜੀ ਦੇ ਧੰਦੇ ਨੂੰ ਉੱਚ ਪੱਧਰ ‘ਤੇ ਲਿਜਾਇਆ ਜਾ ਸਕਦਾ ਹੈ ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਨੈਸ਼ਨਲ 4-ਐੱਚ ਕਲੱਬ ਐਸ਼ੋਸ਼ੀਏਸ਼ਨ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯਕੀਨਨ ਹੀ ਇਹ ਸੰਸਥਾ ਆਪਣੇ ਵਿਚਾਰ-ਵਟਾਂਦਰੇ ਦੇ ਪ੍ਰੋਗਰਾਮਾਂ ਰਾਹੀਂ ਹਰ ਤਰ੍ਹਾਂ ਦੇ ਖੇਤੀ ਮਾਮਲਿਆਂ ਵਿਚ ਸੁਧਾਰ ਲਿਆਵੇਗੀ ।
ਮੈਨੇਜਿੰਗ ਡਾਰਿੈਕਟਰ ਸ੍ਰ. ਸੁਖਰਾਜ ਸਿੰਘ ਸਿੱਧੂ ਨੇ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਇਸ ਨੈਸ਼ਨਲ 4-ਐੱਚ ਕਲੱਬ ਐਸ਼ੋਸ਼ੀਏਸ਼ਨ ਨੂੰ ਹਰ ਸੰਭਵ ਸਹਿਯੋਗ ਦੇਵੇਗੀ ਤਾਂ ਜੋ ਯੁਵਕ ਪੀੜ੍ਹੀ ਖੇਤੀਬਾੜੀ ਸਬੰਧੀ ਵਿਚਾਰ ਵਟਾਂਦਰ ਤਹਿਤ ਸਿਰਫ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਹੀ ਨਹੀਂ ਸਗੋਂ ਪੂਰੇ ਇਲਾਜੇ ਦੇ ਵਿਦਿਆਰਥੀਆਂ ਨੂੰ ਅੱਗੇ ਵਧਣ ਦਾ ਮੌਕਾ ਮਿਲ ਸਕੇ ।