ਨਵੀਂ ਦਿੱਲੀ- ਦੇਸ਼ ਦੇ ਕਰੋੜਪਤੀ ਸੰਸਦ ਮੈਂਬਰਾਂ ਲਈ ਬਣੀ ਕੰਟੀਨ ਵਿੱਚ ਉਨ੍ਹਾਂ ਨੂੰ ਬਹੁਤ ਹੀ ਸਸਤੇ ਰੇਟ ਤੇ ਖਾਣਾ ਦਿੱਤਾ ਜਾ ਰਿਹਾ ਹੈ। ਸਾਂਸਦਾਂ ਨੂੰ ਇੱਕ ਰੁਪੈ ਵਿੱਚ ਰੋਟੀ, ਦੋ ਰੁਪੈ ਵਿੱਚ ਦਾਲ, ਦੋ ਰੁਪੈ ਵਿੱਚ ਸਾਦਾ ਵੜਾ ਅਤੇ 5 ਰੁਪੈ ਵਿੱਚ ਮਿਲਦਾ ਹੈ ਬਰੈਡ-ਬਟਰ। ਮਾਰਕਿਟ ਵਿੱਚ ਸਬਜੀਆਂ ਅਤੇ ਦਾਲਾਂ ਦੇ ਰੇਟ ਵੇਖੇ ਜਾਣ ਤਾਂ ਇਸ ਕੀਮਤ ਤੇ ਕਿਸੇ ਰੇਹੜੀ ਤੋਂ ਵੀ ਭੋਜਨ ਨਹੀਂ ਮਿਲੇਗਾ। ਪਰ ਸੰਸਦ ਦੀ ਕੰਟੀਨ ਵਿੱਚ ਇਨ੍ਹਾਂ ਰੇਟਾਂ ਤੇ ਖਾਣਾ ਮਿਲ ਰਿਹਾ ਹੈ।
ਭਾਰਤ ਦੀ ਜਨਤਾ ਦੇ ਟੈਕਸ ਦਾ ਪੈਸਾ ਇਸ ਕੰਟੀਨ ਨੂੰ ਸਬਸਿੱਡੀ ਦੇ ਰੂਪ ਵਿੱਚ ਦਿੱਤਾ ਜਾ ਰਿਹਾ ਹੈ ਤਾਂ ਜੋ ਇਹ ਵਿਚਾਰੇ ਲੋਕਾਂ ਦੇ ਸੇਵਕ ਆਪਣਾ ਪੇਟ ਭਰ ਸਕਣ। ਕਰੋੜਾਂਪਤੀ ਹੁੰਦੇ ਹੋਏ ਵੀ ਇਹ ਸਰਕਾਰੀ ਰਾਸ਼ਨ ਖਾਣ ਦੇ ਆਦੀ ਹੋ ਚੁੱਕੇ ਹਨ। ਇੱਕ ਆਰਟੀਆਰੀ ਕਾਰਜਕਰਤਾ ਨੇ ਲੋਕਸਭਾ ਦੇ ਸਪੀਕਰ ਨੂੰ ਚਿੱਠੀ ਲਿਖ ਕੇ ਸੰਸਦ ਦੀ ਕੰਟੀਨ ਤੇ ਸਵਾਲ ਉਠਾਏ ਹਨ। ਉਨ੍ਹਾਂ ਨੇ ਆਪਣੀ ਚਿੱਠੀ ਵਿੱਚ ਕਿਹਾ ਹੈ ਕਿ ਸਾਂਸਦਾਂ ਨੂੰ ਖਾਣੇ ਤੇ ਮਿਲਣ ਵਾਲੀ ਇਹ ਸਬਸਿੱਡੀ ਬੰਦ ਹੋਣੀ ਚਾਹੀਦੀ ਹੈ। ਜੇ ਆਮ ਲੋਕਾਂ ਨੂੰ ਗੈਸ, ਖਾਦ, ਬਿਜਲੀ, ਪੈਟਰੌਲ ਅਤੇ ਹੋਰ ਕਈ ਖੇਤਰਾਂ ਵਿੱਚ ਮਿਲਣ ਵਾਲੀ ਸਬਸਿੱਡੀ ਬੰਦ ਕਰਨ ਦੀਆਂ ਯੋਜਨਾਵਾਂ ਬਣਾ ਰਹੀ ਹੈ ਤਾਂ ਇਹ ਸਬਸਿੱਡੀ ਵੀ ਬੰਦ ਹੋਣੀ ਚਾਹੀਦੀ ਹੈ।