ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ‘ਚ ਤਿਹਾੜ ਜੇਲ ‘ਚ ਸਜ਼ਾ ਕਟ ਰਹੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਅੱਜ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਵਿਚ ਇਕ ਕੇਸ ਦੀ ਪੇਸ਼ੀ ਦੌਰਾਨ ਬੇੜੀਆਂ ਪਾ ਕੇ ਲਿਆਉਣ ਦਾ ਸਿੱਖ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਸ਼ ਸ਼ੁਰੂ ਹੋ ਗਿਆ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ 44 ਦਿੰਨ ਭੁੱਖ ਹੜਤਾਲ ਕਰਨ ਵਾਲੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਇਕ ਵਫ਼ਦ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਨਾਲ ਪੰਥਕ ਮਸਲਿਆਂ ਤੇ ਗੱਲਬਾਤ ਕਰਨ ਦੌਰਾਨ ਭਾਈ ਹਵਾਰਾ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਹੋਏ ਦਿੱਲੀ ਪੁਲਿਸ ਵੱਲੋਂ ਬੇੜੀਆਂ ਪਾ ਕੇ ਕੋਰਟ ‘ਚ ਪੇਸ਼ ਕਰਨ ਦੇ ਖਿਲਾਫ ਅਗਲੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਜਿੱਥੇ ਦਿੱਲੀ ਪੁਲਿਸ ਦੀ ਇਸ ਕਾਰਵਾਈ ਨੂੰ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸਾਂ ਦਾ ਉਲੰਘਣ ਕਰਾਰ ਦਿੱਤਾ ਉਥੇ ਹੀ ਭਾਈ ਹਵਾਰਾ ਦਾ ਦਿੱਲੀ ਹਾਈ ਕੋਰਟ ਦੇ ਹੁਕਮਾਂ ਤੇ ਏਮਸ ਹਸਪਤਾਲ ਵਿਖੇ ਰੀੜ ਦੀ ਹੱਡੀ ਦੇ ਚਲ ਰਹੇ ਇਲਾਜ ਦਾ ਵੀ ਹਵਾਲਾ ਦਿੱਤਾ। ਭਾਈ ਹਵਾਰਾ ਨੂੰ ਪਟਿਆਲਾ ਹਾਉਸ ਕੋਰਟ ਦੀਆਂ ਲਗਭਗ 50 ਪੌੜੀਆਂ ਰੀੜ ਦੀ ਹੱਡੀ ‘ਚ ਦਰਦ ਹੋਣ ਦੇ ਬਾਵਜੂਦ ਦਿੱਲੀ ਪੁਲਿਸ ਵੱਲੋਂ ਚੜਣ ਤੇ ਮਜਬੂਰ ਕਰਨ ਤੇ ਰਾਣਾ ਨੇ ਇਸ ਬਾਰੇ ਕਮੇਟੀ ਪ੍ਰਧਾਨ ਵੱਲੋਂ ਕੌਮੀ ਮਨੁੱਖੀ ਅਧਿਕਾਰ ਕਮੀਸ਼ਨ ਨੂੰ ਚਿੱਠੀ ਲਿੱਖਣ ਦੀ ਵੀ ਜਾਣਕਾਰੀ ਦਿੱਤੀ।
ਰਾਣਾ ਨੇ ਕਿਹਾ ਕਿ ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ ਲਈ ਅਤੇ ਗੁਰੂ ਸਾਹਿਬਾਨਾ ਨੇ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਵਾਸਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ, ਪਰ ਬੇਹਦ ਅਫਸੋਸ ਦੀ ਗੱਲ ਹੈ ਕਿ ਕੌਮ ਦੇ ਨੁਮਾਇੰਦਿਆਂ ਨੂੰ ਹੀ ਪੁਲਿਸ ਵੱਲੋਂ ਸਵਿਧਾਨ ਦੇ ਦਾਅਰੇ ਚੋਂ ਬਾਹਰ ਜਾ ਕੇ ਤੰਗ ਕਰਕੇ ਉਨ੍ਹਾਂ ਦੇ ਮੰਨਾ ਵਿਚ ਮਤਰਏ ਹੋਣ ਦਾ ਮੁਗਾਲਤਾ ਪਾਇਆ ਜਾ ਰਿਹਾ ਹੈ।