ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਸ੍ਰੀਨਗਰ ਸਥਿਤ ਹੜ੍ਹ ਪੀੜਤ ਇਲਾਕੇ ਦੇ ਪ੍ਰਭਾਵਿਤ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਉਥੇ ਵੱਧ ਰਹੀ ਠੰਡ ਦੌਰਾਨ ਤੁਰੰਤ ਰਾਹਤ ਮੁਹੱਈਆ ਕਰਨ ਲਈ ਮੁੜ ਮੁੱਖ ਮੰਤਰੀ ਜਨਾਬ ਉਮਰ ਅਬਦੁੱਲਾ ਨਾਲ ਮੁਲਾਕਾਤ ਕਰਦਿਆਂ ਸਿੱਖਾਂ ਦੇ ਮੁੜ ਵਸੇਬੇ ਲਈ ਤੁਰੰਤ ਕਾਰਗਰ ਢੰਗ ਤਰੀਕਾ ਅਪਨਾਉਣ ਦੀ ਅਪੀਲ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ। ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਮਿਲਣ ਵਾਲੇ ਸਿੱਖ ਆਗੂਆਂ ਦੀ ਟੀਮ ਵਿੱਚ ਉਨ੍ਹਾਂ ਨਾਲ ਮੀਤ ਸਕੱਤਰ ਜਗਜੀਤ ਸਿੰਘ ਜੱਗੀ ਸ਼ਾਮਲ ਸਨ।ਉਨ੍ਹਾਂ ਨੇ ਮੁੱਖ ਮੰਤਰੀ ਨੂੰ ਮਿਲ ਕੇ ਸਿੱਖਾਂ ਦੇ ਮੁੜ ਵਸੇਬੇ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ ਕਿ ਵਾਦੀ ਵਿੱਚ ਤੇਜ਼ੀ ਨਾਲ ਵੱਧ ਰਹੀ ਠੰਢ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੇ ਸਾਹ ਸੂਤੇ ਹੋਏ ਹਨ।ਮੁੱਖ ਮੰਤਰੀ ਨੇ ਸਿੱਖ ਆਗੂਆਂ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਵੱਲੋਂ ਇਸ ਸਬੰਧੀ ਕੋਸ਼ਿਸ਼ ਜਾਰੀ ਹੈ ਅਤੇ ਸਰਕਾਰ ਇਸ ਕਾਰਜ ਨੂੰ ਚੁਣੌਤੀ ਵਜੋਂ ਲੈ ਰਹੀ ਹੈ।ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਜਲਦੀ ਹੀ ਇਸ ਸਬੰਧੀ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ।ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦਾ ਧੰਨਵਾਦ ਕਰਦਿਆਂ ਆਖਿਆ ਕਿ ਸਿੱਖ ਜਥੇਬੰਦੀ ਵੱਲੋਂ ਹੜ੍ਹ ਪੀੜਤਾਂ ਨੂੰ ਰਾਹਤ ਦੇਣ ਲਈ ਕੀਤੇ ਗਏ ਕਾਰਜ ਸ਼ਲਾਘਾਯੋਗ ਹਨ।
ਸ.ਬੇਦੀ ਨੇ ਕਿਹਾ ਕਿ ਇਸ ਦੌਰਾਨ ਉਹ ਸਿੱਖ ਆਗੂ ਅਵਾਮੀ ਐਕਸ਼ਨ ਕਮੇਟੀ ਦੇ ਚੇਅਰਮੈਨ ਮੀਰ ਅਵਾਇਸ ਮੋਲਵੀ ਉਮਰ ਫਰੂਖ ਨੂੰ ਵੀ ਮਿਲੇ ਹਨ ਅਤੇ ਉਨ੍ਹਾਂ ਨੂੰ ਵੀ ਸਿੱਖ ਭਾਈਚਾਰੇ ਦੀ ਮਦਦ ਲਈ ਮੰਗ ਪੱਤਰ ਸੌਂਪਿਆ ਗਿਆ ਹੈ।ਸ। ਬੇਦੀ ਨੇ ਦੱਸਿਆ ਕਿ ਇਸ ਵੇਲੇ ਸ੍ਰੀਨਗਰ ਸਥਿਤ ਬੜਗਾਮ ਦੇ ਗੁਰਦੁਆਰੇ ਵਿੱਚ ਰਾਹਤ ਕੈਂਪ ਜਾਰੀ ਹਨ, ਜਿਸ ਦੇ ਤੀਜੇ ਪੜਾਅ ਵਿੱਚ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਕਿੱਟਾਂ ਦੇ ਨਾਲ ਗਰਮ ਬਿਸਤਰੇ ਵੰਡੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਹੁਣ ਤੱਕ ਤਿੰਨ ਪੜਾਅ ਵਿੱਚ ਰਾਹਤ ਸਮੱਗਰੀ ਵੰਡੀ ਜਾ ਚੁੱਕੀ ਹੈ।ਪਹਿਲੇ ਪੜਾਅ ਵਿੱਚ ਤਿਆਰ ਰਾਸ਼ਨ ਤੇ ਹੋਰ ਰਾਹਤ ਸਮੱਗਰੀ ਵੰਡੀ ਗਈ ਸੀ, ਜਦੋਂ ਕਿ ਦੂਜੇ ਪੜਾਅ ਵਿੱਚ ਸੁੱਕੀ ਰਸਦ ਜਿਸ ਵਿੱਚ ਰਾਸ਼ਨ ਨਾਲ ਸਬੰਧਤ ਸਮਾਨ, ਗਰਮ ਕੱਪੜੇ ਤੇ ਬਿਸਤਰੇ ਆਦਿ ਵੰਡੇ ਜਾ ਰਹੇ ਹਨ।ਇਨ੍ਹਾਂ ਵਿੱਚ ਦਸਤਾਰਾਂ, ਕਛਿਹਰੇ, ਮਫਲਰ, ਟਰੈਕ ਸੂਟ ਅਤੇ ਗਰਮ ਸ਼ਰਟਾਂ ਆਦਿ ਵੀ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਪੰਜ ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਤੀਜੇ ਗੇੜ ਵਿੱਚ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ।ਚੌਥੇ ਪੜਾਅ ਵਿੱਚ ਸਿੱਖ ਭਾਈਚਾਰੇ ਦੇ ਉਨ੍ਹਾਂ ਵਿਅਕਤੀਆਂ ਨੂੰ ਰਾਹਤ ਦੇ ਚੈਕ ਵੰਡੇ ਜਾਣਗੇ, ਜਿਨ੍ਹਾਂ ਦੇ ਘਰ ਢਹਿ-ਢੇਰੀ ਹੋ ਗਏ ਹਨ ਜਾਂ ਨੁਕਸਾਨੇ ਗਏ ਹਨ।ਇਸੇ ਤਰ੍ਹਾਂ ਜਿਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਦੀ ਮੌਤ ਹੋ ਗਈ ਹੈ, ਉਨ੍ਹਾਂ ਦੇ ਵਾਰਸਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਕਾਰਜਾਂ ਲਈ ੨ ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ।ਗੁਰਦੁਆਰਾ ਸ਼ਹੀਦ ਬੁੰਗਾ ਵਿਖੇ ਚੱਲ ਰਹੇ ਰਾਹਤ ਕੈਂਪ ਵਿੱਚ ਬਿਨਾਂ ਕਿਸੇ ਭੇਦ ਭਾਵ ਦੇ ਹਰ ਵਰਗ ਦੇ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਮੁਸਲਿਮ ਜਥੇਬੰਦੀ ਜੇ ਕੇ ਐਲ ਐਫ ਦੇ ਆਗੂ ਯਾਸੀਨ ਮਲਿਕ, ਹੁਰੀਅਤ ਕਾਨਫਰੰਸ ਦੇ ਆਗੂ ਸਈਅਦ ਅਲੀ ਸ਼ਾਹ ਗਿਲਾਨੀ, ਮੀਰ ਅਵਾਇਸ ਮੋਲਵੀ ਉਮਰ ਫਰੂਖ, ਵਿਧਾਇਕ ਜਨਾਬ ਨਾਸਿਰ ਅਸਲਮ ਵਾਨੀ ਦੀ ਮੰਗ ‘ਤੇ ਪੰਜ ਟਰੱਕ ਰਾਹਤ ਸਮੱਗਰੀ ਦੇ ਭੇਜੇ ਜਾ ਚੁੱਕੇ ਹਨ।ਇਸੇ ਤਰ੍ਹਾਂ ਜੰਮੂ-ਕਸ਼ਮੀਰ ਮਹਿਲਾ ਕਮਿਸ਼ਨ ਦੀ ਮੁੱਖੀ ਬੇਗਮ ਸਮੀਮ ਫਿਰਦੋਸ ਦੀ ਮੰਗ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਸਮੱਗਰੀ ਦਾ ਪ੍ਰਬੰਧ ਕੀਤਾ ਗਿਆ ਸੀ।ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਆਗੂਆਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਦੀ ਭਰਪੂਰ ਪ੍ਰਸੰਸਾ ਕੀਤੀ ਹੈ।