ਨਵੀਂ ਦਿੱਲੀ- ਐਨਡੀਏ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਪ੍ਰਸਿੱਧ ਵਕੀਲ ਜੇਠਮਲਾਨੀ ਨੇ ਕਾਲੇ ਧੰਨ ਦੇ ਮੁੱਦੇ ਤੇ ਵਿੱਤਮੰਤਰੀ ਅਰੁਣ ਜੇਟਲੀ ਅਤੇ ਅਟਾਰਨੀ ਜਨਰਲ ਮੁਕੁਲ ਰੋਹਤਗੀ ਤੇ ਆਰੋਪ ਲਗਾਉਂਦੇ ਹੋਏ ਕਿਹਾ ਹੈ ਕਿ ਦੋਵੇਂ ਮੋਦੀ ਨੂੰ ਗੁੰਮਰਾਹ ਕਰਦੇ ਹੋਏ ਬਲੈਕ ਮਨੀ ਖਾਤਾ ਧਾਰਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜੇਠਮਲਾਨੀ ਨੇ ਇੱਕ ਅਖ਼ਬਾਰ ਨੂੰ ਦਿੱਤੇ ਗਏ ਇੰਟਰਵਿਯੂ ਵਿੱਚ ਕਿਹਾ ਹੈ ਕਿ ਮੋਦੀ ਦੀ ਕੈਬਨਿਟ ਵਿੱਚ ਕੁਝ ਅਜਿਹੇ ਵਿਅਕਤੀ ਸ਼ਾਮਿਲ ਹਨ ਜੋ ਨਹੀਂ ਚਾਹੁੰਦੇ ਕਿ ਇਹ ਨਾਮ ਸਾਹਮਣੇ ਆਉਣ। ਇਸ ਲਈ ਮੋਦੀ ਨੂੰ ਪਹਿਲਾਂ ਆਪਣੀ ਕੈਬਨਿਟ ਦੀ ਸਫ਼ਾਈ ਕਰਨੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਬਲੈਕ ਮਨੀ ਦੇ ਮੁੱਦੇ ਤੇ ਮੋਦੀ ਸਰਕਾਰ ਵੀ ਯੂਪੀਏ ਸਰਕਾਰ ਦੇ ਰਸਤੇ ਤੇ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ, ‘ਮੋਦੀ ਨੂੰ ਪਤਾ ਨਹੀਂ ਹੈ ਕਿ ਕੀ ਹੋ ਰਿਹਾ ਹੈ। ਉਸ ਨੂੰ ਕਾਨੂੰਨ ਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਇਸ ਦੀ ਜਿੰਮੇਵਾਰੀ ਵਿੱਤ ਮੰਤਰੀ ਅਤੇ ਅਟਾਰਨੀ ਜਨਰਲ ਨੂੰ ਸੌਂਪ ਰੱਖੀ ਹੈ। ਉਹ ਦੋਵੇਂ ਆਪਣਾ ਫਰਜ਼ ਨਹੀਂ ਨਿਭਾ ਰਹੇ। ਮੋਦੀ ਨੂੰ ਇਸ ਵਿੱਚ ਸਿੱਧਾ ਦਖ਼ਲ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਸਵੱਛ ਭਾਰਤ ਤੋਂ ਪਹਿਲਾਂ ਆਪਣੀ ਕੈਬਨਿਟ ਵਿੱਚ ਵੀ ਸਫ਼ਾਈ ਕਰਨੀ ਚਾਹੀਦੀ ਹੈ।’
ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਸੁਪਰੀਮ ਕੋਰਟ ਵੱਲੋਂ ਲਗਾਈ ਗਈ ਫਿਟਕਾਰ ਤੋਂ ਬਾਅਦ ਬੁੱਧਵਾਰ ਨੂੰ ਸਵਿਸ ਬੈਂਕ ਵਿੱਚ ਅਕਊਂਟ ਰੱਖਣ ਵਾਲੇ 627 ਭਾਰਤੀਆਂ ਦੇ ਨਾਮ ਸੀਲਬੰਦ ਲਿਫ਼ਾਫ਼ੇ ਵਿੱਚ ਸੁਪਰੀਮ ਕੋਰਟ ਨੂੰ ਸੌਂਪੇ ਹਨ। ਜੇਠਮਲਾਨੀ ਨੇ ਕਿਹਾ ਕਿ ਸਰਕਾਰ ਬਲੈਕ ਮਨੀ ਖਾਤਾਧਾਰਕਾਂ ਦੇ ਨਾਮ ਸਰਵਜਨਿਕ ਨਾਂ ਕਰਨ ਦੇ ਪਿੱਛੇ ਡੀਟੀਏਏ ਸੰਧੀ ਦਾ ਬਹਾਨਾ ਬਣਾ ਰਹੀ ਹੈ, ਜਦੋਂ ਕਿ ਇਸ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ।