ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਰਨਤਾਰਨ ਦੇ ਪਿੰਡ ਯੋਧਪੁਰ ਵਿਖੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ (ਨੂਰਮਹਿਲੀਏ) ਦੇ ਪੈਰੋਕਾਰਾਂ ਅਤੇ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਵੱਲੋਂ ਸਿੱਖ ਜਥੇਬੰਦੀਆਂ ‘ਤੇ ਸਿੱਧੀਆਂ ਗੋਲੀਆਂ ਚਲਾ ਕੇ ਕੀਤੇ ਹਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਕਰੜੇ ਸ਼ਬਦਾਂ ਵਿੱਚ ਇਸ ਦੀ ਨਿਖੇਧੀ ਕੀਤੀ ਹੈ।
ਇਥੋਂ ਜਾਰੀ ਪ੍ਰੈਸ ਨੋਟ ‘ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਨੂਰਮਹਿਲੀਆਂ ਦਾ ਕੂੜ ਪ੍ਰਚਾਰ ਦਿਨੋ ਦਿਨ ਵਧ ਰਿਹਾ ਹੈ ਜਿਸ ਕਾਰਣ ਬੇਚੈਨੀ ਤੇ ਅਸ਼ਾਂਤੀ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨੂਰਮਹਿਲੀਏ ਸਿੱਖ ਧਰਮ ਦੇ ਖਿਲਾਫ਼ ਪ੍ਰਚਾਰ ਕਰਨ ਦੇ ਨਾਲ-ਨਾਲ ਸੂਬੇ ਵਿੱਚ ਅਰਾਜਕਤਾ ਵੀ ਫੈਲਾ ਰਹੇ ਹਨ।ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਨਿਹੱਥੇ ਸਿੱਖਾਂ ਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜਖ਼ਮੀ ਕੀਤਾ ਹੈ, ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਨੂਰਮਹਿਲੀਆਂ ਦੀ ਇਸ ਘਿਨਾਉਣੀ ਹਰਕਤ ਕਰਕੇ ਦੇਸ਼-ਵਿਦੇਸ਼ ਦੇ ਸਿੱਖਾਂ ਵਿੱਚ ਭਾਰੀ ਰੋਸ ਤੇ ਰੋਹ ਹੈ।ਉਨ੍ਹਾਂ ਕਿਹਾ ਕਿ ਜਥੇਬੰਦੀਆਂ ਵਲੋਂ ਜੇਕਰ ਨੂਰਮਹਿਲੀਆਂ ਦੇ ਸਮਾਗਮ ਨੂੰ ਰੋਕਣ ਬਾਰੇ ਪ੍ਰਸ਼ਾਸਨ ਨੂੰ ਅਗਾਉਂ ਸੂਚਿਤ ਕੀਤਾ ਸੀ ਤੋਂ ਸਪਸ਼ਟ ਹੈ ਕਿ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਹੀ ਇਹ ਸਭ ਕੁਝ ਵਾਪਰਿਆ ਹੈ।ਉਨ੍ਹਾਂ ਕਿਹਾ ਕਿ ਇਸ ਸੰਸਥਾ ਦੇ ਸਮਾਗਮ ਕਰਨ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮਨਾਹੀ ਹੈ।ਇਸ ਲਈ ਅਜਿਹੇ ਸਮਾਗਮ ਜੋ ਸੂਬੇ ਅੰਦਰ ਅਸ਼ਾਂਤੀ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਉਨ੍ਹਾਂ ਨੂੰ ਕਦਾਚਿਤ ਵੀ ਕਰਨ ਦੀ ਆਗਿਆ ਨਹੀਂ ਦੇਣੀ ਚਾਹੀਦੀ।