ਫ਼ਤਹਿਗੜ੍ਹ ਸਾਹਿਬ – “ਹਿੰਦ ਦੇ ਵੱਡੀ ਗਿਣਤੀ ਵਿਚ ਸਿਆਸਤਦਾਨ, ਉਦਯੋਗਪਤੀਆਂ ਅਤੇ ਉੱਚ ਅਫ਼ਸਰਸ਼ਾਹੀ ਨੇ ਗੈਰ ਇਖ਼ਲਾਕੀ ਅਤੇ ਗੈਰ ਕਾਨੂੰਨੀ ਢੰਗਾਂ ਨਾਲ ਕਰੋੜਾਂ-ਅਰਬਾਂ ਰੁਪਏ ਦੇ ਧਨ-ਦੌਲਤ ਦੇ ਭੰਡਾਰ ਇਕੱਤਰ ਕਰਕੇ ਵਿਦੇਸ਼ੀ ਬੈਂਕਾ ਦੇ ਗੁਪਤ ਖਾਤਿਆਂ ਵਿਚ ਜਮ੍ਹਾ ਕਰਵਾ ਰੱਖੇ ਸਨ । ਉਸ ਕਾਲੇ ਧਨ ਨੂੰ ਹਿੰਦ ਵਿਚ ਲਿਆਉਣ ਲਈ ਬੀਜੇਪੀ ਦੇ ਸੀਨੀਅਰ ਆਗੂ ਅਤੇ ਸੁਪਰੀਮ ਕੋਰਟ ਦੇ ਹਰਮਨ ਪਿਆਰੇ ਸੀਨੀਅਰ ਐਡਵੋਕੇਟ ਸ੍ਰੀ ਜੇਠ ਮਿਲਾਨੀ ਨੇ ਬੀਜੇਪੀ ਦੀ ਪਾਰਟੀ ਦੀ ਸੋਚ ਅਤੇ ਹੋਰ ਵਲਗਣਾਂ ਤੋ ਉਪਰ ਉੱਠਕੇ ਇਹ ਇਨਸਾਨੀ ਜਿੰਮੇਵਾਰੀ ਲਈ ਆਵਾਜ਼ ਬੁਲੰਦ ਕੀਤੀ ਸੀ । ਪਰ ਬੀਜੇਪੀ ਦੀ ਮੋਦੀ ਹਕੂਮਤ ਨੇ ਕੇਵਲ ਗੋਗਲੂਆਂ ਤੋ ਮਿੱਟੀ ਝਾੜਨ ਦੀ ਕਾਰਵਾਈ ਕਰਦੇ ਹੋਏ ਵਿਦੇਸ਼ੀ ਬੈਂਕਾ ਦੇ ਖਾਤੇਦਾਰਾਂ ਦੇ 5-7 ਨਾਮ ਨਸਰ ਕਰਕੇ ਅਸਲੀਅਤ ਵਿਚ ਹਿੰਦ ਦੇ ਨਿਵਾਸੀਆਂ ਨਾਲ ਧੋਖੇ-ਫਰੇਬ ਕਰਨ ਵਾਲਿਆਂ ਨੂੰ ਬਚਾਉਣ ਦੇ ਦੁੱਖਦਾਇਕ ਅਮਲ ਕੀਤੇ ਹਨ । ਜਦੋ ਕਿ 500 ਦੇ ਕਰੀਬ ਅਜਿਹੇ ਖਾਤੇਦਾਰ ਹਨ, ਜਿਨ੍ਹਾਂ ਨੇ ਗੈਰ ਕਾਨੂੰਨੀ ਤਰੀਕੇ ਵਿਦੇਸ਼ੀ ਬੈਂਕਾ ਵਿਚ ਇਥੋ ਧਨ-ਦੌਲਤ ਲੁੱਟਕੇ ਜਮ੍ਹਾ ਕਰਵਾਏ ਹੋਏ ਹਨ । ਜੋ ਸੁਪਰੀਮ ਕੋਰਟ ਦੇ ਤਿੰਨ ਜੱਜੀ ਬੈਂਚ ਨੇ ਹਿੰਦ ਹਕੂਮਤ ਦੀ ਮੰਦਭਾਵਨਾ ਭਰੀ ਸੋਚ ਨੂੰ ਮੰਨਣ ਤੋ ਇਨਕਾਰ ਕਰਦੇ ਹੋਏ ਸਮੁੱਚੇ ਵਿਦੇਸ਼ੀ ਬੈਂਕਾ ਦੇ ਖ਼ਾਤਾਦਾਰਾਂ ਦੇ ਨਾਮ ਦੀ ਸੂਚੀ ਸੁਪਰੀਮ ਕੋਰਟ ਨੂੰ ਦੇਣ ਦਾ ਫੈਸਲਾ ਕੀਤਾ ਹੈ, ਇਹ ਫੈਸਲਾ ਇਨਸਾਫ਼ ਤੇ ਮਨੁੱਖਤਾ ਪੱਖੀ ਹੈ। ਜਿਸ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਰਪੂਰ ਸਵਾਗਤ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਰਾਮ ਜੇਠ ਮਿਲਾਨੀ ਵੱਲੋ ਉੱਚੇ-ਸੁੱਚੇ ਇਖ਼ਲਾਕੀ ਕਦਰਾ-ਕੀਮਤਾ ਨੂੰ ਕਾਇਮ ਰੱਖਣ ਹਿੱਤ ਨਿਭਾਈ ਗਈ ਸਮਾਜਿਕ ਅਤੇ ਇਨਸਾਨੀਅਤ ਪੱਖੀ ਜਿੰਮੇਵਾਰੀ ਦੀ ਭਰਪੂਰ ਪ੍ਰਸ਼ੰਸਾਂ ਕਰਦੇ ਹੋਏ ਅਤੇ ਹਿੰਦ ਹਕੂਮਤ ਵੱਲੋ ਉਹਨਾਂ ਦੋਸ਼ੀਆਂ ਨੂੰ ਬਚਾਉਣ ਦੇ ਕੀਤੇ ਜਾ ਰਹੇ ਅਮਲਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸ੍ਰੀ ਜੇਠ ਮਿਲਾਨੀ ਜੀ ਨੇ ਹਮੇਸ਼ਾਂ ਹੀ ਅਜਿਹੇ ਅਮਲ ਕੀਤੇ ਹਨ, ਜਿਸ ਨਾਲ ਸਮਾਜ, ਦੇਸ਼ ਤੇ ਮਨੁੱਖਤਾ ਦੀ ਬਿਹਤਰੀ ਹੋਵੇ । ਜੇਕਰ ਅੱਜ ਕੋਈ ਉਹਨਾਂ ਵੱਲੋ ਵਿਦੇਸ਼ੀ ਬੈਂਕਾ ਦੇ ਧਨ ਨੂੰ ਵਾਪਸ ਲਿਆਉਣ ਦੇ ਮੁੱਦੇ ਨੂੰ ਆਪਣੇ ਨਾਲ ਜੋੜਕੇ ਹੀਰੋ ਬਣਨਾ ਚਾਹੇ ਤਾਂ ਉਹ ਇਨਸਾਨ ਜਾਂ ਕੋਈ ਪਾਰਟੀ ਸ੍ਰੀ ਰਾਮ ਜੇਠ ਮਿਲਾਨੀ ਜੀ ਦੇ ਉੱਚੇ-ਸੁੱਚੇ ਇਖ਼ਲਾਕ ਅੱਗੇ ਕਤਈ ਨਹੀਂ ਖੜ੍ਹ ਸਕੇਗੀ । ਉਹਨਾਂ ਇਕ ਹੋਰ ਸੱਚ ਤੋ ਹਿੰਦ ਨਿਵਾਸੀਆਂ ਨੂੰ ਜਾਣੂ ਕਰਵਾਉਦੇ ਹੋਏ ਕਿਹਾ ਕਿ ਜਦੋ ਹਿੰਦ ਹਕੂਮਤ ਵੱਲੋ ਮੇਰੇ ਉਤੇ ਬਣਾਏ ਗਏ ਸਾਜ਼ਸੀ ਝੂਠੇ ਕੇਸਾਂ ਅਧੀਨ ਮੈਂ ਜੇਲ੍ਹ ਵਿਚ ਬੰਦੀ ਸੀ, ਤਾਂ ਵੀ ਸ੍ਰੀ ਰਾਜ ਜੇਠ ਮਿਲਾਨੀ ਜੀ ਨੇ, ਜੋ ਕਿ ਉਸ ਸਮੇਂ ਸੈਟਰ ਦੀ ਬੀਜੇਪੀ ਦੀ ਵਾਜਪਾਈ ਹਕੂਮਤ ਵਿਚ ਵਜੀਰ ਸਨ, ਉਹਨਾਂ ਨੇ ਮੇਰੇ ਨਾਲ ਹੋ ਰਹੀ ਬੇਇਨਸਾਫ਼ੀ ਅਤੇ ਜ਼ਬਰ-ਜੁਲਮ ਨੂੰ ਮੁੱਖ ਰੱਖਦੇ ਹੋਏ ਪਾਰਟੀ ਵਲਗਣਾਂ ਤੋ ਉਪਰ ਉੱਠਕੇ ਇਨਸਾਨੀਅਤ ਦੇ ਤੌਰ ਤੇ ਮੇਰੇ ਕੇਸ ਦੀ ਦ੍ਰਿੜਤਾ ਨਾਲ ਪੈਰਵੀ ਵੀ ਕੀਤੀ ਅਤੇ ਮੈਨੂੰ ਹਿੰਦ ਹਕੂਮਤ ਦੀਆਂ ਕਾਲ ਕੋਠੜੀ ਦੀਆਂ ਜੇਲ੍ਹਾਂ ਵਿਚ ਰਿਹਾਅ ਕਰਵਾਉਣ ਲਈ ਵੱਡੀ ਜਿ਼ੰਮੇਵਾਰੀ ਨਿਭਾਈ । ਜਦੋਕਿ ਉਹਨਾਂ ਨੂੰ ਅਜਿਹਾ ਕਰਨ ਦੀ ਬਦੌਲਤ ਆਪਣੀ ਵਿਜ਼ਾਰਤ ਤੋ ਵੀ ਤਿਆਗ ਪੱਤਰ ਦੇਣਾ ਪਿਆ । ਕਿਉਂਕਿ ਬੀਜੇਪੀ ਦੇ ਆਗੂ ਮੇਰਾ ਕੇਸ ਲੈਣ ਤੋ ਸ੍ਰੀ ਜੇਠ ਮਿਲਾਨੀ ਜੀ ਨਾਲ ਖਫਾ ਸਨ ਅਤੇ ਦਬਾਅ ਪਾ ਰਹੇ ਸਨ ਕਿ ਸ. ਮਾਨ ਦੇ ਕੇਸ ਦੀ ਪੈਰਵੀ ਨਾ ਕੀਤੀ ਜਾਵੇ । ਪਰ ਉਹਨਾਂ ਨੇ ਆਪਣੀਆਂ ਵਜ਼ੀਰੀਆਂ ਅਤੇ ਹੋਰ ਉੱਚ ਰੁਤਬਿਆਂ ਨੂੰ ਲੱਤ ਮਾਰਕੇ ਮੇਰੇ ਲਈ ਇਨਸਾਨੀ ਜਿੰਮੇਵਾਰੀ ਨੂੰ ਬਾਖੂਬੀ ਪੂਰਨ ਕੀਤਾ । ਅਜਿਹੇ ਅਮਲਾਂ ਦੀ ਬਦੌਲਤ ਹੀ ਸ੍ਰੀ ਰਾਮ ਜੇਠ ਮਿਲਾਨੀ ਜੀ ਬੀਜੇਪੀ ਜਮਾਤ ਵਿਚ ਹੁੰਦੇ ਹੋਏ ਵੀ ਇਕ ਵੱਖਰੇ ਧਰੂਹ ਤਾਰੇ ਦੀ ਤਰ੍ਹਾਂ ਚਮਕਦੇ ਹਨ ਅਤੇ ਹਰ ਵਰਗ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ ।
ਸ. ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿਚ ਸ੍ਰੀ ਰਾਮ ਜੇਠ ਮਿਲਾਨੀ ਜੀ ਵੱਲੋ ਕਾਲੇ ਧਨ ਦੇ ਸੱਚ ਨੂੰ ਸਾਹਮਣੇ ਲਿਆਉਣ ਦੇ ਕੀਤੇ ਗਏ ਉਦਮਾਂ ਅਤੇ ਹੁਣ ਉਸੇ ਲੀਹ ਤੇ ਚੱਲਦੇ ਹੋਏ ਸੁਪਰੀਮ ਕੋਰਟ ਦੇ ਤਿੰਨ ਜੱਜੀ ਬੈਂਚ ਨੇ ਇਥੋ ਦੇ ਨਿਵਾਸੀਆਂ ਦੇ 500 ਉਹਨਾਂ ਕਾਨੂੰਨੀ ਦੋਸ਼ੀ, ਜਿਨ੍ਹਾਂ ਨੇ ਧੋਖੇ-ਫਰੇਬ ਅਤੇ ਰਿਸਵਤਖੋਰੀ ਰਾਹੀ ਧਨ-ਦੌਲਤਾ ਇਕੱਤਰ ਕਰਕੇ ਵਿਦੇਸ਼ੀ ਬੈਂਕਾ ਵਿਚ ਜਮ੍ਹਾ ਕਰਵਾਏ ਹਨ, ਉਹਨਾਂ ਨੂੰ ਕਾਨੂੰਨੀ ਤੌਰ ਤੇ ਸਹੀ ਦਿਸ਼ਾ ਵੱਲ ਘੇਰਨ, ਸਜ਼ਾ ਦੇਣ ਅਤੇ ਉਹਨਾਂ ਦਾ ਕਾਲਾ ਧਨ ਇਥੇ ਵਾਪਸ ਲਿਆਕੇ ਇਥੋ ਦੇ ਨਿਵਾਸੀਆਂ ਦੀ ਬਿਹਤਰੀ ਲਈ ਖ਼ਰਚ ਕਰਨ ਦੇ ਕੀਤੇ ਜਾ ਰਹੇ ਉਦਮਾਂ ਦੀ ਭਰਪੂਰ ਸੰਲਾਘਾ ਕਰਦੇ ਹੋਏ ਕਿਹਾ ਕਿ ਸਮੁੱਚੇ ਵਰਗਾਂ ਨੂੰ ਉੱਚੇ-ਸੁੱਚੇ ਇਖ਼ਲਾਕ ਵਾਲੇ ਅਮਲਾਂ ਉਤੇ ਪਹਿਰਾ ਦੇਣ ਵਾਲੀਆਂ ਸਖਸ਼ੀਅਤਾਂ ਦੀ ਪਿੱਠ ਤੇ ਚਟਾਨ ਵਾਂਗ ਖਲੋ ਜਾਣਾ ਚਾਹੀਦਾ ਹੈ ਤਾਂ ਕਿ ਇਥੋ ਦੇ ਬੇਈਮਾਨ, ਰਿਸਵਤਖੋਰ ਅਤੇ ਜਨਤਾ ਨਾਲ ਧੋਖੇ-ਫਰੇਬ ਕਰਨ ਵਾਲੇ ਹੁਕਮਰਾਨਾਂ ਅਤੇ ਸਿਆਸਤਦਾਨਾਂ ਤੋ ਖਹਿੜਾ ਛੁਡਵਾਇਆ ਜਾ ਸਕੇ ਅਤੇ ਇਥੋ ਦੀ ਹਕੂਮਤ ਉਤੇ ਸ੍ਰੀ ਰਾਮ ਜੇਠ ਮਿਲਾਨੀ ਵਰਗੀਆਂ ਸੱਚ-ਹੱਕ ਤੇ ਪਹਿਰਾ ਦੇਣ ਵਾਲੀਆਂ ਸਖਸ਼ੀਅਤਾਂ ਨੂੰ ਬਿਠਾਕੇ ਇਥੋ ਦੀ ਮਾਲੀ, ਸਮਾਜਿਕ, ਇਖ਼ਲਾਕੀ ਤੇ ਸੱਭਿਆਚਾਰਕ ਹਾਲਤ ਨੂੰ ਮਜ਼ਬੂਤ ਕੀਤਾ ਜਾ ਸਕੇ ।