ਨਵੀਂ ਦਿੱਲੀ : ਨਵੰਬਰ 1984 ‘ਚ ਮਾਰੇ ਗਏ ਨਿਰਦੋਸ਼ ਸਿੱਖਾਂ ਅਤੇ ਉਦੋ ਸਿੱਖਾਂ ਨੂੰ ਬਚਾਉਣ ਵਾਲੇ ਲੋਕਾਂ ਨੂੰ ਸਮਰਪਤਿ “ਨਵੰਬਰ 1984 ਸਿੱਖ ਕਤਲੇਆਮ ਯਾਦਗਾਰ” ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹਜ਼ਾਰਾਂ ਸੰਗਤਾਂ ਦੀ ਮੌਜੂਦਗੀ ‘ਚ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਰੱਖਿਆਂ ਅਤੇ ਖਜਾਨਾ ਮੰਤਰੀ ਅਰੂਣ ਜੇਤਲੀ, ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ, ਨਿਹੰਗ ਜਥੇਬੰਦੀ ਬਾਬਾ ਬੁੱਡਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ ਅਤੇ ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਨੇ ਟਕ ਲਗਾਉਣ ਵੇਲ੍ਹੇ ਹੱਥੀ ਕਾਰਸੇਵਾ ਕੀਤੀ।
ਉਸ ਤੋਂ ਪਹਿਲੇ ਹੋਏ ਪੰਥਕ ਇਕੱਠ ‘ਚ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਦੇ ਦਿੰਨ ਨੂੰ ਦੁਖਦਾਈ ਅਤੇ ਇਤਿਹਾਸਕ ਦੱਸਦੇ ਹੋਏ ਆਜ਼ਾਦੀ ਤੋਂ ਪਹਿਲੇ ਸਿੱਖਾਂ ਨਾਲ ਹੋਏ ਦੋ ਘਲੁਘਾਰਿਆਂ ਦੀਆਂ ਯਾਦਗਾਰਾਂ ਪੰਜਾਬ ਸਰਕਾਰ ਵੱਲੋਂ ਬਨਾਉਣ ਦੀ ਜਾਣਕਾਰੀ ਦੇਣ ਦੇ ਨਾਲ ਹੀ ਦਿੱਲੀ ਕਮੇਟੀ ਵੱਲੋਂ ਨਵੰਬਰ 1984 ਦੀ ਨਸਲਕੁਸ਼ੀ ਦੀ ਯਾਦਗਾਰ ਸਥਾਪਿਤ ਕਰਣ ਤੇ ਵਧਾਈ ਵੀ ਦਿੱਤੀ। ਬਾਦਲ ਨੇ ਸੰਗਤਾਂ ਨੂੰ ਸੁਰਲੀਬਾਜ ਸਿਆਸਤਦਾਨਾਂ ਤੋਂ ਸੁਚੇਤ ਰਹਿੰਦੇ ਹੋਏ ਕੌਮ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀਆਂ ਬਾਵ੍ਹਾਂ ਮਜ਼ਬੂਤ ਕਰਕੇ ਪੰਥ ‘ਚ ਏਕਤਾ ਅਤੇ ਇਤਫਾਕ ਕਾਯਮ ਕਰਨ ਦੀ ਵੀ ਅਪੀਲ ਕੀਤੀ। ਕਾਂਗਰਸ ਤੇ 1984 ‘ਚ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦਾ ਕਤਲ ਕਰਦੇ ਹੋਏ ਕਾਤਿਲਾਂ ਨੂੰ ਵਜੀਰੀਆਂ ਬਖਸ਼ ਕੇ ਬਚਾਉਣ ਦਾ ਵੀ ਬਾਦਲ ਨੇ ਦੋਸ਼ ਲਗਾਇਆ। ਸਿੱਖ ਕੌਮ ਨੂੰ ਗੈਰਤ ਵਾਲੀ ਕੌਮ ਦੱਸਦੇ ਹੋਏ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਇਸ ਯਾਦਗਾਰ ਨੂੰ ਬਨਾਉਣ ਵਾਸਤੇ ਕੀਤੀਆਂ ਗਈਆਂ ਕੋਸ਼ਿਸ਼ਾਂ ਵਾਸਤੇ ਬਾਦਲ ਨੇ ਜੀ.ਕੇ. ਨੂੰ ਕੌਮ ਦਾ ਹੋਨਹਾਰ ਲੜਕਾ ਵੀ ਦੱਸਿਆ। ਉਨ੍ਹਾਂ ਵਿਅੰਗ ਕੀਤਾ ਕਿ ਅੱਜ ਕਲ ਅਕਾਲੀ ਦਲ ‘ਚ ਆਉਣ ਵਾਲੇ ਆਗੂ ਆਉਂਦੇ ਹੀ ਚੇਅਰਮੈਨੀਆਂ ਭਾਲਦੇ ਹਨ ਪਰ ਜੀ.ਕੇ. ਜਿਸ ਪਰਿਵਾਰ ਤੋਂ ਸਬੰਧ ਰੱਖਦੇ ਹਨ, ਉਸ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਭੁੱਲਿਆਂ ਨਹੀਂ ਜਾ ਸਕਦਾ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 1984 ਦੇ ਇਸ ਸਾਕੇ ਨੂੰ ਨਾ ਭੁੱਲਣ ਦੀ ਗੱਲ ਕਰਦੇ ਹੋਏ ਦਾਅਵਾ ਕੀਤਾ ਕਿ ਕੌਮ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ 1984 ‘ਚ ਸਿੱਖਾਂ ਦਾ ਕਤਲ ਕਿਸਨੇ ਕੀਤਾ ਸੀ। ਸ਼੍ਰੋਮਣੀ ਕਮੇਟੀ ਨੂੰ ਤੋੜਨ ਦਾ ਦੋਸ਼ ਕਾਂਗਰਸ ਪਾਰਟੀ ਤੇ ਲਗਾਉਂਦੇ ਹੋਏ ਉਨ੍ਹਾਂ ਨੇ ਹਰਿਆਣਾ ਵਿਧਾਨਸਭਾ ਚੋਣਾਂ ਦੋੌਰਾਨ ਬਹੁ ਸਿੱਖ ਵੱਸੋ ਵਾਲੇ ਇਲਾਕਿਆਂ ‘ਚ ਇਸੇ ਕਰਕੇ ਹੀ ਕਾਂਗਰਸ ਉਮੀਦਵਾਰਾਂ ਦੇ ਤੀਜੇ ਨੰਬਰ ਤੇ ਆਉਣ ਜਾਂ ਜਮਾਨਤਾਂ ਜਪਤ ਹੋਣ ਦਾ ਵੀ ਦਾਅਵਾ ਕੀਤਾ। ਕਾਤਿਲਾਂ ਨੂੰ ਸਜਾਵਾਂ ਦਿਵਾਉਣ ਤੱਕ ਅਕਾਲੀ ਦਲ ਵੱਲੋਂ ਲੜਾਈ ਜਾਰੀ ਰੱਖਣ ਦਾ ਵੀ ਉਨ੍ਹਾਂ ਨੇ ਸੰਗਤਾਂ ਨੂੰ ਵਾਇਦਾ ਕੀਤਾ। ਦਿੱਲੀ ਕਮੇਟੀ ਵੱਲੋਂ ਇਸ ਯਾਦਗਾਰ ਨੂੰ ਬਨਾਉਣ ਦੇ ਕੀਤੇ ਗਏ ਉਪਰਾਲੇ ਦੀ ਵੀ ਉਨ੍ਹਾਂ ਨੇ ਸ਼ਲਾਘਾ ਕਰਦੇ ਹੋਏ ਦਿੱਲੀ ਆਉਣ ਵੇਲ੍ਹੇ ਸੰਸਾਰ ਭਰ ਦੇ ਸਿੱਖਾਂ ਨੂੰ ਇਸ ਯਾਦਗਾਰ ਦੇ ਦਰਸ਼ਨ ਆਪਣੇ ਬੱਚਿਆਂ ਨੂੰ ਕਰਵਾਉਣ ਦੀ ਵੀ ਅਪੀਲ ਕੀਤੀ ਤਾਂਕਿ ਨਵੀਂ ਪਨੀਰੀ ਨੂੰ ਸਿੱਖਾਂ ਤੇ ਹੋਏ ਜ਼ੁਲਮ ਦੀ ਜਾਣਕਾਰੀ ਮਿਲ ਸਕੇ।
ਸਟੇਜ ਦੀ ਸੇਵਾ ਸੰਭਾਲ ਰਹੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਯਾਦਗਾਰ ਦੀ ਰੁੂਪ-ਰੇਖਾ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਇਹ ਯਾਦਗਾਰ ਦੀਵਾਰਨੂਮਾ ਹੋਵੇਗੀ ਤੇ ਦੀਵਾਰ ਤੇ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੇ ਨਾਂ ਲਿੱਖੇ ਜਾਣਗੇ ਅਤੇ ਇਸ ਦੀਵਾਰ ਨੂੰ “ਹੰਝੂਆਂ ਦੀ ਦੀਵਾਰ” ਵਜੋਂ ਜਾਣਿਆ ਜਾਵੇਗਾ ਤੇ ਪਾਣੀ ਦੇ ਫਵਾਰੇ ਵਿਚਕਾਰ ਇਕ ਲੇਜ਼ਰ ਲਾਈਟ ਲਗੇਗੀ ਜਿਸ ਦੀ ਰੋਸ਼ਨੀ ਦੀ ਦੂਰੀ ਆਸਮਾਨ ਵੱਲ 5 ਮੀਲ ਤੱਕ ਹੋਵੇਗੀ ਤਾਂਕਿ ਦਿੱਲੀ ਦੇ ਵਸਨੀਕਾਂ ਨੂੰ ਰਾਤ ਵੇਲ੍ਹੇ ਇਹ ਰੋਸ਼ਨੀ ਦਿੱਲੀ ‘ਚ ਹੋਏ ਸਿੱਖ ਕਤਲੇਆਮ ਦੀ ਯਾਦ ਦਿਵਾਉਂਦੀ ਰਹੇ। ਇਸ ਯਾਦਗਾਰ ਤੇ “ਇੰਸਾਫ ਦੀ ਉਡੀਕ” ਲਾਈਨ ਵੀ ਲਿੱਖੀ ਜਾਵੇਗੀ। ਇਸ ਯਾਦਗਾਰ ਦਾ ਡਿਜ਼ਾਈਨ ਰੇਨੂ ਖੱਨਾ ਐਂਡ ਐਸੋਸੀਏਟ ਵੱਲੋਂ ਤਿਆਰ ਕੀਤਾ ਗਿਆ ਹੈ ਜੋ ਕਿ ਪਹਿਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਦਾ ਪੰਜਾਬ ‘ਚ ਮਾਡਲ ਤਿਆਰ ਕਰ ਚੁੱਕੇ ਹਨ।
ਜਥੇਦਾਰ ਅਕਾਲ ਤਖ਼ਤ ਨੇ ਇਸ ਮੋੌਕੇ ਯਾਦਗਾਰ ਨੂੰ ਬਨਾਉਣ ਦੇ ਦੋ ਮਕਸਦਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਪਹਿਲਾਂ ਤਾਂ ਜਦੋ ਸੈਲਾਨੀ ਇਸ ਸਥਾਨ ਤੇ ਦਰਸ਼ਨ ਕਰਨ ਆਉਣਗੇ ਤੇ ਉਹ ਲਾਨਤ ਭਰੀ ਚਪੇੜ ਜਾਲਮ ਸਰਕਾਰ ਦੇ ਨਾਂ ਹੋਵੇਗੀ ਤੇ ਦੂਜਾ ਉਨ੍ਹਾਂ ਦੇ ਮੰਨਾ ਵਿਚੋ ਜੋ ਹੁੂਕ ਨਿਕਲੇਗੀ ਉਹ ਨਿਰਦੋਸ਼ ਮਾਰੇ ਗਏ ਲੋਕਾਂ ਦੀ ਅਰਦਾਸ ‘ਚ ਸਹਾਈ ਹੋਵੇਗੀ। ਸਾਬਕਾ ਮੈਂਬਰ ਪਾਰਲੀਮੈਂਟ ਤ੍ਰਿਲੋਚਨ ਸਿੰਘ ਨੇ ਇਸ ਨਸਲਕੁੂਸ਼ੀ ਬਾਰੇ ਕਈ ਸਵਾਲ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਸਰਕਾਰ ਦੇ ਰਿਕਾਰਡ ਚੋਂ ਲਭਣ ਦੀ ਸਲਾਹ ਵੀ ਦਿੱਤੀ। ਜਿਸ ਵਿਚ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਤਰੱਕੀਆਂ, 2 ਨਵੰਬਰ 1984 ਨੂੰ ਦਿੱਲੀ ਦੀ ਬਜਾਏ ਮੇਰਠ ਤੋਂ ਫੌਜ ਬੁਲਾਉਣਾ, ਦਰਬਾਰ ਸਾਹਿਬ ਦੇ ਹਮਲੇ ਦੌਰਾਨ ਬਾਹਰ ਦੁਸ਼ਮਣ ਇਲਾਕਾ ਲਿੱਖਣਾ, ਸਾਕਾ ਨੀਲਾ ਤਾਰਾ ਨੂੰ ਅੰਜਾਮ ਦੇਣ ਵਾਲੇ 11 ਫੌਜੀ ਅਫ਼ਸਰਾਂ ਨੂੰ ਜੰਗ ਜਿੱਤਣ ਦਾ ਸਨਮਾਨ ਦੇਣਾ ਆਦਿਕ ਸ਼ਾਮਿਲ ਸਨ।
ਬਾਬਾ ਹਰਨਾਮ ਸਿੰਘ, ਬਾਬਾ ਬਲਬੀਰ ਸਿੰਘ, ਦਿੱਲੀ ਭਾਜਪਾ ਪ੍ਰਧਾਨ ਸਤੀਸ਼ ਉਪਾਧੇ, ਲੋਕਸਭਾ ਮੈਂਬਰ ਮੀਨਾਕਸ਼ੀ ਲੇਖੀ ਅਤੇ ਹੋਰ ਪੰਥਕ ਸ਼ਖਸੀਅਤਾਂ ਨੇ ਵੀ ਦਿੱਲੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। 1984 ਤੋਂ ਸਿੱਖਾਂ ਦੀ ਮਦਦ ਕਰ ਰਹੀ ਸਮਤਾ ਪਾਰਟੀ ਦੀ ਬੀਬੀ ਜੈ ਜੇਤਲੀ, ਪੱਤਰਕਾਰ ਹਰਮਿੰਦਰ ਕੌਰ ਅਤੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਦਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਸੀਨੀਅਰ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ ਅਤੇ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਵੱਲੋਂ ਆਏ ਹੋਏ ਸਾਰੇ ਪੱਤਵੰਤਿਆਂ ਸਣੇ ਸਿਰੋਪਾਓ ਅਤੇ ਸ਼ਾਲ ਦੇਕੇ ਸਨਮਾਨਿਤ ਕੀਤਾ ਗਿਆ।
ਸਕੂਲੀ ਬੱਚਿਆਂ ਨੇ ਯਾਦਗਾਰ ਵਾਲੇ ਸਥਾਨ ਤੇ ਗੁਲਾਬ ਦੇ ਫੂੱਲਾਂ ਰਾਹੀਂ ਸ਼ਰਧਾ ਦੇ ਫੂੱਲ ਵੀ ਭੇਂਟ ਕੀਤੇ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਪਰਮਜੀਤ ਸਿੰਘ ਰਾਣਾ, ਜਸਬੀਰ ਸਿੰਘ ਜੱਸੀ, ਚਮਨ ਸਿੰਘ, ਇੰਦਰਜੀਤ ਸਿੰਘ ਮੌਂਟੀ, ਗੁਰਵਿੰਦਰ ਪਾਲ ਸਿੰਘ, ਜੀਤ ਸਿੰਘ ਖੋਖਰ, ਸਮਰਦੀਪ ਸਿੰਘ ਸੰਨੀ ਸਣੇ ਸਾਰੇ ਕਮੇਟੀ ਮੈਂਬਰ ਮੌਜੂਦ ਸਨ।
ਦਿੱਲੀ ਕਮੇਟੀ ਵੱਲੋਂ 1984 ਦੀ ਯਾਦਗਾਰ ਦੇ ਨਿਰਮਾਣ ਕਾਰਜਾਂ ਦੀ ਕੀਤੀ ਗਈ ਸ਼ੁਰੂਆਤ
This entry was posted in ਭਾਰਤ.