ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਆਯੋਜਿਤ ਯੁਵਕ ਮੇਲਾ ਅੱਜ ਰਸਮੀ ਤੌਰ ਤੇ ਧੂਮ ਧੜੱਕੇ ਨਾਲ ਆਰੰਭ ਹੋਇਆ । ਉਦਘਾਟਨੀ ਸਮਾਰੋਹ ਵਿੱਚ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿਧਾਨ ਸਭਾ ਮੈਂਬਰ ਸ੍ਰੀਮਤੀ ਸੁਰੱਈਆ ਨਸੀਮ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਸਲਾਹਕਾਰ ਸ. ਮਹੇਸ਼ਇੰਦਰ ਸਿੰਘ ਗਰੇਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕੀਤੀ ।
ਵਿਦਿਆਰਥੀਆਂ, ਕਰਮਚਾਰੀਆਂ ਅਤੇ ਸਾਇੰਸਦਾਨਾਂ ਦੇ ਨਾਲ ਖਚਾਖਚ ਭਰੇ ਓਪਨ ਏਅਰ ਥੀਏਟਰ ਵਿੱਚ ਸੰਬੋਧਨ ਕਰਦਿਆਂ ਮੈਡਮ ਨਸੀਮ ਨੇ ਕਿਹਾ ਕਿ ਇਸ ਪੰਜਾਬ ਦੀ ਮਿੱਟੀ ਦੇ ਨਾਲ ਉਨ੍ਹਾਂ ਦੀ ਪੀਡੀ ਸਾਂਝ ਹੈ ਅਤੇ ਉਹ ਇਸ ਪੰਜਾਬ ਵਿੱਚ ਆ ਕੇ ਆਪਣੇ ਦੇਸ਼ ਵਾਂਗੂੰ ਨਿੱਘ ਮਹਿਸੂਸ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਦੋਹਾਂ ਪੰਜਾਬਾਂ ਵਿੱਚ ਸਭਿਆਚਾਰ, ਕਲਾ, ਰਹਿਣ-ਸਹਿਣ, ਖਾਣ-ਪੀਣ, ਵਰਤਾਰੇ ਦੀਆਂ ਅਨੇਕਾਂ ਸਾਂਝਾਂ ਹਨ । ਉਨ੍ਹਾਂ ਵਿਦਿਆਰਥੀਆਂ ਵੱਲੋਂ ਦਿਖਾਈਆਂ ਗਈਆਂ ਵੱਖ ਵੱਖ ਝਾਕੀਆਂ ਨੂੰ ਸਾਂਝੇ ਸਭਿਆਚਾਰ ਦਾ ਨਿਚੋੜ ਦੱਸਦਿਆਂ ਕਿਹਾ ਕਿ ਸਾਡਾ ਸਾਂਝਾ ਸਭਿਆਚਾਰ ਸਮਾਜਿਕ ਕੁਰੀਤੀਆਂ ਨੂੰ ਠੱਲ੍ਹ ਪਾਉਣ ਦਾ ਸੁਨੇਹਾ ਵੀ ਦਿੰਦਾ ਹੈ । ਇਸ ਮੌਕੇ ਮੈਡਮ ਨਸੀਮ ਦੇ ਨਾਲ ਉਨ੍ਹਾਂ ਦੀਆਂ ਦੋ ਪੁੱਤਰੀਆਂ ਵੀ ਹਾਜ਼ਰ ਸਨ । ਸ. ਗਰੇਵਾਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਨੂੰ ਆਪਣੀ ਸੋਚ ਹਮੇਸ਼ਾਂ ਉਸਾਰੂ ਕਾਰਜਾਂ ਵਿੱਚ ਲਗਾਉਣੀ ਚਾਹੀਦੀ ਹੈ । ਇਸ ਨਾਲ ਅਸੀਂ ਆਪ ਖੁਦ ਤਰੱਕੀ ਦੇ ਰਾਹ ਤੇ ਤੁਰਾਂਗੇ ਅਤੇ ਉਸ ਦੇ ਨਾਲ ਹੀ ਅਸੀਂ ਆਪਣੇ ਸਮਾਜ ਨੂੰ ਵੀ ਵਿਕਾਸ ਦੇ ਰਾਹ ਤੋਰ ਸਕਦੇ ਹਾਂ । ਉਨ੍ਹਾਂ ਨਸ਼ਾਖੋਰੀ, ਭਰੂਣ ਹੱਤਿਆ, ਦਾਜ ਪ੍ਰਥਾ ਆਦਿ ਸਮੱਸਿਆਵਾਂ ਤੇ ਠੱਲ੍ਹ ਪਾਉਣ ਲਈ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣ ਲਈ ਕਿਹਾ।
ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਡਾ. ਢਿੱਲੋਂ ਨੇ ਬੋਲਦਿਆਂ ਕਿਹਾ ਕਿ ਸੱਭ ਤੋਂ ਜਰੂਰੀ ਹੈ – ਖੇਡਾਂ ਅਤੇ ਯੁਵਕ ਗਤੀਵਿਧੀਆਂ ਵਿੱਚ ਭਾਗ ਲੈਣਾ । ਇਸ ਨਾਲ ਅਸੀਂ ਅਨੁਸ਼ਾਸ਼ਨ ਵਿੱਚ ਰਹਿਣਾ ਸਿੱਖਦੇ ਹਾਂ ਅਤੇ ਚੰਗੇ ਕਾਰਜਾਂ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦੀ ਭਾਵਨਾ ਅਜਿਹੇ ਕਲਾਤਮਕ ਕਾਰਜਾਂ ਕਰਕੇ ਹੀ ਸੰਭਵ ਹੋ ਸਕਦੀ ਹੈ । ਇਸ ਤੋਂ ਪਹਿਲਾਂ ਜੀ ਆਇਆਂ ਦੇ ਸ਼ਬਦ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਨੇ ਕਹੇ । ਉਨ੍ਹਾਂ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਜਿੱਥੇ ਨਾਮੀ ਸਾਇੰਸਦਾਨ ਪੈਦਾ ਕੀਤੇ ਹਨ ਉਥੇ ਇਸ ਯੂਨੀਵਰਸਿਟੀ ਨੇ ਕੌਮਾਂਤਰੀ ਪੱਧਰ ਦੇ ਖਿਡਾਰੀ ਅਤੇ ਕਲਾਕਾਰ ਵੀ ਪੈਦਾ ਕੀਤੇ ਹਨ ।
ਇਸ ਮੌਕੇ ਵੱਖ ਵੱਖ ਕਾਲਜਾਂ ਵੱਲੋਂ ਸਭਿਆਚਾਰ ਨੂੰ ਦਰਸਾਉਂਦੀਆਂ ਝਾਕੀਆਂ ਵੀ ਕੱਢੀਆਂ ਗਈਆਂ । ਇਨ੍ਹਾਂ ਝਾਕੀਆਂ ਵਿੱਚ ਵਿਦਿਆਰਥੀਆਂ ਨੇ ਸਮਾਜਿਕ ਅਲਾਮਤਾਵਾਂ, ਸਭਿਆਚਾਰ, ਉਨ੍ਹਾਂ ਦੇ ਸੰਭਵ ਹੱਲ ਆਦਿ ਸੰਬੰਧੀ ਜਾਣਕਾਰੀ ਲੋਕ ਬੋਲੀਆਂ ਰਾਹੀਂ ਪ੍ਰਦਾਨ ਕੀਤੀ । ਓਪਨ ਏਅਰ ਥੀਏਟਰ ਵਿੱਚ ਇਸ ਉਪਰੰਤ ਲੋਕ ਗੀਤ ਮੁਕਾਬਲੇ ਅਤੇ ਕ੍ਰੀਏਟਿਵ ਡਾਂਸ ਦੇ ਮੁਕਾਬਲੇ ਵੀ ਕਰਵਾਏ ਗਏ। ਲੋਕ ਗੀਤ ਦੇ ਮੁਕਾਬਲਿਆਂ ਵਿੱਚ ਪਹਿਲਾ ਅਤੇ ਦੂਜਾ ਸਥਾਨ ਹੋਮ ਸਾਇੰਸ ਕਾਲਜ ਦੀਆਂ ਵਿਦਿਆਰਥਣਾਂ ਸਾਕਸ਼ੀ ਕੌਸ਼ਲ ਅਤੇ ਸੁਮਿਤਾ ਭੱਲਾ ਨੇ ਪ੍ਰਾਪਤ ਕੀਤਾ ਜਦਕਿ ਇਸ ਮੁਕਾਬਲੇ ਵਿੱਚ ਤੀਜਾ ਸਥਾਨ ਐਗਰੀਕਲਚਰਲ ਇੰਜਨੀਅਰਿੰਗ ਕਾਲਜ ਦੀ ਵਿਦਿਆਰਥਣ ਸੁਨੰਦਾ ਨੇ ਪ੍ਰਾਪਤ ਕੀਤਾ । ਇਸੇ ਤਰ੍ਹਾਂ ਕ੍ਰੀਏਟਿਵ ਡਾਂਸ ਮੁਕਾਬਲੇ ਵਿੱਚ ਪਹਿਲਾ ਸਥਾਨ ਕਾਲਜ ਆਫ਼ ਹੋਮ ਸਾਇੰਸ ਦੀ ਜਗਰੀਤ ਕੌਰ ਗਰਚਾ ਨੇ ਪ੍ਰਾਪਤ ਕੀਤਾ ਜਦਕਿ ਦੂਸਰੇ ਸਥਾਨ ਤੇ ਕਾਲਜ ਆਫ਼ ਐਗਰੀਕਲਚਰਲ ਕਾਲਜ ਦੀ ਰੁਪੀਤ ਗਿੱਲ ਨੇ ਪ੍ਰਾਪਤ ਕੀਤਾ । ਇਸ ਮੁਕਾਬਲੇ ਵਿੱਚ ਤੀਜਾ ਸਥਾਨ ਬੇਸਿਕ ਸਾਇੰਸ ਕਾਲਜ ਦੀ ਵਿਦਿਆਰਥਣ ਸ਼ਬਨਮ ਨੇ ਪ੍ਰਾਪਤ ਕੀਤਾ । ਸਭਿਆਚਾਰਕ ਝਲਕੀਆਂ ਵਿੱਚ ਪਹਿਲਾ ਸਥਾਨ ਐਗਰੀਕਲਚਰਲ ਕਾਲਜ ਨੇ, ਦੂਜਾ ਸਥਾਨ ਹੋਮ ਸਾਇੰਸ ਕਾਲਜ ਅਤੇ ਤੀਜਾ ਸਥਾਨ ਬੇਸਿਕ ਸਾਇੰਸ ਕਾਲਜ ਨੇ ਪ੍ਰਾਪਤ ਕੀਤਾ। ਯੁਵਕ ਮੇਲੇ ਦੌਰਾਨ ਆਏ ਵਿਸ਼ੇਸ਼ ਮਹਿਮਾਨਾਂ ਨੂੰ ਇੱਕ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤਾ ਗਿਆ ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਯੁਵਕ ਮੇਲਾ ਰਸਮੀ ਤੌਰ ਤੇ ਅੱਜ ਧੂਮ ਧੜੱਕੇ ਨਾਲ ਆਰੰਭ
This entry was posted in ਪੰਜਾਬ, ਮੁਖੱ ਖ਼ਬਰਾਂ.