ਬਗਦਾਦ – ਇਰਾਕ ਦੇ ਸੁਰੱਖਿਆ ਅਧਿਕਾਰੀਆਂ ਨੇ ਇਸ ਖ਼ਬਰ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਅਮਰੀਕੀ ਸੈਨਾ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਵਿੱਚ ਇਸਲਾਮਿਕ ਸਟੇਟ ਦਾ ਮੁੱਖੀ ਅਬੁ ਬਕਰ ਅਲ-ਬਗਦਾਦੀ ਬੁਰੀ ਤਰ੍ਹਾਂ ਨਾਲ ਜਖਮੀ ਹੋਇਆ ਹੈ। ਉਤਰੀ ਇਰਾਕ ਦੇ ਮੋਸੁਲ ਵਿੱਚ ਲੜਾਕੂ ਜਹਾਜ਼ਾਂ ਨੇ ਆਈਐਸ ਦੇ ਅੱਤਵਾਦੀਆਂ ਦੇ 10 ਵਾਹਨਾਂ ਤੇ ਬੰਬ ਸੁੱਟੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਆਈਐਸਆਈਐਸ ਦੇ ਕਈ ਵੱਡੇ ਨੇਤਾਵਾਂ ਦੀ ਮੌਤ ਹੋ ਗਈ ਹੈ।
ਇਰਾਕ ਦੇ ਗ੍ਰਹਿ ਅਤੇ ਰੱਖਿਆ ਵਿਭਾਗ ਨੇ ਬਗਦਾਦੀ ਦੇ ਗੰਭੀਰ ਰੂਪ ਵਿੱਚ ਜਖਮੀ ਹੋਣ ਦੀ ਪੁਸ਼ਟੀ ਕੀਤੀ ਹੈ।ਸਰਕਾਰੀ ਚੈਨਲਾਂ ਤੇ ਵੀ ਇਹ ਖ਼ਬਰ ਵਿਖਾਈ ਗਈ ਹੈ। ਇੰਟੈਲੀਜੈਂਸ ਦੀ ਰਿਪੋਰਟ ਅਨੁਸਾਰ ਇਸ ਹਮਲੇ ਵਿੱਚ 45 ਅੱਤਵਾਦੀਆਂ ਦੀ ਮੌਤ ਹੋ ਗਈ ਹੈ ਅਤੇ ਕਈ ਬੁਰੀ ਤਰ੍ਹਾਂ ਨਾਲ ਜਖਮੀ ਹੋਏ ਹਨ। ਇਰਾਕੀ ਸਰਕਾਰ ਨੇ ਇਸਲਾਮਿਕ ਸਟੇਟ ਦੇ ਨੇਤਾ ਬਗਦਾਦੀ ਦੇ ਸੱਜਾ ਹੱਥ ਸਮਝੇ ਜਾਂਦੇ ਅਬਦੁਲ ਰਹਿਮਾਨ ਐਲੇਫਰੀ ਦੇ ਮਾਰੇ ਜਾਣ ਦੀ ਵੀ ਪੁਸ਼ਟੀ ਕੀਤੀ ਹੈ। ਇਸਲਾਮਿਕ ਸਟੇਟ ਨੇ ਇਸ ਹਮਲੇ ਵਿੱਚ 11 ਲੜਾਕੂਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਬਗਦਾਦੀ ਦੇ ਮਾਰੇ ਜਾਣ ਅਤੇ ਜਖਮੀ ਹੋਣ ਦੀ ਖ਼ਬਰ ਨੂੰ ਝੂਠਾ ਵੀ ਕਿਹਾ ਜਾ ਰਿਹਾ ਹੈ।